Back ArrowLogo
Info
Profile

ਸਿਗਰੇਟ ਦੀ ਲੋਅ ਵਿੱਚ ਉਸ ਦੇ ਨੱਕ ਦੀ ਘੋੜੀ ਲਿਸ਼ਕੀ, ਤੰਮਾਕੂ ਨਾਲ ਧੁਆਂਖੇ ਪੋਟੇ ਲਿਸ਼ਕੇ, ਕੁੜੀ ਦੀਆਂ ਅੱਖਾਂ ਲਿਸ਼ਕੀਆਂ ਤੇ ਲਿਸ਼ਕ ਪਈ ਚਿੱਟੀ ਕਮੀਜ਼ ਵਿੱਚੋਂ ਉਸ ਦੀ ਧੌਣ ਤੇ ਗਲ ਵਿੱਚ ਪਈ ਮਣਕਿਆਂ ਦੀ ਮਾਲਾ - ਤੇ ਫਿਰ ਝੱਟ ਅੰਨ੍ਹੇਰਾ ਹੋ ਗਿਆ। '

ਇਸ ਕੁੜੀ ਨਾਲ ਵਿਆਹ ਕਰਨਾ - ਕੋਈ ਔਖੀ ਕਹਾਣੀ ਨਹੀਂ ਹੋਵੇਗੀ। ਉਸ ਸੋਚਿਆ।

ਤੇ ਹਮੇਸ਼ਾ ਵਾਂਗ ਇੱਕ ਸੁਹਣੀ ਜਿਹੀ ਕੁੜੀ ਦਾ ਮੂੰਹ, ਫੁੱਲ ਦੀ ਟਹਿਣੀ ਵਰਗੀ ਧੌਣ, ਨੀਲੀਆਂ ਅੱਖਾਂ, ਨੀਲੀ ਭਾਹ ਮਾਰਦੀ ਉਸ ਦੀ ਫਰਾਕ, ਹੁਣੇ ਹੁਣੇ ਸਕੂਲ ਦਸਵੀਂ ਕਰਕੇ ਨਿਕਲੀ ਹੋਈ... ਉਸ ਦੀ ਵਹੁਟੀ ਨਹੀਂ, ਸਗੋਂ ਮੰਗੇਤਰ ਕੁੜੀ ਜਿਸ ਨੂੰ ਉਹ ਕਦੇ ਮਿਲਿਆ ਨਹੀਂ ਸੀ, ਇਹੋ ਜਿਹੀ ਕੁੜੀ ਜੋ ਕਿਤੇ ਨਾ ਕਿਤੇ ਜ਼ਰੂਰ ਹੋਵੇਗੀ, ਉਸ ਦੇ ਖਿਆਲਾਂ ਦੀਆਂ ਅੱਖਾਂ ਸਾਹਮਣੇ ਝਿਲ ਮਿਲ ਝਿਲ ਮਿਲ ਕਰਨ ਲੱਗ ਪਈ।

"ਜੇ ਕਸਾਕਾਂ ਨੇ ਸਾਡੇ ਉੱਤੇ ਹਮਲਾ ਕੀਤਾ, ਤਾਂ ਮੈਂ ਆਪਣੇ ਆਪ ਈ ਛਾਤੀ ਵਿੱਚ ਛੁਰਾ ਮਾਰ ਲਵਾਂਗੀ।"

ਕੁੜੀ ਨੇ ਆਪਣੇ ਝੱਗੇ ਵਿੱਚ ਹੱਥ ਪਾਇਆ ਤੇ ਇੱਕ ਮਾੜੀ ਮਾੜੀ ਲਿਸ਼ਕਦੀ ਚੀਜ਼ ਉਸ ਬਾਹਰ ਕੱਢ ਲਈ।

"ਬਹੁਤ ਤੇਜ਼ ਹੈ... ਪਰਖ ਕੇ ਵੇਖ ਲੈ।"

ਤੀ..ਲੀ.ਲੀ..।

ਰਾਤ ਦੀ ਚੁੱਪ ਚਾਂ ਵਿੱਚ ਇੱਕ ਅਜੀਬ ਜਿਹੀ ਆਵਾਜ਼ ਦਿਲ ਦੀਆਂ ਤਣਾਵਾਂ ਨੂੰ ਖਿੱਚ ਮਾਰਦੀ ਲੰਘ ਗਈ । ਪਰ ਕਿਸੇ ਬੱਚੇ ਦੀ ਆਵਾਜ਼ ਨਹੀਂ ਇਹ; ਸ਼ਾਇਦ ਕਿਸੇ ਉੱਲੂ ਦੀ ਹੋਵੇ।

"ਅੱਛਾ... ਮੈਨੂੰ ਚੱਲਣਾ ਚਾਹੀਦਾ ਹੈ, ਇੱਥੇ ਵਕਤ ਅਜਾਈਂ ਕਰਨ ਦਾ ਕੋਈ ਲਾਭ ਨਹੀਂ।" ਪਰ ਉਸ ਦੇ ਪੈਰ ਜਿਉਂ ਧਰਤੀ ਵਿੱਚ ਗੱਡੇ ਗਏ ਹੋਣ; ਉਹ ਆਪਣੇ ਆਪ ਨੂੰ ਉਸ ਥਾਂ ਤੋਂ ਹਟਾ ਨਹੀਂ ਸਕਿਆ। ਆਪਣੇ ਆਪ ਨੂੰ ਉੱਥੋਂ ਟੋਰਨ ਲਈ, ਉਹ ਕੁੜੀ ਦੀ ਬਦਖੋਈ ਕਰਨ ਲੱਗ ਪਿਆ: "

ਨਿਰੀ ਗਊ ਏ, ਪਿਛਲੀਆਂ ਟੰਗਾਂ ਨਾਲ ਕੰਨ ਖੁਰਕਣ ਵਾਲੀ।"

ਪਰ ਫਿਰ ਵੀ ਉਹ ਉੱਥੋਂ ਹਿਲ ਨਾ ਸਕਿਆ; ਉੱਥੇ ਹੀ ਖਲ੍ਹਤਾ ਸਿਗਰਟ ਦੇ ਕਸ਼ ਲਾਉਂਦਾ ਰਿਹਾ ਤੇ ਇੱਕ ਵੇਰ ਫਿਰ ਅੰਨ੍ਹੇਰੇ ਵਿੱਚੋਂ ਉਸ ਦੇ ਨੱਕ ਦੀ ਘੋੜੀ ਤੇ ਉਸ ਦੀਆਂ ਉਂਗਲਾਂ, ਕੁੜੀ ਦੀ ਸੁਨੱਖੀ ਧੌਣ ਥੱਲੇ ਦੀ ਵਿਹਲੀ ਥਾਂ, ਮਣਕਿਆਂ ਦੀ ਮਾਲਾ, ਕਸੀਦੇ ਵਾਲੀ ਕਮੀਜ਼ ਵਿੱਚੋਂ ਉਸ ਦੀਆਂ ਉਭਰੀਆਂ ਮਸਤ ਛਾਤੀਆਂ, ਸਭ ਉੱਘੜ ਆਏ ਤੇ ਝੱਟ ਮਗਰੋਂ, ਫੇਰ ਪਹਿਲਾਂ ਵਰਗਾ ਅੰਨ੍ਹੇਰਾ, ਦਰਿਆ ਦਾ ਸ਼ੋਰ ਤੇ ਸੁੱਤੇ ਲੋਕਾਂ ਦੇ ਘੁਰਾੜੇ!

ਉਸ ਦਾ ਚਿਹਰਾ ਉਸ ਦੀਆਂ ਅੱਖਾਂ ਦੇ ਨੇੜੇ ਸੀ। ਉਹਨਾਂ ਅੱਖਾਂ ਦੀ ਚਮਕ, ਜਿਉਂ ਉਸ ਨੂੰ ਵਿਨ੍ਹ ਰਹੀ ਸੀ ਤੇ ਉਸ ਨੂੰ ਇੰਝ ਲੱਗਦਾ ਸੀ, ਜਿਉਂ ਸਾਰੇ ਸਰੀਰ ਵਿੱਚ ਸੂਈਆਂ ਚੁਭ ਰਹੀਆਂ ਹੋਣ। ਉਹਨੇ ਉਹਦੀ ਕੂਹਣੀ ਆਪਣੇ ਹੱਥ ਵਿੱਚ ਲੈ ਲਈ।

30 / 199
Previous
Next