ਕਮਰੇ ਵਿੱਚ ਬੈਠੇ ਬੰਦਿਆਂ ਨੇ ਝੱਟ ਕੰਨ ਚੁੱਕ ਲਏ, ਪਰ ਉੱਪਰੋਂ ਲਾਪਰਵਾਹੀ ਦਿਖਾਉਂਦੇ, ਸਿਗਰਟ ਦੇ ਧੂਏਂ ਛੱਡਦੇ, ਸਾਹਮਣੇ ਪਏ ਨਕਸ਼ੇ ਦੀਆਂ ਲੀਕਾਂ ਉੱਤੇ ਉਂਗਲਾਂ ਫੇਰ ਫੇਰ ਬੜੇ ਧਿਆਨ ਨਾਲ ਵੇਖਦੇ ਤੇ ਵਿਚਾਰਦੇ ਰਹੇ।
ਭਾਵੇਂ ਉਹ ਜਿੰਨੀ ਮਰਜ਼ੀ ਘੋਖ ਨਾਲ ਨਕਸ਼ੇ ਨੂੰ ਵੇਖਣ, ਪਰ ਉਹ ਬਦਲ ਸੂਤ ਭਰ ਵੀ ਨਹੀਂ ਸਨ ਸਕਦੇ: ਖੱਬੇ ਪਾਸੇ ਨੀਲੇ ਰੰਗ ਵਾਲਾ ਸਮੁੰਦਰ ਦਾ ਨਿਸ਼ਾਨ ਇੱਕ ਸਿੱਧੀ ਖਲ੍ਹਤੀ ਕੰਧ ਵਾਂਗ ਸੀ, ਜਿਸ ਵਿੱਚ ਕੋਈ ਲਾਂਘਾ ਨਾ ਹੋਵੇ; ਉਤਲੇ ਪਾਸੇ, ਸੱਜੇ ਕਰ ਕੇ ਦੁਸ਼ਮਣਾਂ ਦੇ ਪਿੰਡ ਸਨ; ਹੇਠਾਂ ਦੱਖਣ ਵੱਲ ਲਾਲੀ ਦੀ ਭਾਹ ਮਾਰਦੇ ਅਲੰਘ ਪਹਾੜਾਂ ਦੇ ਸਿਲਸਿਲੇ ਸਨ: ਉਹ ਇੱਕ ਪਿੰਜਰੇ ਵਿੱਚ ਫਸੇ ਹੋਏ ਸਨ।
ਨਕਸ਼ੇ ਉੱਤੇ ਵੱਲ ਪੇਚ ਖਾਂਦਾ ਵਗਦਾ ਦਰਿਆ ਸੀ। ਉਸ ਦੀ ਗੜ੍ਹਕ ਨਿੱਕੀਆਂ ਕਾਲੀਆਂ ਖਿੜਕੀਆਂ ਵਿੱਚੋਂ ਸਾਫ ਸੁਣਾਈ ਦੇ ਰਹੀ ਸੀ। ਇਸ ਦੇ ਕੰਢਿਆਂ ਉੱਤੇ ਇਹਨਾਂ ਦਾ ਵਿਸ਼ਾਲ ਕੈਂਪ ਲੱਗਾ ਹੋਇਆ ਸੀ। ਖੱਡਾਂ, ਖਾਈਆਂ, ਝਾੜੀਦਾਰ ਦਲਦਲਾਂ, ਜੰਗਲਾਂ, ਸਟੈਪੀਆਂ, ਸਾਰੇ ਫਾਰਮਾਂ ਤੇ ਪਿੰਡਾਂ ਵਿੱਚ, ਜੋ ਨਕਸ਼ੇ ਉੱਤੇ ਵਿਖਾਏ ਗਏ ਸਨ, ਕਸਾਕ ਹਰਲ ਹਰਲ ਕਰਦੇ ਫਿਰ ਰਹੇ ਸਨ। ਅੱਜ ਤੀਕ ਇਕੱਲੇ ਦੁਕੱਲੇ ਪਿੰਡਾਂ ਵਿੱਚ ਬਗਾਵਤ ਲਗਭਗ ਦਬਾ ਹੀ ਦਿੱਤੀ ਗਈ ਸੀ । ਪਰ ਹੁਣ ਸਮੁੱਚੇ ਕੀਊਬਨ ਦੇ ਖੇਤਰ ਵਿੱਚ ਇਨਕਲਾਬ ਫੈਲ ਚੁੱਕਾ ਸੀ। ਸੋਵੀਅਤ ਸ਼ਕਤੀ ਲਤਾੜ ਦਿੱਤੀ ਗਈ ਸੀ । ਪਿੰਡਾਂ ਵਿੱਚ ਇਸ ਦੇ ਮੁਹਰੀਆਂ ਨੂੰ ਵੱਢ ਦਿੱਤਾ ਗਿਆ ਸੀ ਤੇ ਕਬਰਸਤਾਨ ਵਿੱਚ ਮੋਟੇ ਮੋਟੇ ਫਾਹੀ ਦੇ ਰੱਸੇ ਲਟਕ ਰਹੇ ਸਨ। ਹਰ ਇੱਕ ਬਾਲਸ਼ਵਿਕ ਨੂੰ - ਜਿਨ੍ਹਾਂ ਵਿੱਚੋਂ ਬਹੁਤੇ "ਪਰਦੇਸ਼ੀ" ਸਨ, ਫਾਂਸੀ ਚਾੜ੍ਹ ਦਿੱਤਾ ਗਿਆ। ਸੀ। ਇਹ ਸੱਚ ਹੈ ਕਿ ਉਹਨਾਂ ਵਿੱਚੋਂ ਕੁਝ ਸਥਾਨਕ ਕਸਾਕ ਵੀ ਸਨ। ਪਰ ਬਿਨਾਂ ਕਿਸੇ ਭਿੰਨ ਭੇਦ, ਸਭ ਨੂੰ ਫਾਂਸੀ ਲਾ ਦਿੱਤਾ ਗਿਆ ਸੀ । ਬੰਦਾ ਹੁਣ ਜਾਵੇ ਵੀ ਕਿੱਥੇ ਹੱਟ ਕੇ ? ਕਿਹੜੀ ਥਾਂ ਖਤਰਾ ਨਹੀਂ ਸੀ।
"ਸਾਫ਼ ਗੱਲ ਹੈ ਕਿ ਸਾਨੂੰ ਪਹਿਲਾਂ ਤੀਖੋਰੇਤਸਾਕਾਇਆ ਪੁੱਜਣਾ ਚਾਹੀਦਾ ਹੈ, ਉੱਥੋਂ ਸਵਾਈਤੋਏ ਕ੍ਰੈਸਟ ਤੇ ਉੱਥੋਂ ਅਸੀਂ ਰੂਸ ਪੁੱਜ ਜਾਵਾਂਗੇ।"
"ਸਾਨੂੰ ਆਪਣੇ ਮੁਖੀ ਦਸਤਿਆਂ ਨਾਲ ਜਾ ਰਲਣਾ ਚਾਹੀਦਾ ਹੈ।"
"ਪਰ ਸਾਡੇ ਮੁਖੀ ਦਸਤੇ ਹੈਣ ਕਿੱਥੇ ? ਜੇ ਤੈਨੂੰ ਕੋਈ ਖਬਰ ਹੈ, ਸਾਨੂੰ ਵੀ ਦੱਸ।"
"ਮੇਰਾ ਪੱਕਾ ਯਕੀਨ ਹੈ ਕਿ ਸਾਨੂੰ ਨੋਵਰੋਸੀਸ਼ਕ ਉੱਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ, ਤੇ ਜਦ ਤੱਕ ਰੂਸ ਤੋਂ ਮਦਦ ਨਾ ਪਹੁੰਚ ਜਾਏ, ਉੱਥੇ ਉਡੀਕ ਕਰਨੀ ਚਾਹੀਦੀ ਹੈ।"
ਹਰ ਇੱਕ ਦੀ ਗੱਲ ਵਿੱਚ ਇਕ ਅਜਿਹੀ ਰਮਜ਼ ਛੁਪੀ ਲੱਗਦੀ ਸੀ ਕਿ ਜੇ ਉਸ ਨੂੰ ਅਗਵਾਈ ਸੌਂਪ ਦਿੱਤੀ ਜਾਂਦੀ, ਤਾਂ ਉਹ ਜ਼ਰੂਰ ਸਭਨਾਂ ਨੂੰ ਬਚਾ ਲਿਜਾਣ ਦੀ ਕੋਈ ਵਿਉਂਤ ਬਣਾ ਸਕਦਾ ਸੀ।
ਦਰਿਆ ਦੀ ਗੜ੍ਹਕ ਵਿੱਚੋਂ ਇੱਕ ਹੋਰ ਭਿਆਨਕ ਆਵਾਜ਼ ਸੁਣੀ ਗਈ । ਫਿਰ ਦੋ ਗੋਲੀਆਂ ਇਕੱਠੀਆਂ ਚੱਲਣ ਦੀ ਆਵਾਜ਼ ਆਈ ਤੇ ਫਿਰ ਇੱਕ ਹੋਰ ਤੇ ਫਿਰ ਅਚਾਨਕ ਠਾਹ... ਠਾਹ... ... ਤੇ ਉਪਰੰਤ ਖਾਮੋਸ਼ੀ ਛਾ ਗਈ।