ਸਭ ਤੋਂ ਅੱਗੇ ਅੱਗੇ ਉਹਨਾਂ ਦਾ ਕੱਜੂਖ ਸੀ । ਛੋਟਾ ਜਿਹਾ ਕੱਦ, ਹੱਡੀਆਂ ਤੀਕ ਧੁਆਂਖੀਆਂ ਹੋਈਆਂ, ਫਟੇ ਹਾਲ, ਪਾਟੇ ਤੇ ਮੂੰਹ ਅੱਡੇ ਬੂਟਾਂ ਵਿੱਚੋਂ ਅੰਗੂਠਾ ਬਾਹਰ ਨਿਕਲਿਆ ਹੋਇਆ। ਸਿਰ ਉੱਤੇ ਟੋਪ ਦੇ ਨਾਂ ਉੱਥੇ ਅੱਜ ਇੱਕ ਫਾਂਸੀ ਖੁੱਬੀ ਟੋਕਰੀ ਜਿਹੀ ਪਈ ਹੋਈ ਸੀ।
ਉਹ ਅੱਗੇ ਆ ਕੇ ਛਕੜੇ ਦੇ ਆਸ ਪਾਸ ਖੜ੍ਹੇ ਹੋ ਗਏ। ਕੋਜੂਖ ਉੱਛਲ ਕੇ, ਛੱਕੜੇ ਵਿੱਚ ਜਾ ਕੇ ਖੜ੍ਹਾ ਹੋ ਗਿਆ ਤੇ ਸਿਰ ਉੱਤੋਂ ਆਪਣਾ ਇੱਕ ਨਿਸ਼ਾਨੀ ਵਜੋਂ ਬਚਿਆ ਛਿੰਜਿਆ ਟੋਪ ਲਾਹ ਕੇ ਹੱਥ ਵਿੱਚ ਫੜ੍ਹ ਲਿਆ। ਤੇ ਉਸ ਦੀਆਂ ਅੱਖਾਂ ਸਾਹਮਣੇ ਖਲ੍ਹਤੇ ਲੋਹੇ ਵਰਗੇ ਜਵਾਨਾਂ, ਸਟੈਪੀ ਵਿੱਚ ਦੂਰ ਤੱਕ ਖਲ੍ਹਤੇ ਛੱਕੜਿਆਂ, ਬੇਅੰਤ ਮੁਰਝਾਏ ਚਿਹਰਿਆਂ ਵਾਲੇ ਰੀਫੂਜੀਆਂ ਜਿਨ੍ਹਾਂ ਦੇ ਘੋੜੇ ਹੁਣ ਨਾਲ ਨਹੀਂ ਸਨ, ਨੂੰ ਵੇਖਦਿਆਂ ਮੁੱਖ ਫ਼ੌਜਾਂ ਦੀਆਂ ਕਤਾਰਾਂ ਉੱਤੇ ਜਾ ਟਿਕੀਆਂ। ਅਖ਼ੀਰਲੇ ਕੁਝ ਡਾਵਾਂ ਡੋਲ ਜਿਹੇ ਦਿਸੇ। "ਉਹ ਢਹਿੰਦੀਆਂ ਕਲਾਂ ਵਿੱਚ ਸਨ ।"
ਉਹ ਅੰਦਰੋਂ ਕਿਸੇ ਡੂੰਘੇ ਤੇ ਗੁੱਝੇ ਸੰਤੋਖ ਨਾਲ ਜੋ ਉਹ ਆਪ ਵੀ ਮੰਨਣ ਨੂੰ ਤਿਆਰ ਨਹੀਂ ਸੀ, ਹਿੱਲਿਆ ਪਿਆ ਸੀ।
ਸਭਨਾਂ ਦੀਆਂ ਨਜ਼ਰਾਂ ਉਸ ਉੱਤੇ ਲੱਗੀਆਂ ਹੋਈਆਂ ਸਨ।
"ਸਾਥੀਓ..।" ਉਸ ਕਹਿਣਾ ਸ਼ੁਰੂ ਕੀਤਾ।
ਸਭ ਨੂੰ ਪਤਾ ਸੀ ਕਿ ਉਹ ਕੀ ਆਖਣ ਚੱਲਿਆ ਸੀ, ਪਰ ਫਿਰ ਵੀ ਉਹਨਾਂ ਅੰਦਰ ਅਚਾਨਕ ਜਿਉਂ ਇੱਕ ਚੰਗਿਆੜੀ ਜਿਹੀ ਚਮਕ ਗਈ।
“ਸਾਥੀਓ, ਅਸੀਂ ਚਾਰ ਪੰਜ ਸੌ ਮੀਲ ਠੰਡ ਤੇ ਕੱਕਰ ਵਿੱਚ, ਭੁੱਖੇ ਤੇ ਨੰਗੇ ਪੈਰੀਂ ਟੁਰਦੇ ਰਹੇ। ਕਸਾਕ ਪਾਗਲਾਂ ਵਾਂਗ ਸਾਡੇ ਪਿੱਛੇ ਲੱਗ ਗਏ। ਸਾਡੇ ਕੋਲ ਕੋਈ ਰਾਸ਼ਨ ਨਹੀਂ ਸੀ, ਨਾ ਰੋਟੀ, ਨਾ ਪਸ਼ੂਆਂ ਲਈ ਚਾਰੇ ਦੀ ਮੁੱਠ । ਕਈ ਸਾਡੇ ਵਿੱਚੋਂ ਵਿਛੜ ਗਏ, ਸੁੱਖੜ ਚਟਾਨਾਂ ਉੱਤੋਂ ਰਿੜ੍ਹ ਗਏ, ਦੁਸ਼ਮਣ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਗਏ, ਸਾਡੇ ਕੋਲ ਕਾਰਤੂਸ ਮੁੱਕ ਗਏ, ਸਾਨੂੰ ਸੱਖਣੇ ਹੱਥੀਂ ਗੁਜ਼ਾਰਾ ਕਰਨਾ ਪਿਆ।"
ਤੇ ਭਾਵੇਂ ਸਭ ਇਹ ਕੁਝ ਜਾਣਦੇ ਸਨ- ਪੂਰਾ ਹੰਢੇ ਵਰਤੇ ਸਨ ਉਹ ਤੇ ਭਾਵੇਂ ਕਈਆਂ ਨੂੰ ਇਹਨਾਂ ਗੱਲਾਂ ਦਾ ਪਤਾ ਹਜ਼ਾਰਾਂ ਬੰਦਿਆਂ ਕੋਲੋਂ ਸੁਣ ਸੁਣਾ ਕੇ ਲੱਗਾ ਸੀ- ਪਰ ਕੋਜੂਖਦੇ ਲਫਜ਼ਾਂ ਵਿੱਚ ਇੱਕ ਨਵੀਂ ਚਮਕ ਸੀ।
"ਬੱਚੇ ਸਾਡੇ ਵਿਚਾਰੇ ਖੱਡ ਵਿੱਚ ਹੀ ਰਹਿ ਗਏ।"
ਸਾਹਮਣੇ ਖਲ੍ਹਤੇ ਠਾਠਾਂ ਮਾਰਦੇ ਮਨੁੱਖੀ ਸਮੁੰਦਰ ਉੱਤੇ ਇੱਕ ਚੀਖ਼ ਜਿਹੀ ਤਰਦੀ, ਹਿਰਦਿਆਂ ਨੂੰ ਟੁੰਬਦੀ ਤੇ ਝੂਣਦੀ ਨਿਕਲ ਗਈ।
“ਸਾਡੇ ਬੱਚੇ.. ਆਹ... ਕਿਸਮਤ।"
ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਮਨੁੱਖੀ ਸਮੁੰਦਰ ਕੰਬ ਗਿਆ।
“ਸਾਡੇ ਬੱਚੇ.. ਸਾਡੇ ਬੱਚੇ...।’’
ਬੁੱਤ ਦਾ ਬੁੱਤ ਖੜ੍ਹਾ, ਉਸ ਉਹਨਾਂ ਦੇ ਚਿਹਰਿਆਂ ਵੱਲ ਵੇਖਿਆ, ਝੱਟ ਕੁ ਰੁੱਕਿਆ ਤੇ ਫਿਰ ਕਹਿਣ ਲੱਗਾ: