ਪਰ ਛਕੜੇ ਆਪਣੇ ਰਾਹੇ ਟੁਰੀ ਗਏ।
ਇੱਕ ਫੱਟੜ ਨੇ ਸਾਮਾਨ ਤੇ ਬੱਚਿਆਂ ਨਾਲ ਭਰੇ ਛਕੜੇ ਨੂੰ ਪਿੱਛੋਂ ਹੱਥ ਪਾਇਆ ਹੋਇਆ ਸੀ ਤੇ ਇੱਕ ਲੱਤ ਉੱਤੇ ਹੀ, ਉੱਛਲ ਉੱਛਲ ਕੇ ਪਿੱਛੇ ਪਿੱਛੇ ਟੁਰੀ ਜਾ ਰਿਹਾ ਸੀ। ਛੱਕੜੇ ਦੇ ਮਾਲਕ ਨੇ, ਜਿਸ ਦੀਆਂ ਚਿੱਟੀਆਂ ਮੁੱਛਾਂ ਤੇ ਧੁੱਪ ਪਾਲੇ ਦਾ ਮਾਰਿਆ ਕਾਲਾ ਚਿਹਰਾ ਸੀ, ਲੰਝੇ ਨੂੰ ਇੱਕ ਟੰਗ ਚੁੱਕਿਆ ਤੇ ਛਕੜੇ ਵਿੱਚ ਬੱਚਿਆਂ ਉੱਪਰ ਸੁੱਟ ਦਿੱਤਾ ਜੋ ਇੱਕ ਦਮ ਚੀਖਾਂ ਮਾਰਨ ਲੱਗ ਪਏ।
“ਵੇਖ ਤਾਂ ਸਹੀ, ਕੀ ਕਰਨ ਡਹਿਆ ਹੋਇਆ ਏਂ... ਬੱਚਿਆਂ ਦਾ ਸਿਰ ਫੇਹਣ ਲੱਗਾ ਏਂ।" ਸਿਰ ਉੱਤੇ ਰੁਮਾਲ ਵਲ੍ਹਟੀ ਇੱਕ ਤੀਵੀਂ ਗੁੱਸੇ ਵਿੱਚ ਬੋਲੀ।
ਇੱਕ ਟੰਗ ਵਾਲੇ ਆਦਮੀ ਦਾ ਚਿਹਰਾ, ਦੁੱਖੀ ਮੁਸਕਰਾਹਟ ਨਾਲ ਖਿੜ ਗਿਆ: ਉਹ ਸ਼ਾਇਦ ਧਰਤੀ ਦੇ ਜੀਵਾਂ ਵਿੱਚੋਂ ਸਭ ਤੋਂ ਭਾਗਾਂ ਵਾਲਾ ਆਪਣੇ ਆਪ ਨੂੰ ਸਮਝ ਰਿਹਾ ਸੀ।
ਡਿੱਗਦੇ ਢਹਿੰਦੇ ਲੋਕ ਆਪਣੀ ਮੰਜ਼ਲ ਵੱਲ ਵਧੀ ਗਏ।
“ਭਰਾਓ, ਜੇ ਸਾਡੇ ਵੱਸ ਦੀ ਗੱਲ ਹੁੰਦੀ, ਅਸੀਂ ਤੁਹਾਨੂੰ ਸਾਰਿਆਂ ਨੂੰ ਆਪਣੇ ਨਾਲ ਲਈ ਜਾਂਦੇ । ਪਰ ਕੀ ਕਰੀਏ। ਸਾਡੇ ਆਪਣੇ ਹੀ ਕਿੰਨੇ ਫੱਟੜ ਸਾਡੇ ਨਾਲ ਨੇ ਤੇ ਖਾਣ ਨੂੰ ਕੋਲ ਕੁਝ ਹੈ ਨਹੀਂ... ਤੁਸੀਂ ਸਾਡੇ ਨਾਲ ਤਬਾਹ ਹੋ ਜਾਓਗੇ। ਤੁਹਾਨੂੰ ਪਿੱਛੇ ਛੱਡਦਿਆਂ ਸਾਡੇ ਕਲੇਜੇ ਪਏ ਪਾਟਦੇ ਨੇ...।"
ਜ਼ਨਾਨੀਆਂ ਸੁੜਾਕੇ ਮਾਰਦੀਆਂ, ਆਪਣਾ ਨੱਕ ਮੂੰਹ ਤੇ ਹੰਝੂਆਂ ਵਿੱਚ ਗੋਤੇ ਖਾਂਦੀਆਂ, ਅੱਖਾਂ ਪੂੰਝੀ ਟੁਰੀ ਜਾਂਦੀਆਂ ਸਨ।
ਇੱਕ ਬੜਾ ਲੰਮਾ ਜਿਹਾ ਭਿਅੰਕਰ ਚਿਹਰੇ ਵਾਲਾ ਸਿਪਾਹੀ, ਆਪਣੀ ਇੱਕ ਲੱਤ ਉੱਤੇ ਉਚਕਦਾ, ਬਸਾਖੀਆਂ ਦੇ ਸਹਾਰੇ ਟੁਰੀ ਜਾ ਰਿਹਾ ਸੀ ਤੇ ਉਸ ਦੇ ਘੁਟੇ ਹੇਠਾਂ ਵਿੱਚੋਂ ਆਵਾਜ਼ ਆ ਰਹੀ ਸੀ:
"ਲਾਨ੍ਹਤ ਤੁਹਾਡੇ ਸਾਰਿਆਂ ਉੱਤੇ ਕਮੀਨੇ ਕੁੱਤੇ!"
ਸਾਮਾਨ ਵਾਲੀ ਗੱਡੀ ਅੱਖੋਂ ਉਹਲੇ ਹੋ ਗਈ। ਬੱਸ ਛੱਕੜਿਆਂ ਦੀ ਉਡਾਈ ਧੂੜ, ਪਹੀਆਂ ਤੇ ਧੁਰਿਆਂ ਦੀ ਕੇਵਲ ਚੀਂ ਚੀਂ ਪਿੱਛੇ ਰਹਿ ਗਈ । ਕਸਬਾ ਤੇ ਖਾੜੀ ਦੂਰ ਪਿੱਛੇ ਰਹਿ ਗਏ । ਬਸ ਦੂਰ ਦੂਰ ਤੱਕ ਫੈਲੀ ਵੱਡੀ ਸੜਕ ਤੇ ਉੱਪਰ ਲਾਸ਼ਾਂ ਵਰਗੇ ਟੁਰਦੇ ਆਦਮੀ ਦਿੱਸ ਰਹੇ ਸਨ। ਥੱਕ ਕੇ ਚੂਰ ਹੋਏ ਉਹ ਸੜਕਾਂ ਕੰਢੇ ਬਹਿੰਦੇ ਗਏ ਤੇ ਉਹਨਾਂ ਛੱਕੜਿਆਂ ਨੂੰ ਨੀਝਾਂ ਲਾ ਲਾ ਵੇਖਦੇ ਰਹੇ, ਜੋ ਹੁਣ ਉੱਥੋਂ ਲੰਘ ਕੇ ਗਏ ਸਨ । ਸੂਰਜ ਦੀਆਂ ਡੁੱਬਦੀਆਂ ਕਿਰਨਾਂ ਵਿੱਚ ਲਾਲ ਲਾਲ ਉੱਡਦੀ ਧੂੜ ਹੌਲੀ ਹੌਲੀ ਬੈਠ ਗਈ।
ਬਸ ਬਸਾਖੀਆਂ ਉੱਤੇ ਉੱਚਕਦਾ, ਉਹ ਲੰਮਾ ਕਾਲਾ ਦੇਵ ਦਾ ਦੇਵ, ਸੱਖਣੀ ਸੜਕ ਉੱਤੇ ਜਾਂਦਾ ਦਿੱਸ ਰਿਹਾ ਸੀ ਤੇ ਉਸ ਦੀ ਬੁੜ ਬੁੜ ਹਾਲਾਂ ਵੀ ਉਸੇ ਤਰ੍ਹਾਂ ਹੇਠਾਂ ਵਿਚੋਂ ਨਿਕਲ ਰਹੀ ਸੀ:
"ਲਾਨ੍ਹਤ ਤੁਹਾਡੀ ਸਾਰਿਆਂ ਦੀ ਜ਼ਾਤ ਉੱਤੇ। ਕਮੀਨਿਓ, ਅਸਾਂ ਤੁਹਾਡੇ ਲਈ