ਇੱਕ ਭੂਸਲੇ ਰੰਗ ਦਾ ਘੋੜਾ, ਪਿੱਛੇ ਨੂੰ ਹੱਟਦਾ ਗਿਆ, ਹੱਟਦਾ ਗਿਆ ਤੇ ਧਾਂਹ ਕਰ ਕੇ ਦੋਵੇਂ ਥੰਮਾਂ ਨੂੰ ਭੰਨਦਾ ਤੋੜਦਾ ਜ਼ਮੀਨ ਉੱਤੇ ਡਿੱਗ ਪਿਆ। ਕਈ ਬੰਦੇ ਭੱਜ ਕੇ ਉਸ ਵੱਲ ਵਧੇ, ਕਿਸੇ ਦੇ ਹੱਥ ਵਿੱਚ ਉਸ ਦੇ ਅੱਯਾਲ, ਕਿਸੇ ਵਿੱਚ ਪੂਛ, ਕਿਸੇ ਵਿੱਚ ਲੱਤਾਂ, ਕਿਸੇ ਦੇ ਹੱਥ ਮੱਥੇ ਦੀ ਲਿਟ, ਸਭ ਨੇ ਸੜਕ ਤੋਂ ਖਿੱਚਦੇ ਖਿਚਾਂਦੇ ਉਸ ਨੂੰ ਛੱਕੜੇ ਸਮੇਤ ਇਕ ਖੱਡ ਵਿੱਚ ਸੁੱਟ ਦਿੱਤਾ ਤਾਂ ਜੋ ਸਾਮਾਨ ਵਾਲੀ ਵੱਡੀ ਗੱਡੀ ਦਾ ਅੱਗ ਰਾਹ ਨਾ ਰੁੱਕ ਜਾਏ। ਰੋਂਦੀ ਰੋਂਦੀ ਵੱਡੀ ਬੇਬੇ ਗੋਰਪੀਨਾ ਤੇ ਅੰਕਾ ਕੋਲੋਂ, ਉਸ ਪੁੱਠੇ ਹੋਏ ਛੱਕੜੇ ਵਿੱਚੋਂ ਜੋ ਕੁਝ ਖਿੱਚਿਆ ਗਿਆ, ਉਹਨਾਂ ਖਿੱਚ ਕੇ ਲਾਹ ਲਿਆ। ਦੋਵੇਂ ਵਿਚਾਰੀਆਂ ਰੋਈ ਜਾ ਰਹੀਆਂ ਸਨ। ਉਹਨਾਂ ਆਪਣੀਆਂ ਪੋਟਲੀਆਂ ਦੂਜੇ ਛੱਕੜੇ ਵਿੱਚ ਸੁੱਟ ਦਿੱਤੀਆਂ ਤੇ ਪੈਦਲ ਟੁਰ ਪਈਆਂ । ਬੁੱਢੇ ਨੇ ਮਰੇ ਹੋਏ ਘੋੜੇ ਦੀਆਂ ਜੋਤਾਂ ਖੋਲ੍ਹ ਦਿੱਤੀਆਂ ਤੇ ਪਟੇ ਲਾਹ ਲਏ।
ਜੰਗੀ ਜਹਾਜ਼ ਉੱਤੋਂ ਫਿਰ ਇੱਕ ਲਾਲੀ ਦੀ ਭਾਹ ਮਾਰਦੀ ਜੀਭ ਜਿਹੀ ਲਿਸ਼ਕੀ ਤੇ ਇੱਕ ਧਮਾਕਾ ਜਿਹਾ ਹੋਇਆ, ਜੋ ਸਾਰੇ ਕਸਬੇ ਨੂੰ ਝੁਣਦਾ ਤੇ ਪਹਾੜਾਂ, ਸਮੁੰਦਰਾਂ ਵਿੱਚ ਗੂੰਜਦਾ ਲੰਘ ਗਿਆ। ਆਵਾਜ਼ ਵਿੱਚ, ਫਿਰ ਚਿੱਟੇ ਧੂੰਏਂ ਦੀ ਚਾਦਰ, ਹੌਲੀ ਹੌਲੀ ਉੱਡਦੀ ਲੰਘ ਗਈ। ਕਈ ਬੰਦੇ ਕਰਾਂਹਦੇ ਮਿੱਟੀ ਘੱਟੇ ਵਿੱਚ ਡਿੱਗ ਪਏ । ਇੱਕ ਛੱਕੜੇ ਵਿੱਚ, ਇੱਕ ਲੋਭੀ ਬੱਚਾ ਆਪਣੇ ਨਿੱਕੇ ਨਿੱਕੇ ਹੱਥਾਂ ਵਿੱਚ ਆਪਣੀਆਂ ਜ਼ੁਲਫਾਂ ਵਾਲੀ ਮਾਂ ਦਾ ਥਣ ਫੜੀ, ਚੁੰਘਦਾ ਚੁੰਘਦਾ ਪੱਥਰ ਦਾ ਪੱਥਰ ਹੋ ਗਿਆ ਤੇ ਉਸ ਦੇ ਹੱਥਾਂ ਵਿੱਚੋਂ ਥਣ ਛੁੱਟ ਗਿਆ ਤੇ ਮੂੰਹ ਵਿੱਚੋਂ ਡੋਡੀ ਬਾਹਰ ਨਿਕਲ ਗਈ। ਲੋਕ ਉਸ ਵੱਲ ਦੌੜੇ, ਪਰ ਉਸ ਰੋਹ ਨਾਲ ਉਹਨਾਂ ਨੂੰ ਪਿੱਛੇ ਧੱਕ ਦਿੱਤਾ ਤੇ ਆਪਣਾ ਥਣ, ਜੋ ਬੱਚੇ ਦੇ ਮੂੰਹ ਵਿੱਚੋਂ ਨਿਕਲਣ ਕਰਕੇ ਹਾਲਾਂ ਵੀ ਦੁੱਧ ਨਾਲ ਚੋ ਰਿਹਾ ਸੀ, ਛਣਕ ਕੇ ਸਾਂਭ ਲਿਆ। ਬੱਚੇ ਦੀਆਂ ਅੱਧ ਮੁੰਦੀਆਂ ਅੱਖਾਂ, ਤਾੜੇ ਲੱਗੀਆਂ ਹੋਈਆਂ ਸਨ। ਮੂੰਹ ਪੀਲਾ ਭੂਕ ਹੋ ਗਿਆ ਸੀ।
ਵਹੀਰ, ਕਸਬੇ ਉਦਾਲਿਉਂ ਵੱਲ ਖਾਂਦੀ ਲੰਘੀ ਜਾ ਰਹੀ ਸੀ।
ਫਿਰ ਪਹਾੜ ਦੇ ਮੱਥੇ ਉੱਤੇ, ਡੁੱਬਦੇ ਸੂਰਜ ਦੀ ਲਾਲੀ ਵਿੱਚ, ਘੋੜੇ ਤੇ ਬੰਦੇ ਦਿੱਸਣ ਲੱਗ ਪਏ। ਦੂਰੋਂ ਏਨੇ ਨਿੱਕੇ ਨਿੱਕੇ ਜਿਹੇ ਲੱਗ ਰਹੇ ਸਨ, ਜਿਉਂ ਟਿਮਕਣੇ ਹੋਣ। ਉਹ ਘੋੜਿਆਂ ਦੇ ਪੈਰਾਂ ਵਿੱਚ ਖਬਰੇ ਕੀ ਖਿਲਰਿਆ ਪਿਆ ਸੀ, ਉਸ ਨੂੰ ਤਕਦੇ ਅਚਾਨਕ ਸੁੰਨ ਹੋ ਗਏ। ਫਿਰ ਇੱਕ ਇੱਕ ਕਰਕੇ, ਜ਼ੋਰ ਜ਼ੋਰ ਦੀ ਚਾਰ ਵਾਰੀ, ਧੁੰਮ ਬੂੰਮ ਦੀ ਆਵਾਜ਼ ਗੂੰਜੀ ਤੇ ਪਹਾੜਾਂ ਵਾਦੀਆਂ ਵਿੱਚੋਂ ਚੀਖਦੀ ਲੰਘ ਗਈ । ਆਕਾਸ਼ ਵਿੱਚ ਧੂਏਂ ਦੇ ਚਿੱਟੇ ਬੱਦਲ ਤਰਨ ਲੱਗ ਪਏ। ਸੜਕ ਉੱਤੇ ਚਾਰੇ ਪਾਸੇ ਕਰਾਂਹਦੇ ਆਖਰੀ ਸਾਹ ਲੈਂਦੇ, ਘੋੜਿਆਂ, ਗਾਵਾਂ, ਤੀਵੀਂਆਂ, ਮਰਦਾਂ ਤੇ ਬੱਚਿਆਂ ਦੀਆਂ ਲੋਥਾਂ ਵਿਛ ਗਈਆਂ। ਕਿਸੇ ਨੇ ਕਿਸੇ ਰੋਂਦੇ ਚੀਖਦੇ ਤੇ ਦਮ ਤੋੜਦੇ ਨੂੰ ਘਸੀਟ ਕੇ ਛਕੜੇ ਵਿੱਚ ਸੁੱਟ ਲਿਆ ਤੇ ਕਈ ਸੜਕ ਉੱਤੇ ਹੀ ਚਿੱਤ ਹੋ ਗਏ। ਰਾਹ ਵਿੱਚ ਘੋੜਿਆਂ ਤੇ ਮਨੁੱਖਾਂ ਦੀਆਂ ਲਾਸ਼ਾਂ ਘੜੀਸ ਕੇ ਇੱਕ ਪਾਸੇ ਕਰ ਦਿੱਤੀਆਂ ਗਈਆਂ ਤੇ ਕਾਫ਼ਲਾ ਖਬਰੇ ਕਿਹੜੀ ਮੰਜ਼ਲ ਵੱਲ ਫਿਰ ਰਵਾਂ ਹੋ ਗਿਆ।
ਕੈਸਰ ਦੇ ਕਮਾਂਡੈਂਟ ਕੋਲੋਂ ਦੇਸ਼ ਨਾ ਸਹਾਰਿਆ ਗਿਆ। ਉਹ ਜ਼ਬਤ ਬਣਾਈ ਰੱਖਣ ਲਈ, ਆਪ ਭਾਵੇਂ ਤੀਵੀਂਆਂ ਤੇ ਬੱਚਿਆਂ ਨੂੰ ਗੋਲੀ ਮਾਰ ਦੇਵੇ, ਪਰ ਦੂਜਾ ਕੋਈ ਉਸ