Back ArrowLogo
Info
Profile

ਗਲਵੱਕੜੀਆਂ ਪਾ ਰਹੇ ਸਨ। "ਵਿਦੇਸ਼ੀ" ਕਸਾਕਾਂ ਨੂੰ ਜੱਫੀਆਂ ਪਾ ਰਹੇ ਸਨ। ਅੱਜ ਕੋਈ ਵੀ ਨਾ ਕਸਾਕ ਸੀ ਤੇ ਨਾ "ਵਿਦੇਸ਼ੀ" - ਸਭ ਸ਼ਹਿਰੀ ਸਨ। ਹੁਣ ਨਾ ਕੋਈ "ਕੁਲਕ" ਸੀ; ਨਾ ਸ਼ੈਤਾਨ ਦੀ ਔਲਾਦ ।" ਸਭ ਸ਼ਹਿਰੀ ਸਨ।

ਜੰਗ ਮੁਰਦਾਬਾਦ।

ਫਰਵਰੀ ਵਿੱਚ ਜ਼ਾਰ ਦਾ ਤਖ਼ਤਾ ਉਲਟ ਦਿੱਤਾ ਗਿਆ ਸੀ । ਫਿਰ ਅਕਤੂਬਰ ਵਿੱਚ, ਦੂਰ ਕਿਤੇ ਰੂਸ ਵਿੱਚ, ਕੁਝ ਹੋਰ ਹੀ ਵਾਪਰ ਗਿਆ ਸੀ । ਕੀ ਹੋਇਆ ਸੀ, ਠੀਕ ਕੋਈ ਨਹੀਂ ਸੀ ਦੱਸ ਸਕਦਾ। ਪਰ ਹੋਇਆ ਕੁਝ ਅਵੱਸ਼ ਅਜਿਹਾ ਸੀ, ਜਿਸ ਦੀ ਛਾਪ ਸਾਰਿਆਂ ਦੇ ਦਿਲਾਂ ਉੱਤੇ ਪੈ ਗਈ।

ਜੰਗ ਮੁਰਦਾਬਾਦ!

ਦਿਲਾਂ ਨੇ ਦਿਲਾਂ ਦੀ ਬਾਤ ਬੁੱਝ ਲਈ ਸੀ।

ਇੱਕ ਰਜਮੈਂਟ ਮਗਰੋਂ ਦੂਜੀ ਰਜਮੈਂਟ, ਤੁਰਕੀ ਦੇ ਮੋਰਚੇ ਤੋਂ ਵਾਪਸ ਪਰਤ ਰਹੀ ਸੀ। ਕਸਾਕ ਰਸਾਲਾ, ਕੀਊਬਨ ਕਸਾਕ ਬਟਾਲੀਅਨ, "ਵਿਦੇਸ਼ੀ" ਪਿਆਦਾ ਰਜਮੈਂਟਾਂ, ਬੜੀ ਚੁਸਤੀ ਨਾਲ ਮਾਰਚ ਕਰਦੀਆਂ ਲੰਘ ਰਹੀਆਂ ਸਨ । ਤੋਪ ਗੱਡੀਆਂ ਗਰੜ ਗਰੜ ਕਰਦੀਆਂ ਟੁਰੀ ਜਾ ਰਹੀਆਂ ਸਨ। ਇੱਕ ਅਥਾਹ ਭੀੜ ਆਪਣੇ ਘਰਾਂ ਨੂੰ ਪਰਤ ਰਹੀ ਸੀ - ਆਪਣੇ ਜਾਣੇ ਪਛਾਣੇ ਪਿੰਡਾਂ ਨੂੰ । ਆਪਣੇ ਆਪਣੇ ਹਥਿਆਰ, ਆਪਣੇ ਨਾਲ ਲਈ। ਸਭ ਸਾਜੋ ਸਾਮਾਨ ਭਰੀਆਂ ਗੱਡੀਆਂ ਸਮੇਤ, ਉਹ ਮੁੜ ਰਹੇ ਸਨ । ਰਾਹ ਵਿੱਚ ਉਹਨਾਂ ਕਈ ਸਟੋਰਾਂ ਦੇ ਬੂਹੇ ਭੰਨ ਕੇ ਮਾਲ ਵਿੱਚੋਂ ਕੱਢ ਲਿਆ, ਕਈ ਸ਼ਰਾਬ ਦੀਆਂ ਭੱਠੀਆਂ ਲੁੱਟ ਲਈਆਂ ਤੇ ਪੀ ਪੀ ਕੇ ਮਸਤੀ ਵਿੱਚ ਝੂੰਮਣ ਲੱਗ ਪਏ। ਜਿਹੜੇ ਕਿਸੇ ਟੁੱਟ-ਭੱਜ ਤੋਂ ਬਚ ਆਏ ਸਨ ਉਹ ਆਪਣੇ ਪਿੰਡਾਂ ਤੇ ਫਾਰਮਾਂ ਨੂੰ ਚਲੇ ਗਏ।

ਕੀਊਬਨ ਖੇਤਰ ਵਿੱਚ ਸੋਵੀਅਤ ਸ਼ਕਤੀ ਦੀ ਸਥਾਪਨਾ ਹੋ ਚੁੱਕੀ ਸੀ। ਕੀਊਬਨ ਧਰਤੀ ਉੱਤੇ ਬੇਸ਼ੁਮਾਰ ਕਿਰਤੀ ਪਿੰਡਾਂ ਵਿੱਚੋਂ ਤੇ ਮਲਾਹ, ਜਹਾਜ਼ਾਂ ਵਿੱਚੋਂ ਆ ਵੜੇ। ਉਹ ਲੋਕਾਂ ਨੂੰ ਹਰ ਗੱਲ ਦੀ ਸੱਚਾਈ ਦੱਸਣ ਦੀ ਪੂਰੀ ਵਾਹ ਲਾ ਰਹੇ ਸਨ। ਉਹ ਸਮਝਾ ਰਹੇ ਸਨ ਕਿ "ਜ਼ਿਮੀਂਦਾਰ" ਤੇ "ਬੁਰਜੂਆ" ਦੇ ਕੀ ਅਰਥ ਹੁੰਦੇ ਹਨ। ਕਿਸ ਤਰ੍ਹਾਂ ਜ਼ਾਰ ਨੇ ਕਸਾਕਾਂ ਤੇ "ਵਿਦੇਸ਼ੀਆਂ" ਤੇ ਕਾਕੇਸ਼ੇਸ਼ ਦੇ ਲੋਕਾਂ ਵਿਚਕਾਰ ਨਫ਼ਰਤ ਦਾ ਬੀਜ ਬੀਜਿਆ ਸੀ । ਸੋ ਅਫ਼ਸਰਾਂ ਨੂੰ ਫਾਂਸੀ ਲਾ ਦਿੱਤਾ ਗਿਆ, ਜਾਂ ਥੈਲਿਆਂ ਵਿੱਚ ਪਾ ਕੇ, ਥੈਲੇ ਦਰਿਆ ਵਿਚ ਸੁੱਟ ਦਿੱਤੇ ਗਏ।

ਹੁਣ ਵਾਹੀ ਤੇ ਬਿਜਾਈ ਦਾ ਸਮਾਂ ਆ ਗਿਆ ਸੀ ਤੇ ਦੱਖਣੀ ਸੂਰਜ ਦੀਆਂ ਕਿਰਨਾਂ, ਭਰੀਆਂ ਪੂਰੀਆਂ ਫਸਲਾਂ ਦਾ ਸੁਨੇਹਾ ਦੇਣ ਲੱਗ ਪਈਆਂ ਸਨ।

"ਅੱਛਾ, ਸਾਨੂੰ ਵਾਹੀ ਕਿਵੇਂ ਕਰਨੀ ਚਾਹੀਦੀ ਹੈ? ਸਾਨੂੰ ਜ਼ਮੀਨ ਵੰਡ ਲੈਣੀ ਚਾਹੀਦੀ ਹੈ, ਵਕਤ ਅਜਾਈਂ ਕਰਨ ਦਾ ਸਮਾਂ ਹੁਣ ਨਹੀਂ ਰਿਹਾ,""ਵਿਦੇਸ਼ੀ", ਕਸਾਕਾਂ ਨੂੰ ਕਹਿਣ ਲੱਗੇ।

"ਤੁਹਾਨੂੰ ਜ਼ਮੀਨ ਚਾਹੀਦੀ ਹੈ।" ਕਸਾਕ, ਅੱਖਾਂ ਵਿੱਚ ਕਾਲੇ ਡੋਰੇ ਲਿਆ ਕੇ ਬੋਲੇ। ਇਨਕਲਾਬ ਦਾ ਸੁਹਾਉਣਾ ਪੱਖ ਫਿੱਕਾ ਪੈ ਗਿਆ।

47 / 199
Previous
Next