ਜਾਵਾਂਗੇ। ਸਾਨੂੰ ਕਸਬੇ ਵਿੱਚੋਂ ਬਿਨਾਂ ਝੱਟ ਰੁਕੇ ਲੰਘ ਜਾਣਾ ਚਾਹੀਦਾ ਹੈ... ਸਾਹਿਲ ਦੇ ਨਾਲ ਨਾਲ । ਅਸੀਂ ਤੁਪਾਸੇ ਪੁੱਜ ਜਾਵਾਂਗੇ। ਉੱਥੋਂ ਪਹਾੜਾਂ ਦੇ ਨਾਲ ਨਾਲ ਮੁੱਖ ਮਾਰਗ ਤੋਂ ਹੁੰਦੇ ਮੋਹਰੀ ਦਸਤਿਆਂ ਨਾਲ ਜਾ ਮਿਲਾਂਗੇ। ਉਹ ਹਾਲਾਂ ਬਹੁਤ ਅੱਗੇ ਨਹੀਂ ਗਏ ਹੋਣੇ। ਜਿੰਨਾ ਚਿਰ ਏਥੇ ਰਹਾਂਗੇ, ਹਰ ਘੜੀ ਮੌਤ ਨੇੜੇ ਹੁੰਦੀ ਜਾਵੇਗੀ।"
ਫਿਰ ਸਾਰੇ ਇੱਕੋ ਵੇਰ ਬੋਲਣ 'ਤੇ ਆਪਣੀ ਆਪਣੀ ਤਜਵੀਜ਼ ਪੇਸ਼ ਕਰਨ ਲੱਗ ਪਏ, ਜੋ ਆਪਣੇ ਆਪ ਲਈ ਤਾਂ ਬਹੁਤ ਵਧੀਆ, ਪਰ ਦੂਜੇ ਲਈ ਬੇਕਾਰ ਸੀ।
ਕੋਜ਼ੂਖ ਪੈਰਾਂ ਉੱਤੇ ਖੜੋ ਗਿਆ। ਜਿਸ ਵੇਲੇ ਉਸ ਇੱਕ ਇੱਕ ਨੂੰ ਘੁਰ ਕੇ ਵੇਖਿਆ, ਉਸ ਦਾ ਚਿਹਰਾ ਤਣਿਆ ਹੋਇਆ ਸੀ।
"ਕੱਲ੍ਹ ਤੜਕੇ ਅਸਾਂ ਕੂਚ ਕਰ ਜਾਣਾ ਏ,” ਉਸ ਆਖਿਆ।
ਪਰ ਇਸ ਵਿਚਾਰ ਦੇ ਪਿੱਛੇ ਖਿਆਲ ਇਹ ਸੀ ਕਿ 'ਉਹ ਮੰਨਣਗੇ ਨਹੀਂ, ਸ਼ੈਤਾਨ।'
ਸਾਰੇ ਖ਼ਾਮੋਸ਼ ਹੋ ਗਏ ਤੇ ਉਹਨਾਂ ਦੀ ਖ਼ਾਮੋਸ਼ੀ ਦੇ ਅਰਥ ਸਨ:
'ਇਸ ਤੋਂ ਵਧੇਰੇ ਝੱਲ ਹੋਰ ਕੀ ਹੋ ਸਕਦਾ ਹੈ।
4
ਅਲੈਕਸੀ ਪਰੀਖੋਦਕੋ ਝੋਪੜੀ ਵਿੱਚੋਂ ਨਿਕਲ ਕੇ ਬਾਹਰ ਅੰਨ੍ਹੇਰੇ ਵਿੱਚ ਆ ਗਿਆ. ਜੋ ਦਰਿਆ ਦੀ ਗੜ੍ਹਕ ਨਾਲ ਭਿਆਨਕ ਬਣਿਆ ਹੋਇਆ ਸੀ। ਬੂਹੇ ਉੱਤੇ ਇੱਕ ਸਿਆਹ ਕਾਲੀ ਮਸ਼ੀਨਗੰਨ ਬੀੜੀ ਹੋਈ ਸੀ । ਇਸ ਦੇ ਲਾਗੇ ਦੇ ਕਾਲੇ ਚਿਹਰੇ ਖਲ੍ਹਤੇ ਹੋਏ ਸਨ, ਜਿਨ੍ਹਾਂ ਦੇ ਹੱਥਾਂ ਵਿੱਚ ਸੰਗੀਨਾਂ ਘੁਟੀਆਂ ਹੋਈਆਂ ਸਨ।
ਆਲੇ ਦੁਆਲੇ ਵੇਖਦਾ ਪਰੀਖੋਦਕੇ ਅੱਗੇ ਵੱਧਦਾ ਗਿਆ। ਨਿੱਕੇ ਨਿੱਕੇ ਤਾਰਿਆਂ ਦੀ ਚਾਦਰ ਅਕਾਸ਼ ਵਿੱਚ ਖਿੱਲਰੀ ਹੋਈ ਸੀ। ਦੂਰੋਂ ਲਗਾਤਾਰ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆ ਰਹੀ ਸੀ। ਉਹ ਭੌਂਕਦੇ ਭੌਂਕਦੇ ਅਚਾਨਕ ਵਿੱਚੋਂ ਚੁੱਪ ਕਰ ਜਾਂਦੇ, ਜਿਉਂ ਦਰਿਆ ਦੀ ਗੜ੍ਹਕ ਸੁਣਨ ਲੱਗ ਪਏ ਹੋਣ ਤੇ ਇੱਕ ਵੇਰ ਫੇਰ ਪੂਰੇ ਤਾਨ ਨਾਲ ਭੌਂਕਣ ਲੱਗ ਪੈਂਦੇ।
ਫਿੱਕੇ ਚਿੱਟੇ ਮਕਾਨ ਬੜੇ ਭਿਆਨਕ ਦਿੱਸ ਰਹੇ ਸਨ। ਵਿੰਗੀਆਂ ਟੇਢੀਆਂ ਗਲੀਆਂ ਵਿੱਚ ਅਨ੍ਹੇਰਾ ਹੀ ਅਨ੍ਹੇਰਾ ਦਿੱਸ ਰਿਹਾ ਸੀ । ਜੇ ਤੁਸੀਂ ਰਤਾ ਗਹੁ ਨਾਲ ਵੇਖਦੇ ਤਾਂ ਇਹ ਛੱਕੜਿਆਂ ਦੀਆਂ ਪਾਲਾਂ ਸਨ, ਜਿਸ ਵਿੱਚੋਂ ਸੁੱਤੇ ਮਨੁੱਖਾਂ ਦੇ ਘੁਰਾੜਿਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇੱਧਰ ਉੱਧਰ ਬੇਮੁਹਾਰੇ ਸਰੀਰ ਅੜਿੰਗ-ਬੜਿੰਗ ਪਏ ਹੋਏ ਸਨ। ਗਲੀ ਦੇ ਵਿਚਕਾਰ ਇੱਕ ਪਿੱਪਲ ਦਾ ਰੁੱਖ ਖਲ੍ਹਤਾ ਹੋਇਆ ਲੱਗਦਾ ਸੀ, ਪਰ ਅਸਲ ਵਿੱਚ ਇਹ ਇੱਕ ਛਕੜੇ ਦਾ ਬੰਮ ਅੱਗੇ ਨੂੰ ਨਿਕਲਿਆ ਹੋਇਆ ਸੀ । ਘੋੜੇ ਮਜ਼ੇ ਮਜ਼ੇ ਜੁਗਾਲੀ ਕਰੀ ਜਾ ਰਹੇ ਸਨ ਤੇ ਗਾਵਾਂ, ਜਿਉਂ ਭਾਰੇ ਭਾਰੇ ਸਾਹ ਲੈ ਰਹੀਆਂ ਹੋਣ।
ਅਲੈਕਸੀ ਸਿਗਰਟ ਦੀ ਲੋਅ ਵਿੱਚ ਸੁੱਤਿਆਂ ਕੋਲੋਂ ਬਚ ਬਚਾ ਕੇ ਅੱਗੇ ਲੰਘ ਗਿਆ। ਚਾਰੇ ਪਾਸੇ ਚੁੱਪ-ਚਾਂ ਤੇ ਸ਼ਾਂਤੀ ਵਰਤੀ ਹੋਈ ਸੀ। ਪਰ ਉਸ ਨੂੰ ਇੰਝ ਭਾਸਦਾ ਸੀ,