ਕਦਮ ਮਿਲਾ ਕੇ, ਬਾਹਾਂ ਮਾਰਦੇ ਟੁਰੀ ਜਾ ਰਹੇ ਸਨ । ਕਿਸੇ ਦੀ ਅੱਖ ਉੱਤੇ ਨੀਲ ਸੀ, ਕਿਸੇ ਦਾ ਲਾਲ ਸੂਹਾ ਨੱਕ ਸੁਜਾ ਹੋਇਆ ਸੀ ਤੇ ਕਿਸੇ ਦੀਆਂ ਗੱਲ੍ਹਾਂ ਵਲੂੰਧਰੀਆਂ ਹੋਈਆਂ ਸਨ। ਉਹ ਬਾਹਾਂ ਮਾਰਦੇ ਟੁਰੀ ਜਾ ਰਹੀ ਸਨ ਤੇ ਬੜੀ ਤਸੱਲੀ ਨਾਲ ਫੜ੍ਹਾਂ ਮਾਰ ਰਹੇ ਸਨ:
"ਮੈਂ ਐਸਾ ਮੁੱਕਾ ਵੱਟ ਕੇ ਉਸ ਦੇ ਨੱਕ ਉੱਤੇ ਮਾਰਿਆ ਕਿ ਉਹ ਦੜ-ਗਾਟੇ ਜਾ ਪਿਆ ।"
"ਮੈਂ ਉਸ ਦਾ ਸਿਰ ਆਪਣੇ ਗੋਡਿਆਂ ਵਿੱਚ ਲੈ ਕੇ ਸ਼ਕੰਜਾ ਚਾੜ੍ਹ ਦਿੱਤਾ। ਹਰਾਮੀ ਨੇ ਮੇਰੇ... ਇਸ ਉੱਤੇ ਚੱਕ ਕੱਢ ਮਾਰਿਆ।"
"ਹੋ! ਹੋ। ਹਾਹ! ਹਾਹ!" ਸਾਰੇ ਹੱਸ ਪਏ।
"ਤੇਰੀ ਵਹੁਟੀ ਕੀ ਆਖੇਗੀ ?"
ਬੜੀ ਮੌਜ ਵਿੱਚ ਗੱਲਾਂ ਕਰੀ ਜਾ ਰਹੇ ਸਨ ਕਿ ਕਿਵੇਂ ਛੁਰਾ ਮਾਰਨ ਤੇ ਵੱਢਣ ਦੀ ਥਾਂ, ਕਿਸੇ ਗੁੱਝੇ ਕਾਰਨ, ਉਹਨਾਂ ਨੇ ਵਹਿਸ਼ੀਆਂ ਵਾਂਗ, ਮੁੱਕੇ ਮਾਰ ਮਾਰ ਜਾਨ ਕੱਢ ਦਿੱਤੀ ਸੀ।
ਚਾਰ ਕਸਾਕ, ਜੋ ਉਹਨਾਂ ਪਿੰਡ ਕਾਬੂ ਕੀਤੇ ਹੋਏ ਸਨ, ਉਹਨਾਂ ਨਾਲ ਟੁਰੀ ਜਾ ਰਹੇ ਸਨ। ਉਹਨਾਂ ਦੇ ਮੂੰਹ ਸਿਰ ਵੀ ਵਲੂੰਧਰੇ ਹੋਏ ਸਨ, ਜਿਸ ਕਰਕੇ ਆਪਸ ਵਿੱਚ ਰਿਸ਼ਤਾ ਕਾਇਮ ਹੋ ਗਿਆ ਸੀ।
"ਕੁੱਤੇ ਦੇ ਬੀਓ, ਤੁਹਾਨੂੰ ਸੁੱਝੀ ਕੀ ਕਿ ਤੁਸੀਂ ਸਾਡੇ ਦੰਦ ਹੀ ਭੰਨਣ ਡਹਿ ਪਏ? ਤੁਹਾਡੇ ਕੋਲ ਰਫ਼ਲਾਂ ਹੈ ਨਹੀਂ ਸਨ ?"
"ਨਸ਼ੇ ਵਿੱਚ ਧੁੱਤ ਹੋਏ ਹੋਏ ਸਾਂ, ਅਸੀਂ ਸਾਰੇ ਦੇ ਸਾਰੇ।" ਕਸਾਕ ਮੋਢੇ ਹਿਲਾ ਕੇ ਕਹਿਣ ਲੱਗੇ।
ਸਿਪਾਹੀਆਂ ਦੀਆਂ ਅੱਖਾਂ ਲਿਸ਼ਕ ਪਈਆਂ।
"ਤੁਹਾਡੇ ਹੱਥ ਮਾਲ ਆ ਕਿੱਥੋਂ ਗਿਆ ?"
"ਅਫ਼ਸਰਾਂ ਦੀ ਕਿਤੇ ਨਜ਼ਰ ਪੈ ਗਈ - ਕੋਈ ਪੰਜਾਹ ਘੜੇ- ਲਾਗਲੇ ਕਿਸੇ ਪਿੰਡ ਵਿੱਚ, ਗੱਡੇ ਹੋਏ ਦਿੱਸ ਪਏ। ਸ਼ਾਇਦ ਸਾਡੇ ਆਪਣੇ ਬੰਦਿਆਂ ਨੇ ਹੀ ਲਿਆ ਕੇ ਜ਼ਮੀਨ ਵਿੱਚ ਗੱਡ ਦਿੱਤੀ ਹੋਵੇ, ਜਦ ਉਹਨਾਂ ਅਰਮਾਵੀਰ ਦੀ ਭੱਠੀ ਲੁੱਟ ਕੱਢੀ ਸੀ ਅਫ਼ਸਰ ਸਾਨੂੰ ਲੇਨ ਵਿੱਚ ਖਲ੍ਹਾਰ ਕੇ ਆਖਣ ਲੱਗੇ ਕਿ ਜੇ ਅਸੀਂ ਪਿੰਡ ਉੱਤੇ ਚੜ੍ਹਾਈ ਕਰ ਦਈਏ ਤਾਂ ਉਹ ਸਾਡੀ ਮੌਜ ਕਰਾ ਦੇਣਗੇ। ਅਸਾਂ ਆਖਿਆ, 'ਚਲੋ, ਲੁਆਉ ਘੁੱਟ ਤੇ ਅਸੀਂ ਪਲਾਂ ਵਿੱਚ ਉਹਨਾਂ ਦਾ ਕੀਮਾਂ ਬਣਾ ਕੇ ਧਰ ਦਿਆਂਗੇ। ਉਹਨਾਂ ਇੱਕ ਇੱਕ ਨੂੰ ਦੋ ਦੋ ਬੋਤਲਾਂ ਦਿੱਤੀਆਂ ਤੇ ਅਸਾਂ ਇੱਕੋ ਵੇਰ ਚਾੜ੍ਹ ਲਈਆਂ। ਖੂਬ ਨਸ਼ਾ ਦੁਆਣ ਲਈ ਉਹਨਾਂ ਨਾਲ ਕੁਝ ਖਾਣ ਨਾ ਦਿੱਤਾ। ਬਸ ਅਸੀਂ ਤੁਹਾਡੇ ਧੰਨ ਭੰਨਣ ਲਈ ਪਾਗਲ ਹੋ ਗਏ। ਰਫ਼ਲਾਂ ਕਰਕੇ ਰੁਕਾਵਟ ਪੈ ਰਹੀ ਸੀ, ਸੋ ਅਸਾਂ ਪਰੇ ਵਗਾਹ ਮਾਰੀਆਂ।"
"ਸੁਰ ਦੇ ਬੱਚੇ ਨਾ ਹੋਣ ਤਾਂ ।" ਇਕ ਸਿਪਾਹੀ ਮੁੱਕਾ ਉੱਘਰਦਾ ਕੁੱਦ ਕੇ ਉਹਨਾਂ ਉੱਪਰ ਪੈਣ ਲੱਗਾ। ਦੂਜੇ ਸਿਪਾਹੀਆਂ ਉਸ ਨੂੰ ਰੋਕ ਲਿਆ।
"ਜਾਣ ਦੇ ਦੋਸਤਾ, ਉਹਨਾਂ ਵਿਚਾਰਿਆਂ ਦਾ ਕੀ ਕਸੂਰ ਸੀ । ਉਹ ਤਾਂ ਅਫ਼ਸਰਾਂ