ਤੇਲ ਇਉਂ ਵੱਗਦਾ ਏ, ਜਿਉਂ ਇੱਕ ਬੜੀ ਲੰਮੀ ਲਿਸ਼ਕਦੀ ਚਾਦਰ ਰੁੜ੍ਹਦੀ ਜਾ ਰਹੀ ਹੋਵੇ - ਤੇ ਦੂਰ ਦੂਰ ਤੱਕ ਇਸ ਦੀ ਮਹਿਕ ਨਾਸਾਂ ਨਾਲ ਖਹਿੰਦੀ ਜਾਂਦੀ ਹੈ।
"ਇਸ ਵਰਗੀ ਹੋਰ ਕਿਹੜੀ ਧਰਤੀ ਹੋਵੇਗੀ?"
ਪਹਾੜਾਂ ਤੇ ਸਮੁੰਦਰ ਦੇ ਸਾਹਮਣੇ, ਖ਼ਬਰੇ ਕਿੱਥੋਂ ਕਿੱਥੋਂ ਤੱਕ, ਸਟੈਪੀਆਂ ਦਾ ਫੈਲਾਅ ਹੈ।
ਨਾ ਸੋਨੇ ਵਾਂਗ ਲਿਸ਼ਕਦੀਆਂ ਕਣਕਾਂ ਦਾ ਅੰਦਾਜ਼ ਹੈ ਤੇ ਨਾ ਸਾਵੀਆਂ ਕਚੂਚ ਲਹਿਰਾਂਦੀਆਂ ਖੇਤੀਆਂ ਦਾ ਸ਼ੁਮਾਰ ਤੇ ਦਲਦਲਾਂ ਵਿੱਚ ਬਾਂਸਾਂ ਦੀਆਂ ਝਾੜੀਆਂ ਮਸਤੀ ਵਿੱਚ ਝੂਮ ਝੂੰਮ ਕੋਈ ਗੀਤ ਛੋਂਹਦੀਆਂ ਜਾਪਦੀਆਂ ਨੇ । ਦੂਰ ਦੂਰ ਤੱਕ ਫੈਲੇ, ਹਰੇ ਬਗੀਚਿਆਂ ਵਿੱਚ, ਪਿੰਡਾਂ ਦੇ ਪਿੰਡ, ਢੱਕਾਂ, ਫਾਰਮ ਉੱਭਰੇ ਨਜ਼ਰ ਪਏ ਆਉਂਦੇ ਨੇ। ਉੱਚੇ ਉੱਚੇ ਪਿੱਪਲਾਂ ਦੀਆਂ ਟੀਸੀਆਂ ਅਕਾਸ਼ ਨਾਲ ਜਾ ਛੋਹੀਆਂ ਨੇ ਤੇ ਕਬਰਸਤਾਨਾਂ ਦੇ ਟਿੱਬਿਆਂ ਉੱਤੇ ਪੌਣ ਚੱਕੀ ਦੇ ਪੱਖੇ ਲੰਮੀਆਂ ਲੰਮੀਆਂ ਬਾਹਾਂ ਫੈਲਾਈ ਘੁੰਮੀ ਜਾ ਰਹੇ ਨੇ । ਸਟੈਪੀ ਵਿੱਚ ਭੇਡਾਂ ਦੇ ਇੱਜੜ, ਇੱਕ ਦੇ ਪਿੱਛੇ ਇੱਕ ਜੁੜੇ, ਟੁਰੀ ਜਾਂਦੇ ਨੇ, ਪਰ ਲੱਗਦੇ ਇੰਝ ਨੇ ਜਿਉਂ ਖਲ੍ਹਤੇ ਹੋਏ ਹੋਣ ਇੱਕ ਥਾਂ ਉੱਪਰ ਉਹਨਾਂ ਦੇ ਮੱਖੀਆਂ ਭਿਣਕ ਰਹੀਆਂ ਹੁੰਦੀਆਂ ਨੇ।
ਰੱਜੇ ਪੁੱਜੇ ਪਸ਼ੂ, ਗੋਡੇ ਗੋਡੇ ਪਾਣੀ ਵਿੱਚ, ਸਟੈਪੀ ਦੀਆਂ ਝੀਲਾਂ ਵਿੱਚ ਖਲ੍ਹਤੇ ਆਪਣੇ ਪਰਛਾਵਿਆਂ ਨੂੰ ਵੇਖ ਵੇਖ ਮੂੰਹ ਮਾਰੀ ਜਾਂਦੇ ਨੇ । ਜੂਹਾਂ ਵਿੱਚ ਘੋੜਿਆਂ ਦੇ ਵੱਗ ਇੱਕ ਦੂਜੇ ਦੇ ਪਿੱਛੇ ਪਿੱਛੇ ਅੱਯਾਲ ਉਛਾਲਦੇ ਦੌੜੀ ਜਾਂਦੇ ਨੇ।
ਤੇ ਸਭਨਾਂ ਦੇ ਉੱਪਰ ਪੈ ਰਹੀ ਹੁੰਦੀ ਏ, ਜਾਨ ਖਾਉ ਡਾਢੀ ਤੇਜ਼ ਧੁੱਪ।
ਘੋੜਿਆਂ ਦੇ ਸਿਰਾਂ ਉੱਪਰ ਕੱਖ-ਕਾਨਿਆਂ ਦੇ ਟੋਪੇ ਜਿਹੇ ਪਏ ਹੁੰਦੇ ਹਨ, ਨਹੀਂ ਤਾਂ ਛੱਕੜੇ ਖਿੱਚਦੇ ਲੂਅ ਨਾਲ ਹੀ ਸੜਕ ਕੰਢੇ ਢੇਰ ਹੋ ਜਾਣ। ਜਿਹੜੇ ਬੰਦੇ ਨੰਗੇ ਸਿਰ ਸੜਕਾਂ ਉੱਤੇ ਟੁਰਦੇ ਨੇ, ਉਹਨਾਂ ਨੂੰ ਲੋਅ ਮਾਰ ਜਾਂਦੀ ਏ ਤੇ ਸੜਕ ਉੱਤੇ ਹੀ, ਉਹਨਾਂ ਦੇ ਝੁਲਸੇ ਚਿਹਰਿਆਂ ਵਿੱਚ ਅੱਖਾਂ ਟੱਡੀਆਂ ਰਹਿ ਜਾਂਦੀਆਂ ਨੇ ।
ਸੱਤਾਂ ਸੱਤਾਂ, ਅੱਠਾਂ ਅੱਠਾਂ ਘੋੜਿਆਂ ਵਾਲੇ ਹਲਾਂ ਦੇ ਵਾਲੇ ਮਿੱਟੀ ਨੂੰ ਇਉਂ ਪੁੱਟ ਕੇ ਸਿਆੜ ਕੱਢੀ ਜਾਂਦੀ ਨੇ ਜਿਉਂ ਮਿੱਟੀ ਨਹੀਂ ਕਾਲਾ ਮੱਖਣ ਹੋਵੇ । ਏਨੀ ਸੁਹਣੀ ਦਿੱਸਦੀ ਏ ਕਿ ਮਿੱਟੀ ਬੰਦਾ ਚੁੱਕ ਕੇ ਭਾਵੇਂ ਇੱਕ ਢੋਲੇ ਨੂੰ ਚੱਕ ਮਾਰ ਲਵੇ । ਫਾਲੇ ਭਾਵੇਂ ਜਿੰਨਾ ਮਰਜ਼ੀ ਜ਼ਮੀਨ ਵਿੱਚ ਲਹਿੰਦੇ ਜਾਣ, ਪਰ ਖੁਸ਼ਕ ਮਿੱਟੀ ਕਿਤੇ ਨਹੀਂ ਉਭਰਦੀ, ਉਹ ਸਦਾ ਕੁਆਰੀ ਕਾਲੀ ਮਿੱਟੀ ਨੂੰ ਹੀ ਪੁੱਟਦੇ ਟੁਰੀ ਜਾਂਦੇ ਨੇ ਜੋ ਕਿਤੇ ਹੋਰ ਨਹੀਂ ਹੁੰਦੀ। ਇਸ ਦੀ ਉਪਜਾਊ ਸ਼ਕਤੀ ਦੀਆਂ ਕਿਆ ਗੱਲਾਂ। ਕੋਈ ਇਆਣਾ ਬਾਲ ਵੀ ਥੋੜ੍ਹੀ ਜਿਹੀ ਥਾਂ ਪੁੱਟ ਕੇ ਵਿੱਚ ਕੋਈ ਜੜ੍ਹ ਟੰਗ ਦੇਵੇ, ਤਾਂ ਵੀ ਬੂਟਾ ਪੁੰਗਰ ਪਵੇਗਾ ਤੇ ਵੱਧਦਾ ਵੱਧਦਾ ਇਕ ਦਿਨ ਉਹ ਭਰੇ ਪੂਰੇ ਟਾਹਣਾਂ ਵਾਲਾ ਰੁੱਖ ਬਣ ਜਾਵੇਗਾ। ਇਸ ਮਿੱਟੀ ਵਿੱਚੋਂ ਉੱਗੇ ਅੰਗੂਰਾਂ, ਹਦੁਆਣਿਆਂ, ਅੰਜ਼ੀਰਾਂ, ਖੁਰਮਾਣੀਆਂ, ਟਮਾਟਰਾਂ ਦਾ ਕਿਤੇ ਮੁਕਾਬਲਾ ਨਹੀਂ - ਉਹਨਾਂ ਜਿੰਨੇ ਵੱਡੇ ਵੱਡੇ ਕਿਤੇ ਹੋਰ ਨਹੀਂ ਵੇਖਣ ਵਿੱਚ ਆਉਂਦੇ।
ਪਹਾੜਾਂ ਦੇ ਸਿਖਰਾਂ ਉੱਤੇ ਬੱਦਲ ਘੁੰਮਣ ਘੇਰੀਆਂ ਪਾਂਦੇ ਨੇ, ਸਟੈਪੀਆਂ ਉੱਤੇ