“ਪਰ ਇਉਂ ਜਾਪਦਾ ਏ ਕਿ ਰਾਹ ਦੇਣ ਦੀ ਥਾਈਂ, ਇਹ ਸਗੋਂ ਅੱਗੋਂ ਸਾਡਾ ਰਾਹ ਡੱਕ ਰਿਹਾ ਹੈ।"
"ਚਿੰਤਾ ਨਾ ਕਰ ਗਰਾਸਕਾ, ਤੇਰੇ ਨਵੇਂ ਬੂਟਾਂ ਨੂੰ ਅਸੀਂ ਭਿੱਜਣ ਨਹੀਂ ਦੇਂਦੇ।"
ਹੱਸਦੇ ਖੇਡਦੇ ਤੇ ਗਾਉਂਦੇ, ਉਹ ਢਲਾਈ ਤੋਂ ਲਹਿੰਦੇ ਗਏ। ਸਭ ਹੇਠਾਂ ਹੀ ਹੇਠਾਂ ਚੱਲੀ ਜਾ ਰਹੇ ਸਨ ਤੇ ਕਿਸੇ ਨੂੰ ਇਹ ਖ਼ਬਰ ਵੀ ਨਹੀਂ ਸੀ ਕਿ ਅੱਗੇ ਜਰਮਨੀ ਦੇ ਜੰਗੀ ਜਹਾਜ਼, ਪਾਣੀਆਂ ਵਿੱਚ ਖਲ੍ਹਤੇ, ਅਕਾਸ਼ ਵਿੱਚ ਧੂਏ ਦੇ ਮੁਹਲੇ ਛੱਡ ਰਹੇ ਸਨ। ਇਹਨਾਂ ਦੇ ਕੋਲ, ਤੁਰਕਾਂ ਦੇ ਗਰਕ ਕਰਨ ਵਾਲੇ ਜਹਾਜ਼ ਖਲ੍ਹਤੇ, ਨੀਲਾ ਨੀਲਾ ਧੂਆਂ ਛੱਡ ਰਹੇ ਸਨ।
ਪਹਾੜ ਦੇ ਮੱਥੇ ਤੋਂ ਖਿੜੇ ਮੱਥੇ ਮਾਰਚ ਕਰਦੇ ਜਵਾਨਾਂ ਦੀਆਂ ਟੋਲੀਆਂ ਮਗਰੋਂ ਟੋਲੀਆਂ, ਟੁਰੀ ਆ ਰਹੀਆਂ ਸਨ । ਵਾਰੋ ਵਾਰੀ, ਸਾਰੇ ਹੀ ਡੂੰਘੇ ਨੀਲੇ ਸਮੁੰਦਰ ਦੀ ਕੰਧ ਨੂੰ ਵੇਖ ਕੇ ਹੈਰਾਨ ਹੋ ਰਹੇ ਸਨ, ਜਿਸ ਦਾ ਪਰਛਾਵਾਂ ਉਹਨਾਂ ਦੀਆਂ ਅੱਖਾਂ ਵਿੱਚ ਝਿਲਮਿਲ ਝਿਲਮਿਲ ਕਰ ਰਿਹਾ ਸੀ।
ਉਹਨਾਂ ਮਗਰੋਂ, ਸਾਮਾਨ ਗੱਡੀਆਂ ਉਤਰਦੀਆਂ ਦਿੱਸਣ ਲੱਗ ਪਈਆਂ। ਸਿਰ ਮਾਰਦੇ ਘੋੜੇ, ਪਰਛੱਡੇ ਮਾਰ ਕੇ ਦੌੜਦੀਆਂ ਗਾਵਾਂ, ਉਹਨਾਂ ਦੇ ਪਿੱਛੇ ਹੱਥ ਵਿਚ ਸੋਟੀਆਂ ਚੁੱਕੀ ਮੁੰਡੇ । ਕਈ ਬੰਦਿਆਂ ਨੇ ਦੌੜ ਕੇ ਛੱਕੜਿਆਂ ਨੂੰ ਹੱਥ ਪਾ ਲਏ ਤਾਂ ਜੇ ਪਿੱਛੇ ਪਿੱਛੇ ਭੱਜਦੇ ਢਲਾਈ ਸੌਖੀ ਢਲ ਜਾਣ। ਕਾਫ਼ਲਾ ਢਲਾਈ ਤੋਂ ਹੇਠਾਂ ਉੱਤਰ ਰਿਹਾ ਸੀ, ਪਿੱਛੇ ਦੇਵ ਦਾ ਦੇਵ ਖਲ੍ਹਤਾ ਪਹਾੜ, ਵੇਖ ਵੇਖ ਮੁਸਕਰਾ ਰਿਹਾ ਸੀ।
ਵੱਲ ਵਲਾਵੇਂ ਖਾਂਦੀ ਵਹੀਰ, ਕਸਬੇ ਦੇ ਦੁਆਲ਼ੇ ਵੱਲ ਖਾਣ ਲੱਗ ਪਈ। ਉਹ ਖਾੜੀ ਦੇ ਸੀਮਿੰਟ ਦੇ ਕਾਰਖਾਨੇ ਲੰਘ ਗਏ ਤੇ ਦੂਰ ਨਿਕਲ ਗਏ। ਇੱਕ ਪਾਸੇ ਬੰਜਰ ਬੇਜਰ ਪਹਾੜ ਤੇ ਦੂਜੇ ਪਾਸੇ ਨੀਲਾ ਸਮੁੰਦਰ ਵਾਜ਼ਾਂ ਮਾਰੀ ਜਾ ਰਿਹਾ ਸੀ।
ਨਾ ਕਿਤੇ ਧੂੰਏਂ ਦੀ ਲਕੀਰ ਸੀ ਤੇ ਨਾ ਕੋਈ ਜਹਾਜ਼: ਬਸ ਪੈਰਾਂ ਵਿੱਚ ਵਿਛੇ ਪੱਥਰਾਂ ਉੱਤੇ ਲਿਸ਼ਕਦੀ ਝੱਗ ਹੀ ਝੱਗ ਦਿੱਸਦੀ ਸੀ ਤੇ ਦੂਰ ਤੀਕ ਫੈਲੀ ਕੁਦਰਤ ਰਾਣੀ ਦੀ ਦਿਲ ਹਲੂਣੀ ਚੁੱਪ, ਜਿਸ ਨੂੰ ਮਨੁੱਖੀ ਹਿਰਦਾ ਹੀ ਸੁਣ ਸਕਦਾ ਸੀ।
"ਅਹੁ ਵੇਖੋ, ਸਮੁੰਦਰ ਫਿਰ ਪੱਧਰਾ ਦਿੱਸਣ ਲੱਗ ਪਿਆ !"
"ਤੇਰਾ ਕੀ ਖਿਆਲ ਏ, ਹਮੇਸ਼ਾ ਇਹ ਕੰਧ ਵਾਂਗ ਹੀ ਖਲ੍ਹਤਾ ਰਹਿਣਾ ਸੀ ? ਜਿਸ ਵੇਲ਼ੇ ਅਸੀਂ ਪਹਾੜ ਉੱਤੇ ਸਾਂ, ਇਹ ਸਾਡੇ ਨਾਲ ਠੱਠਾ ਕਰ ਰਿਹਾ ਸੀ। ਜੇ ਇਹ ਇੰਝ ਹੀ ਖਲ੍ਹਤਾ ਰਹਿੰਦਾ ਤਾਂ ਇਸ ਵਿੱਚੋਂ ਜਹਾਜ਼ ਕਿਵੇਂ ਲੰਘਦੇ ?"
“ਪਰ ਗਰਾਸਕਾ, ਤੇਰੇ ਲਈ ਬਹੁਤ ਬੁਰਾ ਹੋਇਆ, ਹੁਣ ਤੇਰੇ ਨਵੇਂ ਬੂਟਾਂ ਨੇ ਭਿੱਜ ਜਾਣਾ ਏ।"
ਗਰਾਸਕਾ ਆਪਣੇ ਬੂਟ ਹੱਥ ਵਿੱਚ ਫੜੀ ਤੇ ਮੋਢੇ ਉੱਤੇ ਆਪਣੀ ਰਫ਼ਲ ਟਿਕਾਈ, ਟੁਰੀ ਜਾ ਰਿਹਾ ਸੀ । ਸਭ ਮੋਜ ਵਿੱਚ ਆਏ, ਖਿੜ ਖਿੜ ਕਰਦੇ ਹੱਸੀ ਜਾ ਰਹੇ ਸਨ ਤੇ ਜਿਹੜੇ ਇਸ ਛੇੜ-ਛਾੜ ਤੋਂ ਦੂਰ ਸਨ, ਉਹ ਹੱਸਦਿਆਂ ਨੂੰ ਵੇਖ ਕੇ ਹੱਸੀ ਜਾ ਰਹੇ ਸਨ ਕਿ ਜ਼ਰੂਰ ਕੋਈ ਹੱਸਣ ਵਾਲੀ ਗੱਲ ਹੋਣੀ ਏ।