ਨੇ ਉਹਨਾਂ ਨੂੰ ਭੁਤਾਇਆ ਹੋਇਆ ਸੀ।"
ਇੱਕ ਸੜਕ ਦੇ ਮੋੜ ਉੱਤੇ ਦਸਤਾ ਰੁੱਕ ਗਿਆ ਤੇ ਕਸਾਕ ਆਪਣੇ ਲਈ, ਇੱਕ ਸਾਂਝੀ ਕਬਰ ਪੁੱਟਣ ਲੱਗ ਪਏ।
ਸਾਮਾਨ ਗੱਡੀਆਂ ਮਿੱਟੀ ਘੱਟਾ ਉਡਾਉਂਦੀਆਂ ਆਪਣੇ ਲੰਮੇ ਸਫ਼ਰ ਉੱਤੇ ਟੁਰੀ ਗਈਆਂ। ਦੂਰ ਪਰੇ ਸੁਰਮਈ ਪਹਾੜ ਖਲ੍ਹਤੇ ਦਿੱਸ ਰਹੇ ਸਨ। ਛਕੜੇ ਲਾਲ ਰੰਗ ਦੇ ਸਿਰਹਾਣਿਆਂ, ਕੰਬਲਾਂ, ਕੱਪੜਿਆਂ, ਸ਼ੀਸ਼ਿਆਂ ਤੇ ਸਮੋਵਾਰ, ਨਾਲ ਲੱਦੇ ਪਏ ਸਨ ਤੇ ਸਿਰਹਾਣਿਆਂ, ਕੰਬਲਾਂ, ਕੱਪੜਿਆਂ ਤੇ ਜੁੱਲਿਆਂ ਵਿੱਚੋਂ ਬੱਚਿਆਂ ਦੇ ਸਿਰ ਜਾਂ ਬਿੱਲੀਆਂ ਦੇ ਕੰਨ ਦਿੱਸ ਰਹੇ ਸਨ। ਚੂਚੇ ਟੋਕਰਿਆਂ ਵਿੱਚ ਕੁੜ ਕੁੜ ਕਰ ਰਹੇ ਸਨ । ਗਾਵਾਂ ਛੱਕੜਿਆਂ ਦੇ ਪਿੱਛੇ ਰੱਸਿਆਂ ਵਿੱਚ ਬੱਝੀਆਂ ਟੁਰੀ ਜਾ ਰਹੀਆਂ ਸਨ । ਨਾਲ ਝੰਡਲ ਕੁੱਤੇ ਜੀਭਾਂ ਲਮਕਾਈ ਛੱਕੜਿਆਂ ਦੀ ਛਾਵੇਂ ਛਾਵੇਂ ਟੁਰੀ ਜਾ ਰਹੇ ਸਨ । ਛੱਕੜਿਆਂ ਦੇ ਇਸ ਜਲੂਸ ਵਿੱਚ, ਕਿਰਸਾਨਾਂ ਦਾ ਨਿੱਕਾ ਮੋਟਾ ਸਾਰਾ ਸਾਮਾਨ ਤੁਸਿਆ ਪਿਆ ਸੀ । ਜਦ ਕਸਾਕਾਂ ਨੇ ਉਹਨਾਂ ਉੱਤੇ ਹਮਲਾ ਕੀਤਾ ਤਾਂ ਉਹ ਆਪਣਾ ਸਭ ਕੁਝ ਲੱਦ ਲਦਾ ਕੇ, ਪਿੰਡੋਂ ਨਿਕਲ ਆਏ ਤੇ ਨਿਰੀਆਂ ਸੱਖਣੀਆਂ ਝੁੱਗੀਆਂ ਪਿੱਛੇ ਛੱਡ ਆਏ।
"ਵਿਦੇਸ਼ੀਆਂ" ਲਈ ਇਹ ਪਹਿਲੀ ਵਾਰ ਨਹੀਂ ਸੀ ਕਿ ਉਹਨਾਂ ਨੂੰ ਆਪਣਾ ਘਰ ਘਾਟ ਛੱਡਣਾ ਪਿਆ ਸੀ । ਸੋਵੀਅਤ ਸੱਤ੍ਹਾ ਦੇ ਵਿਰੁੱਧ ਕਸਾਕਾਂ ਦੀਆਂ ਟੋਲੀਆਂ ਕਈ ਵੇਰ ਸਿਰ ਚੁੱਕ ਖਲ੍ਹਤੀਆਂ ਸਨ। ਪਰ ਇਹ ਹਾਲਾਤ ਕੁਝ ਦਿਨਾਂ ਤੱਕ ਹੀ ਰਹਿੰਦੀ ਸੀ । ਲਾਲ ਸਿਪਾਹੀ ਆ ਪਹੁੰਚੇ ਸਨ ਤੇ ਸਭ ਕੁਝ ਸਾਂਭ ਸਿਕਰ ਲੈਂਦੇ ਸਨ ਤੇ ਹਾਲਤ ਆਮ ਵਰਗੀ ਹੋ ਜਾਂਦੀ ਸੀ । ਪਰ ਹੁਣ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਸੀ । ਕਸਾਕਾਂ ਦੀ ਬਗਾਵਤ ਨੂੰ ਅੱਜ ਦੂਜਾ ਹਫ਼ਤਾ ਹੋ ਚੁੱਕਾ ਸੀ ਤੇ ਉਹ ਅੱਗੇ ਨਾਲੋਂ ਵੱਧ ਹੀ ਭੜਕੇ ਹੋਏ ਸਨ । ਉਹਨਾਂ ਕੋਲ ਰਸਦ ਮਸਾਂ ਕੁਝ ਦਿਨਾਂ ਜੋਗਾ ਹੀ ਸੀ । ਨਿੱਤ ਉਹ ਇਹ ਸੁਣਨ ਦੀ ਆਸ ਲਾਈ ਰੱਖਦੇ ਸਨ ਕਿ, "ਤੁਸੀਂ ਹੁਣ ਘਰਾਂ ਨੂੰ ਪਰਤ ਸਕਦੇ ਹੋ", ਪਰ - ਫਾਂਸੀ ਦੇ ਫੰਦਿਆਂ ਦੀਆਂ ਭਿਆਨਕ ਖ਼ਬਰਾਂ ਆ ਪੁੱਜਦੀਆਂ ਕਿ ਪਿੰਡ ਵਿੱਚ ਕਈ"ਵਿਦੇਸ਼ੀ" ਫਾਹੇ ਲਾਏ ਜਾ ਚੁੱਕੇ ਸਨ । ਕੀ ਕਦੇ ਇਸ ਦਾ ਅੰਤ ਵੀ ਹੋਵੇਗਾ? ਤੇ ਉਹਨਾਂ ਛੱਡੇ ਛਡਾਏ ਘਰਾਂ ਦਾ ਕੀ ਬਣੇਗਾ ?
ਛੱਕੜੇ ਚੀਂ ਚੀਂ ਚੀਖ਼ਦੇ, ਸਾਮਾਨ ਨਾਲ ਲੱਦੇ ਆਪਣੀ ਵਾਟੇ ਪਏ ਰਹੇ। ਸ਼ੀਸ਼ਿਆਂ ਉੱਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਰਹੀਆਂ, ਸਿਰਹਾਣਿਆਂ ਵਿੱਚੋਂ ਗੋਲ ਮਟੋਲ ਬੱਚਿਆਂ ਦੀਆਂ ਚਮਕਦੀਆਂ ਅੱਖਾਂ ਦਿੱਸਦੀਆਂ ਰਹੀਆਂ । ਸਿਪਾਹੀ ਕਾੜ ਕਾੜ ਪੈਰ ਮਾਰਦੇ, ਖੇਤਾਂ ਉੱਤੇ ਨਜ਼ਰ ਮਾਰਦੇ ਟੁਰੀ ਗਏ, ਜਿੱਥੇ ਨਾ ਕੋਈ ਹਦੁਆਣੇ ਦੀ ਵੇਲ ਰਹੀ ਸੀ ਤੇ ਨਾ ਕੱਦੂਆਂ ਤੇ ਸੂਰਜ ਮੁਖੀ ਦੇ ਬੂਟੇ ਰਹੇ ਸਨ। ਨਿਰੇ ਰੁੰਡ-ਮੁੰਡ ਖੇਤ ਮੂੰਹ ਅੱਡੀ ਪਏ ਸਨ। ਹੁਣ ਨਾ ਕੋਈ ਕੰਪਨੀ ਰਹੀ ਸੀ, ਨਾ ਬਟਾਲੀਅਨ ਤੇ ਨਾ ਰਜਮੈਂਟ ਸਭ ਰਲ ਗੱਡ ਹੋ ਕੇ ਇੱਕ ਹੋਏ ਪਏ ਸਨ। ਜਿਵੇਂ ਜਿਸ ਦਾ ਜੀਅ ਕਰਦਾ, ਉਹ ਕਰੀ ਜਾਂਦਾ। ਕੋਈ ਗਾ ਰਿਹਾ ਸੀ, ਕੋਈ ਗਾਲ਼ਾਂ ਕੱਢ ਰਿਹਾ ਸੀ, ਕੋਈ ਚਖਬਾਜ਼ੀ ਵਿੱਚ ਮਸਤ ਸੀ, ਕੋਈ ਛਾਲ ਮਾਰ ਕੇ ਛੱਕੜੇ ਵਿੱਚ ਬੈਠਾ, ਅੱਖਾਂ ਨੁਟੀ ਸਿਰ ਮਾਰੀ ਜਾ ਰਿਹਾ ਸੀ।