ਉਸ ਨੂੰ ਲੱਗਦਾ ਜਿਵੇਂ ਮੱਥਾ ਪਾਟ ਰਿਹਾ ਹੋਵੇ । ਹਿੰਦਸੇ ਤੇ ਕਸਰਾਂ ਨੂੰ ਚੇਤੇ ਰੱਖਣਾ, ਗੋਲੀਆਂ ਦੀ ਵਾਛੜ ਵਿੱਚ ਮਰ ਜਾਣ ਨਾਲੋਂ ਵਧੇਰੇ ਔਖਾ ਸੀ।
ਅਫ਼ਸਰ ਉਸ ਨੂੰ ਵੇਖ ਕੇ ਹੱਸ ਹੱਸ ਆਪਣੀਆਂ ਵੱਖੀਆਂ ਨੱਪਣ ਲੱਗ ਪੈਂਦੇ - ਵਾਧੂ ਦੇ ਅਫ਼ਸਰ, ਜੋ ਇੱਥੇ ਆ ਵੜੇ ਸਨ- ਆਪਣੀ ਜਾਨ ਦੀ ਸੁਰੱਖਿਆ ਪਹਿਲਾਂ, ਪਿੱਛੇ ਰਹਿਣਾ ਹਮੇਸ਼ਾ ਹੀ ਸੁਰੱਖਿਅਤ ਥਾਂ ਸੀ ਤੇ ਉਹਨਾਂ ਨਾਲ ਭਰੀ ਹੋਈ ਸੀ, ਜੋ ਹਮੇਸ਼ਾ ਲੜਾਈ ਦੇ ਖਤਰੇ ਤੋਂ ਬਚ ਕੇ ਰਹਿਣਾ ਚਾਹੁੰਦੇ ਸਨ ਤੇ ਜਿਨ੍ਹਾਂ ਲਈ, ਕਈ ਫਜ਼ੂਲ ਦੇ ਕੰਮ ਇੱਥੇ ਕੱਢੇ ਗਏ ਸਨ। ਉਹ ਵੇਖ ਕੇ, ਉਸ ਵੱਲ ਹੱਸ ਹੱਸ ਆਪਣੀਆਂ ਵੱਖੀਆਂ ਘੁੱਟਦੇ ਅਹੁ ਵੇਖੋ ਆ ਗਿਆ ਜੇ ਗੰਵਾਰ ਕਿਤੋਂ ਦਾ, ਘਚੀੜ। ਉਹ ਉਸ ਨੂੰ ਨਫ਼ਰਤ ਕਰਦੇ ਤੇ ਸਵਾਲਾਂ ਦੇ ਉੱਤਰ ਲਈ ਫੇਲ੍ਹ ਕਰ ਛੱਡਦੇ, ਜੋ ਕਰੜੀ ਮਿਹਨਤ ਮਗਰੋਂ, ਉਹ ਕਿਸੇ ਤਰ੍ਹਾਂ ਠੀਕ ਵੀ ਕਰ ਲੈਂਦਾ। ਤੇ ਉਹਨਾਂ ਉਸ ਨੂੰ ਰਜਮੈਂਟ ਵਿੱਚ ਵਾਪਸ ਤੋਰ ਦਿੱਤਾ, ਇਹ ਆਖ ਕੇ ਕਿ ਇਸ ਦਾ ਦਿਮਾਗ ਖਰਾਬ ਹੈ।
ਮਸ਼ੀਨਗੰਨ ਦੀ ਵਾਛੜ, ਰਟ ਰਟ ਕਰਦੀ ਗੋਲੀਆਂ ਚੱਲਣ ਦੀ ਆਵਾਜ਼... ਜਾਨ ਖਾਊ ਕੰਮ... ਚਾਰੇ ਪਾਸੇ ਡਿੱਗਦੀਆਂ ਲੋਕਾਂ ਲੋਥਾਂ ਤੇ ਵਿਚਕਾਰ ਖਲ੍ਹਤਾ ਉਹ... ਜਿਉਂ ਖੇਤ ਵਿੱਚ ਵਾਢੀ ਕਰਦਾ ਕਿਰਸਾਨ।
ਇਸ ਕਿਰਸਾਨ ਵਿੱਚ ਇੱਕ ਝੋਟੇ ਦਾ ਬਲ ਸੀ ਤੇ ਉਹ ਅੱਗੇ ਹੀ ਅੱਗੇ ਧੁੱਸ ਮਾਰੀ ਜਾ ਰਿਹਾ ਸੀ - ਉਹ ਐਵੇਂ ਤਾਂ ਯੂਕਰੇਨੀਅਨ ਨਹੀਂ ਸੀ ਅਖਵਾਂਦਾ। ਭਰਵੱਟੇ ਅੱਖਾਂ ਉੱਤੇ ਡਿੱਗਦੇ ਤੇ ਨਿੱਕੀਆਂ ਨਿੱਕੀਆਂ ਵਿੰਨ੍ਹਦੀਆਂ ਅੱਖਾਂ।
ਆਪਣੀ ਯੋਗਤਾ ਕਾਰਨ, ਤੀਜੀ ਵੇਰ ਉਸ ਨੂੰ ਇਸ ਭਿਆਨਕ ਕੰਮ ਤੋਂ ਹਟਾ ਕੇ ਸਕੂਲ ਭੇਜਿਆ ਗਿਆ।
ਤੇ ਅਫ਼ਸਰ ਫਿਰ ਉਸ ਨੂੰ ਵੇਖ ਕੇ, ਵੱਖੀਆਂ ਨੱਪਣ ਲੱਗ ਪਏ। ਵੇਖੋ, ਉਹ ਕਿਰਸਾਨ, ਉਹ ਗੰਵਾਰ, ਘੀਚ, ਖੋਟੇ ਪੈਸੇ ਵਾਂਗ ਫਿਰ ਪਰਤ ਆਇਆ ਜੇ ਤੇ ਇੱਕ ਵੇਰ ਫੇਰ ਉਹਨਾਂ, ਇਹ ਆਖ ਕੇ ਕਿ ਉਸ ਦਾ ਦਿਮਾਗ ਠੀਕ ਨਹੀਂ, ਰਜਮੈਂਟ ਵਿਚ ਵਾਪਸ ਭੇਜ ਦਿੱਤਾ।
ਫਿਰ ਹੈੱਡਕੁਆਰਟਰ ਨੇ ਚਿੜ੍ਹ ਕੇ, ਦਖਲ ਦੇਂਦਿਆਂ ਚਿੱਠੀ ਲਿਖੀ: "ਉਸ ਦੀ ਤਰੱਕੀ ਕਰ ਦਿੱਤੀ ਜਾਵੇ... ਅਫ਼ਸਰਾਂ ਦੀ ਬੜੀ ਘਾਟ ਹੈ।"
ਘਾਟ, ਹੈ ਸੀ ਕਿਤੇ ? ਅਵੱਸ਼, ਮੋਰਚਿਆਂ ਉੱਤੇ - ਕਿਉਂਕਿ ਪਿਛਾੜੀ ਜਮਘਟ ਲੱਗਾ ਹੋਇਆ ਸੀ। ਸੋ ਕੋਜੂਖ ਨੂੰ ਏਸ ਤਰ੍ਹਾਂ ਨਫ਼ਰਤ ਨਾਲ ਕਮਿਸ਼ਨ ਦਿੱਤੀ ਗਈ। ਜਦ ਉਹ ਰਜਮੈਂਟ ਵਿਚ ਪਰਤ ਕੇ ਆਇਆ, ਉਸ ਦੇ ਮੋਢਿਆਂ ਉੱਤੇ ਬਿੱਲੇ ਲੱਗੇ ਹੋਏ ਸਨ। ਉਸ ਆਪਣੀ ਥਾਂ ਬਣਾ ਲਈ ਸੀ । ਉਹ ਬੜਾ ਉਤਸ਼ਾਹਿਤ ਤੇ ਦੁਖੀ ਸੀ। ਉਤਸ਼ਾਹਿਤ ਇਸ ਕਰਕੇ, ਕਿ ਉਹ ਜੋ ਬਣਨਾ ਚਾਹੁੰਦਾ ਸੀ, ਬੜੀਆਂ ਕਠਨਾਈਆਂ ਵਿੱਚੋਂ ਲੰਘ ਕੇ, ਉਹ ਬਣ ਗਿਆ ਸੀ ਤੇ ਦੁਖੀ ਇਸ ਕਰਕੇ ਕਿ ਮੋਢੇ ਉੱਤੇ ਲੱਗਾ ਇਹਨਾਂ ਬਿੱਲਿਆਂ ਕਰਕੇ ਉਹ ਆਪਣਿਆਂ ਸਾਥੀਆਂ ਕੋਲੋਂ ਵੱਖਰਾ ਹੋ ਗਿਆ ਸੀ। ਮੈਦਾਨ ਵਿੱਚ ਲੜਨ ਵਾਲਿਆਂ ਕੋਲੋਂ