ਨਿਖੜਦੇ ਜਾ ਰਹੇ ਸਨ ਤੇ ਉਹ ਕਿਸੇ ਸਾਧ ਵਾਂਗ ਭਗਤੀ ਵਿੱਚ ਲੀਨ ਸੀ । ਬਗੀਚੀਆਂ ਵਿੱਚ ਵੇਲਾਂ ਬੂਟੇ, ਜਿਉਂ ਪੀਲ਼ੇ ਪੈਂਦੇ ਜਾ ਰਹੇ ਸਨ । ਚੋਟੀਆਂ ਦੁੱਧ ਚਿੱਟੀਆਂ ਨਿਕਲ ਆਈਆਂ ਸਨ ਤੇ ਬਗੀਚੀਆਂ ਤੋਂ ਦੂਰ ਪਰੇ ਇੱਕ ਮਨੁੱਖੀ ਸਮੁੰਦਰ ਠਾਠਾਂ ਮਾਰ ਰਿਹਾ ਸੀ । ਜਿਉਂ ਕਿਸੇ ਭਾਰੀ ਮੁਹਿੰਮ ਦੀ ਤਿਆਰੀ ਵਿੱਚ ਹੋਣ। ਪਰ ਸਭ ਕੁਝ ਅੱਜ ਜ਼ਰਾ ਵੱਖਰਾ ਵੱਖਰਾ ਲੱਗ ਰਿਹਾ ਸੀ। ਰੀਫ਼ੂਜੀਆਂ ਦੇ ਬੇਸ਼ੁਮਾਰ ਛੱਕੜੇ ਉਹੀ ਸਨ, ਪਰ ਉਹਨਾਂ ਦੀਆਂ ਅੱਖਾਂ ਵਿੱਚ ਅੱਜ ਇੱਕ ਭਰੋਸੇ ਦਾ ਸੂਰਜ ਝਲਕਾਂ ਮਾਰ ਰਿਹਾ ਸੀ।
ਉਹੀ ਇੱਜੜ ਸੀ, ਪਾਟੇ ਪੁਰਾਣੇ ਕੱਪੜਿਆਂ ਵਾਲਾ, ਨੰਗੇ ਤੇ ਵਾਹਣੇ ਪੈਰੀਂ ਸਿਪਾਹੀ ਪਰ ਅੱਜ ਕੀ ਗੱਲ ਸੀ, ਉਹ ਸਭ ਦੂਰ ਤੀਕ ਕਤਾਰ ਵਿੱਚ ਇਉਂ ਕਸੇ ਹੋਏ ਖਲ੍ਹਤੇ ਸਨ ਜਿਉਂ ਕਿਸੇ ਕਮਾਨ ਦੀ ਤੰਦੀ ਖਿੱਚੀ ਹੋਈ ਹੋਵੇ, ਉਹਨਾਂ ਦੇ ਮਾੜੇ ਚਿਹਰੇ ਇੰਝ ਕਿਉਂ ਲੱਗਦੇ ਸਨ, ਜਿਉਂ ਕਾਲ਼ੇ ਲੋਹੇ ਵਿੱਚੋਂ ਢਾਲ ਕੇ ਬਣਾਏ ਗਏ ਹੋਣ ਤੇ ਉਹਨਾਂ ਦੀਆਂ ਕਤਾਰਬੱਧ ਕਾਲੀਆਂ ਖਲ੍ਹਤੀਆਂ ਸੰਗੀਨਾਂ ਵਿੱਚੋਂ ਅੱਜ ਇੱਕ ਫੌਜੀ ਧੁਨ ਕਿਉਂ ਵੱਜਦੀ ਸੀ ?
ਤੇ ਅੱਜ ਕੀ ਗੱਲ ਸੀ, ਇਹਨਾਂ ਵੱਲ ਮੂੰਹ ਕਰੀ ਮਾੜੇ ਮੋਟੇ ਕੱਪੜਿਆਂ ਵਿੱਚ, ਸੰਗੀਨਾਂ ਤਿਰਛੀਆਂ ਕਰਕੇ ਢਿੱਲੇ ਹੋਏ ਸਿਪਾਹੀ ਕਿਉਂ ਖਲ੍ਹਤੇ ਹੋਏ ਸਨ; ਉਹਨਾਂ ਦੇ ਚਿਹਰਿਆਂ ਉੱਤੇ ਘਬਰਾਹਟ ਤੇ ਜਿਉਂ ਕੁਝ ਹੋਣ ਵਾਲਾ ਹੋਵੇ, ਇਸ ਦੀ ਛਾਪ ਕਿਉਂ ਲੱਗੀ ਹੋਈ ਦਿੱਸਦੀ ਸੀ ?
ਪਹਿਲਾਂ ਵਾਂਗ ਹੀ ਇਹਨਾਂ ਦੇ ਪੈਰਾਂ ਨਾਲ ਉਨਾ ਹੀ ਮਿੱਟੀ ਘੱਟਾ ਉੱਡਿਆ ਸੀ, ਪਰ ਪੱਤਝੜ ਦੀ ਖਾਮੋਸ਼ੀ ਵਿੱਚ ਸਭ ਕੁਝ ਜਿਉਂ ਬੈਠ ਗਿਆ ਸੀ, ਸਟੈਪੀ ਨਿੱਖਰ ਆਈ ਸੀ ਤੇ ਇੱਕ ਇੱਕ ਚਿਹਰਾ ਹੁਣ ਸਾਫ਼ ਪਛਾਣਿਆ ਜਾਂਦਾ ਸੀ ।
ਪਹਿਲੇ ਠਾਠਾਂ ਮਾਰਦੇ ਮਨੁੱਖੀ ਸਮੁੰਦਰ ਦੇ ਵਿਚਕਾਰ ਇੱਕ ਸੁੰਨਸਾਨ ਹਰੇ ਰੰਗ ਦਾ ਟਿੱਬਾ ਹੁੰਦਾ ਸੀ। ਜਿਸ ਉੱਤੇ ਕਾਲੀਆਂ ਪੌਣ-ਚੱਕੀਆਂ ਦੇ ਪੱਖੇ ਉੱਭਰੇ ਦਿੱਸਦੇ ਸਨ, ਪਰ ਅੱਜ ਇਸ ਠਾਠਾਂ ਮਾਰਦੇ ਚਿਹਰਿਆਂ ਦੇ ਸਾਹਮਣੇ ਇੱਕ ਮੋਕਲੀ ਖੁੱਲ੍ਹੀ ਤੇ ਵੀਰਾਨ ਥਾਂ ਸੀ, ਜਿੱਥੇ ਇੱਕ ਛੱਕੜਾ ਖਲ੍ਹਤਾ ਹੋਇਆ ਸੀ।
ਉਦੋਂ, ਮਨੁੱਖੀ ਸਮੁੰਦਰ ਠਾਠਾਂ ਮਾਰਦਾ ਸਟੈਪੀ ਵਿੱਚ ਜਾ ਫੈਲਿਆ ਸੀ ਤੇ ਅੱਜ ਚਾਰੇ ਪਾਸੇ ਚੁੱਪ-ਚਾਂ ਤੇ ਖਾਮੋਸ਼ੀ ਸੀ ਜਿਉਂ ਕਿਸੇ ਲੋਹੇ ਦੇ ਸਾਹਿਲ ਵਿੱਚ ਘਿਰ ਗਿਆ ਹੋਵੇ।
ਸਭ ਨੂੰ ਕਿਸੇ ਦੀ ਉਡੀਕ ਸੀ। ਇੱਕ ਧੁਨੀਹੀਨ, ਸ਼ਬਦਹੀਨ ਨਾਦ ਨੀਲੀ ਸਟੈਪੀ ਦੇ ਨੀਲੇ ਆਕਾਸ਼ ਵਿੱਚ ਤੇ ਸੁਨਹਿਰੀ ਤਪਦੀ ਧਰਤੀ ਉਤੇ ਖਲ੍ਹਤੇ ਮਨੁੱਖਾਂ ਦੇ ਸਿਰ ਉੱਤੇ ਵੱਜ ਰਿਹਾ ਸੀ।
ਥੋੜ੍ਹੇ ਜਿਹੇ ਬੰਦਿਆਂ ਦੀ ਇੱਕ ਟੋਲੀ ਸਾਹਮਣੇ ਆ ਗਈ। ਕਤਾਰਬੱਧ ਖਲ੍ਹਤੇ ਕਾਲੇ ਪਏ ਚਿਹਰਿਆਂ ਨੇ ਆਪਣੇ ਕਮਾਂਡਰਾਂ ਨੂੰ ਪਛਾਣ ਲਿਆ, ਜੋ ਉਹਨਾਂ ਵਾਂਗ ਹੀ ਕਾਲ਼ੇ ਤੇ ਮਾੜੇ ਪਏ ਹੋਏ ਸਨ ਤੇ ਜਿਹੜੇ ਇਹਨਾਂ ਵਲ ਮੂੰਹ ਕੀਤੀ ਸਾਹਮਣੇ ਖਲ੍ਹੋਤੇ ਹੋਏ ਸਨ, ਉਹਨਾਂ ਨੇ ਵੀ ਮਾੜੇ ਮੋਟੇ ਕੱਪੜੇ ਪਾ ਕੇ ਖਲ੍ਹਤੇ ਆਪਣੇ ਵਾਂਗ ਹੀ ਮੁਰਝਾਏ ਚਿਹਰਿਆਂ ਵਾਲ਼ੇ ਆਪਣੇ ਕਮਾਂਡਰਾਂ ਨੂੰ ਪਛਾਣ ਲਿਆ।