ਇਹਨਾਂ ਦੇ ਮੋਢਿਆਂ ਉੱਤੇ ਸੁੱਟ ਦਿੱਤਾ। ਘ੍ਰਿਣਾ ਭਰੇ ਇਹਨਾਂ ਨੂੰ "ਦੋਜ਼ਖੀ ਰੂਹਾਂ", "ਸ਼ੈਤਾਨ ਦੀ ਔਲਾਦ" ਤੇ "ਨਾਪਾਕ ਦਬੜੂ-ਘੁਸੜੂ" ਆਖਿਆ।
ਆਪਣੇ ਇਰਾਦੇ ਦੇ ਪੱਕੇ, ਬੇਘਰ, ਬੇਜ਼ਮੀਨ ਇਹ "ਵਿਦੇਸ਼ੀ" ਹਰ ਤਰ੍ਹਾਂ ਦੇ ਸ਼ਿਲਪ ਤੇ ਦਸਤਕਾਰੀ ਵਿੱਚ ਜੀਅ ਜਾਨ ਨਾਲ ਜੁੱਟ ਪਏ । ਉਹ ਜੁਗਤੀ ਵਾਲੇ ਲੋਕ ਸਨ। ਉਹਨਾਂ ਨੂੰ ਗਿਆਨ ਤੇ ਸੱਭਿਅਤਾ ਦੀ ਬੜੀ ਭੁੱਖ ਸੀ । ਸਕੂਲਾਂ ਵਿੱਚ ਵੱਧ ਤੋਂ ਵੱਧ ਪੜ੍ਹਨੇ ਪੈ ਗਏ ਤੇ ਕਸਾਕਾਂ ਨੂੰ "ਕੁਲਕ" ਤੇ "ਲਹੂ ਪੀਣੇ" ਆਖ ਕੇ, ਐਸੇ ਨੂੰ ਤੈਸਾ ਕਰ ਕੇ ਟਕਰੇ। ਇੱਕ ਦੂਜੇ ਪ੍ਰਤੀ ਉਹਨਾਂ ਦੇ ਦਿਲਾਂ ਵਿੱਚ ਆਖਰਾਂ ਦੀ ਨਫ਼ਰਤ ਸੀ, ਜੋ ਜ਼ਾਰਸ਼ਾਹੀ ਦੇ ਅਫ਼ਸਰਾਂ, ਜਰਨੈਲਾਂ ਤੇ ਜ਼ਿਮੀਂਦਾਰਾਂ ਨੇ ਖੂਬ ਬਾਲ ਕੇ ਸੇਕੀ।
ਏਨੀ ਸੁਹਣੀ ਧਰਤੀ 'ਤੇ ਚਾਰੇ ਪਾਸੇ ਈਰਖਾ, ਨਫ਼ਰਤ ਤੇ ਕਮੀਨਗੀ ਦੀ ਬਲਦੀ ਅੱਗ!
ਪਰ ਇਹ ਵੀ ਗੱਲ ਨਹੀਂ ਕਿ ਸਾਰੇ ਹੀ ਕਸਾਕ, ਜਾਂ ਸਾਰੇ ਹੀ "ਵਿਦੇਸ਼ੀ", ਇੱਕ ਦੂਜੇ ਵੱਲ ਦੁਸ਼ਮਣੀ ਰੱਖਦੇ ਸਨ। ਉਹ "ਵਿਦੇਸ਼ੀ", ਜਿਨ੍ਹਾਂ ਆਪਣੀ ਮਿਹਨਤ, ਬੁੱਧੀ ਤੇ ਈਮਾਨਦਾਰੀ ਨਾਲ, ਦਿਨ ਰਾਤ ਹੱਡ ਗੋਡੇ ਭੰਨ੍ਹ ਕੇ ਕੰਮ ਕੀਤਾ, ਉਹ ਅਮੀਰ ਕਸਾਕਾਂ ਦੀ ਨਜ਼ਰ ਵਿੱਚ ਆਦਰਯੋਗ ਗਿਣੇ ਜਾਣ ਲੱਗੇ। ਉਹਨਾਂ ਠੇਕੇ ਉੱਤੇ ਕਸਾਕਾਂ ਕੋਲ ਜ਼ਮੀਨਾਂ ਤੇ ਕਾਰਖਾਨੇ ਲੈ ਲਏ। ਗਰੀਬ "ਵਿਦੇਸ਼ੀਆਂ" ਵਿੱਚੋਂ ਕਈ ਬੰਦੇ ਉਹਨਾਂ ਦੇ ਕੰਮਾਂ ਕਾਰਾਂ ਵਿੱਚ ਨਾਲ ਸਨ। ਬੈਂਕਾਂ ਵਿੱਚ ਉਹਨਾਂ ਦੇ ਖਾਤੇ ਸਨ ਤੇ ਅਨਾਜ ਦਾ ਵਣਜ ਵਪਾਰ ਕਰਨ ਲੱਗ ਪਏ ਸਨ।
ਢੋਡਰ ਕਾਂ ਇੱਕ ਦੂਜੇ ਦੀ ਅੱਖ ਵਿੱਚ ਚੁੰਝਾਂ ਨਹੀਂ ਮਾਰਦੇ।
ਘੇਰੇਦਾਰ ਲੰਮੇ ਸਰਕੇਸ਼ੀਅਨ ਕੋਟ ਪਾਈ ਕਸਾਕ, ਸਿਰਾਂ ਉੱਤੇ ਬੁਰਦਾਰ ਟੋਪੀਆਂ ਸ਼ਾਨ ਨਾਲ ਰੱਖੀ, ਪਿੰਡ ਦੀਆਂ ਗਲੀਆਂ ਵਿੱਚ ਘੋੜਿਆਂ ਦੇ ਸੁੰਮਾਂ ਨਾਲ ਮਾਰਚ ਦੇ ਮਹੀਨੇ ਦਾ ਚਿੱਕੜ ਗਾਰਾ ਉਡਾਂਦੇ ਲੰਘ ਗਏ। ਉਹ ਜ਼ੋਰ ਜ਼ੋਰ ਦੀ ਸੀਟੀਆਂ ਮਾਰਦੇ ਤੇ ਰੁੱਤ ਬਹਾਰ ਦੇ ਨੀਲੇ ਅਕਾਸ਼ ਵਿੱਚ ਗੋਲੀਆਂ ਚਲਾਂਦੇ ਜਾ ਰਹੇ ਸਨ । ਕੋਈ ਛੁੱਟੀ ਦਾ ਦਿਨ ਸੀ ? ਗਿਰਜਿਆਂ ਵਿੱਚੋਂ ਘੰਟਿਆਂ ਦੀ ਆਵਾਜ਼ ਪਿੰਡਾਂ ਤੇ ਫ਼ਾਰਮਾਂ ਵਿੱਚ ਗੂੰਜਾਂ ਪਾ ਰਹੀ ਸੀ । ਸਾਰੀ ਆਬਾਦੀ ਕਸਾਕ ਤੇ "ਵਿਦੇਸ਼ੀ" ਦੋਹਾਂ ਨੇ, ਛੁੱਟੀ ਦੇ ਦਿਨ ਵਾਲੇ ਬਸਤਰ ਪਾਏ ਹੋਏ ਸਨ। ਸਾਰੀਆਂ ਕੁੜੀਆਂ ਚਿੜੀਆਂ, ਬੁੱਢੇ, ਜਵਾਨ, ਦੰਦ ਬੋੜੀਆਂ ਤੇ ਝੁਰੜੀਆਂ ਭਰੀਆਂ ਤੀਵੀਆਂ ਸਭ ਖੁਸ਼ੀਆਂ ਵਿੱਚ ਗਲੀਆਂ ਵਿੱਚ ਵਿੱਚ ਝੂਮ ਰਹੇ ਸਨ।
ਈਸਟਰ ਦਾ ਤਿਉਹਾਰ ਸੀ ? ਨਹੀਂ, ਲੋਕੀਂ ਗਿਰਜੇ ਵਿੱਚ ਲੰਗਰ ਨਹੀਂ ਸਨ ਖਾ ਰਹੇ। ਇਹ ਇੱਕ ਮਨੁੱਖੀ ਤਿਉਹਾਰ ਸੀ, ਜੋ ਸਦੀਆਂ ਪਿੱਛੋਂ ਅੱਜ ਵੇਖਣ ਵਿੱਚ ਆ ਰਿਹਾ ਸੀ। ਸ਼ਾਇਦ ਜਦੋਂ ਦੀ ਸੰਸਾਰ ਉਤਪਤੀ ਹੋਈ ਹੋਵੇ, ਪਹਿਲੀ ਵੇਰ, ਅੱਜ ਇਹ ਸ਼ੁਭ ਘੜੀ ਆਈ ਹੋਵੇ।
ਜੰਗ ਮੁਰਦਾਬਾਦ।
ਕਸਾਕ ਇੱਕ ਦੂਜੇ ਦੇ ਗਲੇ ਮਿਲ ਰਹੇ ਸਨ। ਉਹ "ਵਿਦੇਸ਼ੀਆਂ" ਨੂੰ