ਕਰਦੀ ਯੂਕਰੇਨੀਅਨ ਮੁਸਕਾਨ ਲੰਘ ਗਈ।
"ਮੱਕਾਰ ਕੁੱਤੇ ਚਲਾਕੀ ਨਾਲ ਬੱਚ ਨਿਕਲੇ ਨੇ । ਪਰ ਜੇ ਮੈਂ ਕਿਤੇ ਹੋਰ ਇਹਨਾਂ ਦੇ ਹੱਥ ਆ ਗਿਆ, ਮੇਰੀ ਜੀਉਂਦੇ ਦੀ ਖੱਲ ਲਾਹ ਸੁੱਟਣਗੇ।"
ਤੇ ਆਪਣੀ ਭਾਰੀ ਆਵਾਜ਼ ਵਿੱਚ ਉਸ ਆਖਿਆ:
"ਜੋ ਹੋ ਗਿਆ ਸੋ ਹੋ ਗਿਆ, ਮਿੱਟੀ ਪਾਓ।"
"ਹੋ..ਹੋ..ਹੋ ।ਹਾ..ਹਾ..। ਹੁੱਹਾਰ..ਹ.ਹ।
ਕਈ ਹੋਰ ਵੀ ਕੁਝ ਬੋਲਣ ਦੀ ਉਡੀਕ ਕਰ ਰਹੇ ਸਨ। ਹਰੇਕ ਕੁਝ ਨਾ ਕੁਝ ਆਖਣ ਲਈ ਏਨਾ ਉਤਾਵਲਾ ਹੋ ਰਿਹਾ ਸੀ ਕਿ ਉਸ ਦੀ ਗੱਲ ਏਨੀ ਮਹੱਤਤਾ ਵਾਲੀ ਸੀ ਕਿ ਜੇ ਵਿੱਚੇ ਰਹਿ ਗਈ ਤਾਂ ਬੜਾ ਨੁਕਸਾਨ ਹੋ ਜਾਵੇਗਾ ਤੇ ਭੀੜ ਖੜ੍ਹੀ ਸੁਣਦੀ ਰਹੀ। ਜੋ ਛੱਕੜੇ ਦੇ ਲਾਗੇ ਖੜ੍ਹੇ ਸਨ, ਉਹਨਾਂ ਸੁਣਿਆਂ। ਜੋ ਦੂਰ ਦੂਰ ਖੜ੍ਹੇ ਸਨ, ਟੁੱਟੀ ਭੱਜੀ ਕੋਈ ਗਲ ਉਹਨਾਂ ਦੇ ਕੰਨਾਂ ਨਾਲ ਵੀ ਜਾ ਟਕਰਾਈ। ਜੋ ਬਹੁਤ ਹੀ ਦੂਰ ਸਨ, ਭਾਵੇਂ ਉਹ ਕੁਝ ਵੀ ਨਹੀਂ ਸਨ ਸੁਣ ਰਹੇ, ਪਰ ਧੌਣਾਂ ਉਹਨਾਂ ਦੀਆਂ ਅੱਗੇ ਵਧੀਆਂ ਹੋਈਆਂ ਤੇ ਕੰਨ ਆਵਾਜ਼ ਵੱਲ ਲੱਗੇ ਹੋਏ ਸਨ। ਤੀਵੀਆਂ ਨੇ ਆਪਣੀਆਂ ਸੱਖਣੀਆਂ ਛਾਤੀਆਂ ਬੱਚਿਆਂ ਦੇ ਮੂੰਹਾਂ ਵਿੱਚ ਦੇ ਦਿੱਤੀਆਂ ਸਨ ਤੇ ਜਾਂ ਉਹਨਾਂ ਨੂੰ ਝੁਲਾ ਕੇ ਥਪਕਣ ਲੱਗ ਪਈਆਂ ਸਨ ਤੇ ਸੁਣਨ ਲਈ ਆਪਣੀਆਂ ਧੌਣਾਂ ਅਗੇਰੇ ਕਰਨ ਲੱਗ ਪਈਆਂ ਸਨ।
ਤੇ ਅਜੀਬ ਗੱਲ ਇਹ ਸੀ ਕਿ ਭਾਵੇਂ ਉਹ ਕੱਖ ਵੀ ਨੀ ਸੁਣ ਸਕੇ ਤੇ ਜਾਂ ਕੋਈ ਕਿਸੇ ਵੇਲੇ ਟੁੱਟਾ ਫੁੱਟਾ ਫਿਕਰਾ ਉਹਨਾਂ ਦੇ ਕੰਨਾਂ ਨਾਲ ਆ ਵੱਜਾ, ਪਰ ਜੇ ਕੁਝ ਆਖਿਆ ਜਾ ਰਿਹਾ ਸੀ, ਉਹ ਉਹ ਸਭ ਸਮਝ ਰਹੇ ਸਨ।
"ਜ਼ਿਮੀਂਦਾਰ ਫਿਰ ਸਿਰ ਚੁੱਕਣ ਲੱਗ ਪਏ ਨੇ, ਆਪਣੀਆਂ ਜ਼ਮੀਨਾਂ ਵਾਪਸ ਲੈਣੀਆਂ ਚਾਹੁੰਦੇ ਨੇ।"
"ਭਾਵੇਂ ਮੇਰੇ ਨਲਾਂ ਨੂੰ ਆ ਚੁੰਮਣ, ਹੁਣ ਨਾ ਦਿੱਤੀ ਮੈਂ ਜ਼ਮੀਨ ਵਾਪਸ ।"
"ਪਨਾਸਬੁਕ ਸੁਣਿਆ ਏ ਤੂੰ ਰੂਸ ਵਿੱਚ ਇੱਕ ਲਾਲ ਫੌਜ ਹੈ।"
"ਲਾਲ ਕਿਉਂ ?"
"ਲਾਲ ਹੈ - ਲਾਲ ਪਜਾਮੇ, ਲਾਲ ਕਮੀਜ਼ਾਂ, ਲਾਲ ਟੋਪੀਆਂ। ਅੱਗੋਂ ਲਾਲ, ਪਿਛੋਂ ਲਾਲ, ਲਾਲੋ ਲਾਲ, ਇੱਕ ਉਬਲੀ ਹੋਈ ਝੀਂਗਾ ਮੱਛੀ ਵਾਂਗ।"
"ਹੋਰ ਦੱਸ ।”
"ਸੌਂਹ ਤੇਰੀ, ਝੂਠ ਨਹੀਂ ਆਖਦਾ ਮੈਂ। ਉਹ ਹੁਣ ਉਹੀ, ਉੱਥੇ ਖੜ੍ਹਾ ਆਖ ਰਿਹਾ ਸੀ।"
“ਜੋ ਮੈਂ ਸੁਣਿਆ ਸੀ, ਉਹ ਤਾਂ ਇਹ ਸੀ ਕਿ ਹੁਣ ਸਿਪਾਹੀ ਨਹੀਂ ਸਨ ਰਹੇ, ਸਭ ਲਾਲ ਫੌਜ ਦੇ ਜਵਾਨ ਅਖਵਾਂਦੇ ਨੇ ।"
"ਕੀ ਪਤਾ, ਸਾਨੂੰ ਵੀ ਲਾਲ ਪਜਾਮੇ ਪੁਆ ਦੇਣ।"
"ਨਾਲੇ ਇਹ ਵੀ ਆਖਦੇ ਨੇ ਕਿ ਡਿਸਪਲਨ ਵੀ ਉਹਨਾਂ ਦਾ ਬੜਾ ਸਖਤ ਹੈ।"