Back ArrowLogo
Info
Profile

ਤੋਪਖਾਨੇ ਦੀਆਂ ਕਤਾਰਾਂ, ਘੜਿਆਂ ਦੇ ਦਸਤਿਆਂ ਵਿੱਚੋਂ ਲੰਘਦਾ ਗਿਆ। ਘੋੜਸਵਾਰ ਘੋੜਿਆਂ ਉੱਤੇ ਬੈਠ ਲਿਸ਼ਲਿਸ਼ ਕਰਦੀਆਂ ਅੱਖਾਂ ਨਾਲ ਕੋਲੋਂ ਲੰਘਦੇ ਕੋਜ਼ੂਖ ਨੂੰ ਵੇਖੀ ਜਾ ਰਹੇ ਸਨ ਤੇ ਪੂਰਾ ਪੂਰਾ ਮੂੰਹ ਖੋਲ੍ਹੀ ਲਗਾਤਾਰ ਚੀਖੀ ਜਾ ਰਹੇ ਸਨ- "ਹੁੱਰਾਹ ਹ ਕੋਜ਼ੂਖ।"

ਉਸ ਨੂੰ ਚੁੱਕੀ ਚੁੱਕੀ, ਛੱਕੜਿਆਂ ਵਿੱਚੋਂ, ਰੀਫ਼ੂਜੀਆਂ ਵਿੱਚ ਲੈ ਗਏ ਤੇ ਮਾਵਾਂ ਆਪਣਿਆਂ ਬੱਚਿਆਂ ਨੂੰ ਚੁੱਕ ਚੁੱਕ ਉਸ ਦੇ ਅੱਗੇ ਕਰਨ ਲੱਗ ਪਈਆਂ।

ਉਹ ਉਸ ਨੂੰ ਫਿਰ ਚੁੱਕੀ ਚੁੱਕੀ ਛੱਕੜੇ ਵੱਲ ਲੈ ਗਏ ਤੇ ਲਿਜਾ ਕੇ ਖੜ੍ਹਾ ਕਰ ਦਿੱਤਾ।

ਕੋਜੂਖ ਨੇ ਕੁਝ ਬੋਲਣ ਲਈ ਆਪਣਾ ਮੂੰਹ ਖੋਲ੍ਹਿਆ ਤੇ ਸਾਰਿਆਂ ਦੀਆਂ ਅੱਖਾਂ ਇੰਝ ਅੱਡੀਆਂ ਗਈਆਂ, ਜਿਉਂ ਉਸ ਨੂੰ ਪਹਿਲੀ ਵੇਰ ਵੇਖ ਰਹੇ ਹੋਣ।

"ਵੇਖੋ, ਉਸ ਦੀਆਂ ਅੱਖਾਂ ਨੀਲੀਆਂ ਨੇ ।"

ਉਹਨਾਂ ਉੱਚਾ ਨਾ ਆਖਿਆ, ਕਿਉਂ ਜੋ ਉਹ ਏਨੇ ਸਿੱਧੇ ਸਾਦੇ ਸਨ ਕਿ ਆਪਣੇ ਮਨ ਦੀ ਗੱਲ ਲਫਜ਼ਾਂ ਰਾਹੀਂ ਨਹੀਂ ਸਨ ਦੱਸ ਸਕਦੇ, ਪਰ ਇਹ ਸੱਚ ਸੀ ਕਿ ਉਸ ਦੀਆਂ ਅੱਖਾਂ ਨੀਲੀਆਂ ਨੀਲੀਆਂ ਲੱਗਦੀਆਂ ਸਨ ਤੇ ਇੱਕ ਭੋਲੇ ਭਾਲੇ ਬੱਚੇ ਵਰਗੀ ਮੁਸਕਾਨ ਘੁਲੀ ਹੋਈ ਸੀ - ਉਹਨਾਂ ਉੱਚੀ ਦੇਣੀ ਨਾ ਆਖਿਆ, ਪਰ ਇਸ ਦੇ ਬਜਾਏ ਉਹ ਗੱਜ ਉੱਠੇ:

“ਹੁੱਰਾਹ.. ਹਾ.. ਸਾਡਾ ਬਟਕੇ ਯੁੱਗ ਯੁੱਗ ਜੀਵੇ ਸਾਡਾ ਬਟਕੋ ਅਸੀਂ ਉਸ ਦੇ ਮਗਰ ਮਗਰ ਟੁਰਦੇ ਦੁਨੀਆਂ ਦੇ ਦੂਜੇ ਸਿਰੇ ਤਕ ਟੁਰੇ ਜਾਵਾਂਗੇ। ਅਸੀਂ ਸੋਵੀਅਤ ਸ਼ਕਤੀ ਲਈ ਲੜਾਂਗੇ। ਅਸੀਂ ਜਿਮੀਂਦਾਰਾਂ, ਜਰਨੈਲਾਂ, ਅਫ਼ਸਰਾਂ ਨਾਲ ਟੱਕਰ ਲਵਾਂਗੇ।"

ਤੇ ਕੋਜੂਖ ਨੇ ਆਪਣੀਆਂ ਨੀਲੀਆਂ ਨੀਲੀਆਂ ਅੱਖਾਂ ਵਿੱਚ ਉਹਨਾਂ ਵੱਲ ਤੱਕਿਆ, ਜਦ ਕਿ ਉਸ ਦੇ ਅੰਦਰ ਵਿਚਾਰ ਇੱਕ ਲਾਟ ਵਾਂਗ ਬਲ ਰਿਹਾ ਸੀ।

"ਨਾ ਮੇਰੀ ਮਾਂ ਹੈ, ਨਾ ਪਿਓ ਤੇ ਨਾ ਬੀਵੀਂ। ਮੇਰੇ ਕੋਲ ਬਸ ਏਹੀ ਨੇ, ਜਿੰਨ੍ਹਾਂ ਨੂੰ ਮੈਂ ਮੌਤ ਦੇ ਮੂੰਹ ਵਿੱਚੋਂ ਲੈ ਕੇ ਲੰਘਿਆ ਹਾਂ। ਮੈਂ ਈ ਆਪ ਇਹਨਾਂ ਨੂੰ ਆਪਣੇ ਨਾਲ ਲੈ ਕੇ ਟੁਰਿਆ ਹਾਂ। ਤੇ ਹਾਲਾਂ ਵੀ ਲੱਖਾਂ ਬੰਦੇ ਨੇ ਜਿਹਨਾਂ ਦੀਆਂ ਧੌਣਾਂ ਫੱਦੇ ਵਿੱਚ ਫਸੀਆਂ ਹੋਈਆਂ ਨੇ ਤੇ ਮੈਂ ਉਹਨਾਂ ਲਈ ਲੜਾਂਗਾ। ਇਹੀ ਨੇ ਮੇਰੇ ਪਿਤਾ, ਮੇਰਾ ਘਰ, ਮੇਰੀ ਮਾਂ, ਮੇਰੀ ਬੀਵੀਂ, ਮੇਰੇ ਬੱਚੇ । ਮੈਂ, ਮੈਂ, ਮੈਂ ਬਚਾ ਲਿਆ ਹੈ ਇਹਨਾਂ ਹਜ਼ਾਰਾਂ ਤੇ ਲੱਖਾਂ ਲੋਕਾਂ ਨੂੰ ਭਿਆਨਕ ਮੌਤ ਤੋਂ"

ਇਹ ਬੋਲ ਉਸ ਦੇ ਦਿਲ ਅੰਦਰ ਚੰਗਿਆੜੀਆਂ ਵਾਂਗ ਭੱਖ ਰਹੇ ਸਨ, ਜਦ ਕਿ ਉਸ ਦੇ ਹੋਂਠ ਆਖ ਰਹੇ ਸਨ

"ਸਾਥਿਓ!"

ਪਰ ਹੋਰ ਵਧੇਰੇ ਕੁਝ ਆਖਣ ਲਈ ਉਸ ਕੋਲ ਸਮਾਂ ਨਾ ਰਿਹਾ। ਸਿਪਾਹੀਆਂ ਦੀ ਭੀੜ ਨੂੰ ਸੱਜੇ ਖੱਬੇ ਧੱਕਦੀ, ਮਲਾਹਾਂ ਦੀ ਵਹੀਰ ਦੀ ਵਹੀਰ ਅੱਗੇ ਆ ਪਹੁੰਚੀ! ਚਾਰੇ ਪਾਸੇ ਗੋਲ ਟੋਪੀਆਂ ਹੀ ਟੋਪੀਆਂ ਤੇ ਲਟਕਦੇ ਰਿਬਨ ਫੜ-ਫੜਾਨ ਲੱਗ ਪਏ। ਉਹ ਧੱਕਮ-ਧੱਕਾ ਕਰਦੇ ਛੱਕੜੇ ਕੋਲ ਜਾ ਪਹੁੰਚੇ।

196 / 199
Previous
Next