ਇੱਕ ਭਿਆਨਕ ਜਿਹੀ ਆਵਾਜ਼ ਵਿੱਚ ਕੋਈ ਕਹਿ ਰਿਹਾ ਸੀ:
"ਸਾਡੇ ਲਈ ਇੱਕੋ ਗੱਲ ਹੈ ਬਚਣ ਦਾ ਕੋਈ ਵਸੀਲਾ ਨਹੀਂ। ਇੱਧਰ ਪਾਣੀ, ਉੱਧਰ ਪਹਾੜ ਤੇ ਪਿੱਛੇ ਪਿੱਛੇ - ਕਸਾਕ। ਜੇ ਅਸੀਂ ਕਿਸੇ ਹੋਰ ਰਾਹ ਪੈਣਾ ਚਾਹੀਏ, ਇਹ ਹੋ ਨਹੀਂ ਸਕਦਾ। ਬਸ, ਸਿਵਾਏ ਟੁਰੀ ਜਾਣ ਦੇ, ਦੂਜਾ ਕੋਈ ਵਸੀਲਾ ਨਹੀਂ।"
ਕਾਫ਼ਲੇ ਦਾ ਮੁਹਰਲਾ ਹਿੱਸਾ, ਚਿਰੋਕਣਾ ਕਸਬੇ ਵਿੱਚੋਂ ਨਿਕਲ ਕੇ, ਅੱਖੋਂ ਓਹਲੇ ਹੋ ਗਿਆ ਸੀ ਤੇ ਪਿਛਲਾ ਹਾਲਾਂ ਵੀ ਢਲਾਈ ਉੱਤੋਂ ਹੇਠਾਂ ਢਲੀ ਆ ਰਿਹਾ ਸੀ।
ਜਰਮਨ ਕਮਾਂਡਰ, ਜੋ ਜੰਗੀ ਜਹਾਜ਼ ਵਿੱਚ ਸੀ, ਇਹ ਸਮਝਣ ਲੱਗ ਪਿਆ ਕਿ ਵਹੀਰ ਦੀ ਵਹੀਰ ਸਾਡੇ ਕਬਜ਼ੇ ਹੇਠ ਆਏ ਇਲਾਕੇ ਵਿੱਚੋਂ ਲੰਘੀ ਜਾ ਰਹੀ ਹੈ, ਜੋ ਕੈਸਰ ਦੇ ਹੁਕਮ ਦੀ ਉਲੰਘਣਾ ਹੈ। ਉਸ ਫਰਮਾਨ ਜਾਰੀ ਕਰ ਦਿੱਤਾ ਕਿ ਛੇਤੀ ਤੋਂ ਛੇਤੀ ਸਭ ਬੰਦੂਕਾਂ, ਗੋਲੀਆਂ, ਘੋੜੇ, ਛਕੜੇ, ਸਿਪਾਹੀ, ਤੀਵੀਂਆਂ ਤੇ ਬੱਚੇ ਤੇ ਖਾਧ ਸਮੱਗਰੀ, ਉਹਨਾਂ ਦੇ ਹਵਾਲੇ ਕੀਤੀ ਜਾਵੇ ਤੇ ਅਗਲੀਆਂ ਹਦਾਇਤਾਂ ਲਈ, ਉਡੀਕ ਕੀਤੀ ਜਾਵੇ।
ਪਰ ਭੂਰਾ ਅਜਗਰ ਸੱਪ, ਵੱਲ ਪੇਚ ਖਾਂਦਾ, ਤੇਜ਼ ਚਾਲੇ ਆਪਣੀ ਵਾਟੇ ਪਿਆ ਰਿਹਾ। ਗਾਵਾਂ ਕੁੱਦਦੀਆਂ ਜਾ ਰਹੀਆਂ ਸਨ । ਛੱਕੜਿਆਂ ਪਿੱਛੇ ਲੱਗੇ ਬੱਚੇ, ਨਿੱਕੀਆਂ ਨਿੱਕੀਆਂ ਲੱਤਾਂ ਉੱਤੇ ਭੁੜਕਦੇ ਟੁਰੀ ਜਾ ਰਹੇ ਸਨ । ਸਵਾਰ, ਘੋੜਿਆਂ ਨੂੰ ਚਾਬਕਾਂ ਮਾਰ ਮਾਰ, ਦੁੜਾਨ ਲੱਗੇ ਹੋਏ ਸਨ। ਲਗਾਤਾਰ, ਪਹਾੜ ਤੋਂ ਢਲਣ ਦਾ ਇੱਕ ਰੋਲਾ ਜਿਹਾ ਆਈ ਜਾ ਰਿਹਾ ਸੀ ਤੇ ਵਹੀਰ ਦੀ ਵਹੀਰ ਮਿੱਟੀ ਘੱਟੇ ਵਿੱਚ ਵਲ੍ਹੇਟੀ, ਛੇਤੀ ਤੋਂ ਛੇਤੀ ਪੈਂਡਾਂ ਮੁਕਾਣ ਵਿੱਚ ਲੱਗੀ ਹੋਈ ਸੀ।
ਕਸਬੇ ਵਿੱਚੋਂ ਇੱਕ ਹੋਰ ਮਨੁੱਖੀ ਲਹਿਰ, ਛਕੜੇ ਗੱਡੇ-ਗੱਡੀਆਂ, ਬਾਲ, ਡੰਗਰ, ਤੇ ਸਾਜੋ ਸਾਮਾਨ ਸਿਰਾਂ ਮੋਢਿਆਂ ਉੱਤੇ ਚੁੱਕੀ, ਇਸ ਠਾਠਾਂ ਮਾਰਦੀ ਲਹਿਰ ਨਾਲ ਆ ਜੁੜੀ। ਗੱਡਿਆਂ ਤੇ ਛੱਕੜਿਆਂ ਦੇ ਪਹੀਏ ਤੇ ਧੁਰੇ ਇੱਕ ਦੂਜੇ ਵਿੱਚ ਆ ਫਸੇ। ਇਹਨਾਂ ਵਿੱਚ ਬਹੁਤੀ ਗਿਣਤੀ ਮਲਾਹਾਂ ਦੀ ਸੀ। ਉਹਨਾਂ ਚਿੱਟੀਆਂ ਮਲਾਹਾਂ ਵਾਲੀਆਂ ਗੋਲ ਗਲਮੇ ਤੇ ਨੀਲੇ ਕਾਲਰਾਂ ਵਾਲੀਆਂ ਜਾਕਿਟਾਂ ਤੇ ਗੋਲ ਟੋਪੀਆਂ ਪਾਈਆਂ ਹੋਈਆਂ ਸਨ, ਜਿਨ੍ਹਾਂ ਪਿੱਛੇ ਪੀਲ਼ੇ- ਕਾਲੇ ਰਿਬਨ ਝੂਲ ਰਹੇ ਸਨ । ਇਹਨਾਂ ਦੀਆਂ ਗੱਡੀਆਂ ਦੇ ਕਈ ਰੰਗ ਤੇ ਨਮੂਨੇ ਸਨ -ਵਿੱਚੇ ਬੱਘੀਆਂ, ਵਿੱਚ ਛੱਕੜੇ। ਬੱਘੀਆਂ ਉੱਤੇ ਤੀਵੀਂਆਂ ਦੇ ਵੱਡੇ ਵੱਡੇ ਚਿੱਤਰ ਉਲੀਕੇ ਹੋਏ। ਕੋਈ ਪੰਜ ਹਜ਼ਾਰ ਮਲਾਹ, ਗੰਦੀਆਂ ਤੋਂ ਗੰਦੀਆਂ ਗਾਲ੍ਹਾਂ-ਕੱਢਦੇ, ਸਾਮਾਨ ਗੱਡੀ ਵਿੱਚ ਲੱਦੇ ਹੋਏ ਸਨ।
ਜਰਮਨ ਕਮਾਂਡੈਂਟ ਉਹਨਾਂ ਦੇ ਰੁੱਕ ਜਾਣ ਦੀ ਉਡੀਕ ਹੀ ਕਰਦਾ ਰਿਹਾ।
ਫਿਰ ਇਸ ਖਾਮੋਸ਼ੀ ਨੂੰ ਭੰਗ ਕਰਦੀ, ਜੰਗੀ ਜਹਾਜ਼ ਤੋਂ ਬੰਮ ਦੀ ਆਵਾਜ਼ ਪਹਾੜਾਂ, ਦੁਰਗਾਂ ਤੇ ਦੰਦੀਆਂ ਨੂੰ ਚੀਰਦੀ ਲੰਘ ਗਈ। ਇੰਝ ਲੱਗਦਾ ਸੀ, ਜਿਉਂ ਪਹਾੜਾਂ ਤੋਂ ਚੱਟਾਨਾਂ ਹੇਠਾਂ ਰਿੜ੍ਹਦੀਆਂ ਆ ਰਹੀਆਂ ਹੋਣ। ਗੂੰਜ ਦੂਰ ਦੂਰ ਤੀਕ ਸ਼ਾਂ ਸ਼ਾਂ ਕਰਦੀ ਲੰਘ ਗਈ।
ਇਸ ਵਾਟੇ ਪਈ ਵਲ ਪੇਚ ਖਾਂਦੀ ਟੁਰੀ ਜਾਂਦੀ ਵਹੀਰ ਉੱਤੋਂ, ਪੇਤਲਾ ਜਿਹਾ ਧੂੰਆਂ, ਹੌਲੇ ਬੱਦਲਾਂ ਵਾਂਗ ਲੰਘ ਗਿਆ।