ਦੀ ਇਜਾਜ਼ਤ ਬਗੈਰ ਇਸ ਤਰ੍ਹਾਂ ਨਹੀਂ ਸੀ ਕਰ ਸਕਦਾ! ਜੰਗੀ ਜਹਾਜ਼ ਉੱਤੇ ਲੱਦੀ ਤੋਪ ਦਾ ਲੰਮਾ ਸਿਰਾ ਉੱਚਾ ਹੋਇਆ ਧੁੰਮ ਚੁੰਮ ਕਰਦੀ, ਮੂੰਹ ਵਿੱਚੋਂ ਲਾਲ ਜੀਭ ਅੱਗ ਸੁੱਟਣ ਲੱਗ ਪਈ । ਅਤਲ ਖਾੜੀ ਉੱਤੋਂ, ਸਾਮਾਨ ਗੱਡੀਆਂ ਉੱਤੋਂ, ਕੋਈ ਚੀਜ਼ ਸ਼ੂਕਦੀ ਲੰਘੀ ਤੇ ਧਾਹ ਕਰਕੇ ਪਹਾੜੀ ਉੱਤੇ ਜਾ ਡਿੱਗੀ, ਜਿੱਥੇ ਮਾਸਾ ਮਾਸਾ ਦੇ ਲੋਕ ਆਪਣੇ ਘੋੜਿਆਂ ਤੇ ਬੰਦੂਕਾਂ ਕੋਲ ਖਲ੍ਹ ਗਏ। ਫਿਰ ਹਿੱਲ ਜੁਲ ਹੋਣ ਲੱਗ ਪਈ। ਉਹਨਾਂ ਦੇ ਚਾਰ ਗੋਲਿਆਂ ਦੀ ਬੈਟਰੀ ਨੇ ਕਮਾਂਡੈਂਟ ਨੂੰ ਜਵਾਬ ਦਿੱਤਾ। ਤੇ ਉੱਡਦਾ ਧੂੰਆਂ ਗੋਬਨ ਉੱਤੋਂ ਤਰਦਾ ਲੰਘ ਗਿਆ।
ਗੋਬਨ ਨੂੰ ਚੁੱਪ ਲੱਗ ਗਈ। ਉਸ ਦੀਆਂ ਚਿੰਮਨੀਆਂ, ਭਰ ਭਰ ਕੇ, ਕਾਲਾ ਸਿਆਹ ਧੂੰਆਂ ਬਾਹਰ ਸੁੱਟਣ ਲੱਗ ਪਈਆਂ। ਉਹ ਬੜੇ ਭਿਆਨਕ ਰੂਪ ਵਿੱਚ, ਨੀਲੀ ਖਾੜੀ ਵਿੱਚੋਂ ਬਾਹਰ ਨਿਕਲਿਆ ਤੇ ਖੁੱਲ੍ਹੇ ਸਮੁੰਦਰ ਵਿੱਚ ਚੱਕਰ ਖਾਣ ਲੱਗ ਪਿਆ ਤੇ ਆਕਾਸ਼ ਤੇ ਸਮੁੰਦਰ ਜਿਉਂ ਦੋਫਾੜ ਹੋ ਗਏ। ਸਮੁੰਦਰ ਦਾ ਨੀਲਾਪਣ ਫਿੱਕਾ ਹੋ ਗਿਆ। ਪੈਰਾਂ ਹੇਠਾਂ ਜ਼ਮੀਨ ਕੰਬ ਉੱਠੀ। ਲੋਕਾਂ ਨੂੰ ਇੰਝ ਮਹਿਸੂਸ ਹੋਇਆ, ਜਿਉਂ ਉਹਨਾਂ ਦੀਆਂ ਛਾਤੀਆਂ ਤੇ ਦਿਮਾਗਾਂ ਉੱਤੇ ਪੱਥਰ ਦੀਆਂ ਸਿੱਲਾਂ ਧਰ ਦਿੱਤੀਆਂ ਗਈਆਂ ਹੋਣ। ਘਰਾਂ ਦੇ ਬੂਹੇ ਤੇ ਬਾਰੀਆਂ ਦੇ ਮੂੰਹ ਅੱਡੇ ਗਏ ਤੇ ਝੱਟ ਕੁ ਲਈ, ਜਿਉਂ ਲੋਕਾਈ ਗੁੰਗੀ ਹੋ ਗਈ।
ਪਹਾੜ ਦੇ ਉੱਤੇ ਉੱਤੇ ਇੱਕ ਘਣੀ, ਹਰੀ, ਕਾਲੀ ਜਿਹੀ ਠੋਸ ਵਸਤੂ, ਜਿਸ ਨੂੰ ਸੂਰਜ ਦੀਆਂ ਕਿਰਨਾਂ ਵੀ ਨਹੀਂ ਸਨ ਵਿੰਨ੍ਹ ਸਕਦੀਆਂ, ਉਭਰਨ ਲੱਗ ਪਈ। ਗਿਣਤੀ ਦੇ ਕਸਾਕ, ਜਿਨ੍ਹਾਂ ਦੀਆਂ ਜਾਨਾਂ ਬਚ ਗਈਆਂ ਸਨ, ਸ਼ੁਦਾਈਆਂ ਵਾਂਗ ਆਪਣੇ ਪਾਗਲ ਘੋੜਿਆਂ ਨੂੰ ਚਾਬਕਾਂ ਮਾਰਦੇ, ਇਸ ਜ਼ਹਿਰੀਲੇ ਧੂੰਏਂ ਵਿੱਚ, ਆਪਣੇ ਕੋਲ ਬਚੀ ਇੱਕ ਇੱਕ ਬੰਦੂਕ ਫੜ੍ਹੀ, ਸਰਪਟ ਦੁੜਾਂਦੇ ਪਹਾੜੀ ਉੱਤੋਂ ਅੱਖੋਂ ਉਹਲੇ ਹੋ ਗਏ, ਪਰ ਹਰੀ ਕਾਲੀ ਗਹੀਰ, ਜੋ ਉਸੇ ਤਰ੍ਹਾਂ ਹਾਲਾਂ ਵੀ ਖਿਲਰੀ ਹੋਈ ਸੀ, ਹੌਲੀ ਹੌਲੀ ਆਕਾਸ਼ ਵਿੱਚ ਅਲੋਪ ਹੋ ਗਈ।
ਇਸ ਅਮਾਨਵੀ ਧੱਕੇ ਨਾਲ ਧਰਤੀ ਪਾਟ ਗਈ ਤੇ ਕਬਰਾਂ ਦੇ ਮੂੰਹ ਅੱਡੇ ਗਏ। ਚਾਰੇ ਪਾਸੇ ਸੜਕਾਂ ਉੱਤੇ ਝੁਲਸੇ ਹੋਏ ਚਿਹਰੇ, ਅੱਖਾਂ ਦੀ ਥਾਈਂ ਖੁੱਡਾਂ, ਪਾਟੇ ਤੇ ਲਿਬੜੇ ਬੋ ਮਾਰਦੇ ਕੱਛੇ ਪਾਈ, ਮੰਦੇ ਹਾਲ, ਆਪਣੇ ਆਪ ਨੂੰ ਇੱਕੋ ਪਾਸੇ ਧੂਹੀ ਜਾ ਰਹੇ ਸਨ -ਮੁੱਖ ਮਾਰਗ ਉੱਤੇ । ਕਈ ਖਾਮੋਸ਼ ਧਰਤੀ ਉੱਤੇ ਅੱਖਾਂ ਟਿਕਾਈ ਟੁਰੀ ਜਾ ਰਹੇ ਸਨ। ਕਈ ਕਰਾਂਹਦੇ, ਆਪਣੇ ਆਪ ਨੂੰ ਘੜੀਸ ਰਹੇ ਸਨ। ਕਈ ਬਸਾਖੀਆਂ ਉੱਤੇ ਉਛਲਦੇ, ਅੱਗੇ ਵੱਧ ਰਹੇ ਸਨ ਕਈਆਂ ਦੀਆਂ ਲੱਤਾਂ ਨਹੀਂ ਸਨ, ਉਹ ਨਿਰਾ ਧੜ ਹੀ ਝੁਲਾਈ, ਲੱਤਾਂ ਵਾਲਿਆਂ ਨਾਲੋਂ ਵੀ ਤੇਜ਼ ਜਾ ਰਹੇ ਸਨ। ਦੂਜੇ ਫੇਰ, ਖਬਰੇ ਕੀ ਗਿੱਘੀਆਂ ਤੇ ਪਾਟੀਆਂ ਆਵਾਜ਼ਾਂ ਵਿੱਚ ਰੋਲਾ ਪਾਂਦੇ, ਅੱਗੇ ਵਧੀ ਜਾ ਰਹੇ ਸਨ।
ਫਿਰ ਜਿਉਂ ਇੱਕ ਖਲਾਅ ਵਿੱਚੋਂ, ਇੱਕ ਪਤਲੀ ਚੀਖ਼ਦੀ ਆਵਾਜ਼, ਕਿਸੇ ਘਾਇਲ ਪੰਛੀ ਦੀ ਕੁਰਲਾਟ ਵਾਂਗ ਆਈ
“ਪਾਣੀ, ਪਾਣੀ... ਪਾ... ਣੀ।" ਤਪੀ ਧਰਤੀ ਉੱਤੇ, ਜਿਉਂ ਕੋਈ ਪਿਆਸਾ ਪੰਛੀ ਡਿੱਗ ਪਿਆ ਹੋਵੇ।
ਇੱਕ ਜਵਾਨ ਆਦਮੀ ਪਾਟੇ ਕੱਪੜੇ ਪਾਈ, ਜਿਸ ਵਿੱਚੋਂ ਉਸ ਦਾ ਮੁਰਦਾਰ ਸਰੀਰ