ਆਪਣੀਆਂ ਜਾਨਾਂ ਵਾਰੀਆਂ !"
ਦੂਜੇ ਬੰਨਿਉਂ ਕਸਾਕ ਕਸਬੇ ਵਿੱਚ ਘੁੱਸ ਗਏ।
10
ਥੱਕੀ ਮਾਂਦੀ ਰਾਤ, ਹੌਲੀ ਹੌਲੀ ਸਾਹ ਲੈਣ ਲੱਗ ਪਈ ਤੇ ਮਨੁੱਖਾਂ ਦੀ ਵਹੀਰ ਦੀ ਵਹੀਰ, ਕਿਸੇ ਕਾਲੀ ਨਦੀ ਵਾਂਗ ਬਿਨਾਂ ਕਿਤੇ ਰੁੱਕੇ, ਆਪਣੀ ਮਸਤ ਚਾਲੇ ਟੁਰੀ ਗਈ।
ਹੌਲੀ ਹੌਲੀ ਤਾਰੇ ਵਿਦਾ ਹੋਣ ਲੱਗੇ । ਸੂਰਜ ਤਪਣ ਲੱਗ ਪਿਆ, ਪਹਾੜ, ਖੱਡਾਂ ਤੇ ਖਾਈਆਂ, ਧੁੰਦਲੇ ਘੁਸਮੁਸੇ ਵਿੱਚ ਨਿਖਰਨ ਲੱਗ ਪਈਆਂ।
ਹਰ ਬੀਤਦੇ ਪਲ ਦੇ ਨਾਲ ਨਾਲ ਆਕਾਸ਼ ਸਾਫ਼ ਹੁੰਦਾ ਗਿਆ ਤੇ ਦੂਰ ਦੂਰ ਤੱਕ, ਸਮੁੰਦਰ ਦਾ ਫੈਲਾਅ ਹਿਲੋਰੇ ਲੈਂਦਾ ਦਿੱਸਣ ਲੱਗ ਪਿਆ, ਕਦੇ ਕਿਰਮਚੀ, ਕਦੇ ਧੁੰਧਲ ਚਿੱਟਾ ਤੇ ਕਦੇ ਅਸਮਾਨੀ।
ਜਿਉਂ ਹੀ ਪਹਾੜ ਦੀਆਂ ਚੋਟੀਆਂ ਨੂੰ ਚਾਨਣ ਨੇ ਨੁਹਾਇਆ, ਹੱਥਾਂ ਵਿੱਚ ਫੜੀਆਂ ਸੰਗੀਨਾਂ ਸਾਫ਼ ਦਿੱਸਣ ਲੱਗ ਪਈਆਂ।
ਸੜਕ ਦੇ ਨਾਲ ਨਾਲ ਖੇਡਾਂ ਵਿੱਚ, ਅੰਗੂਰ ਦੀਆਂ ਵੇਲਾਂ ਝੂਲਦੀਆਂ ਦਿੱਸਣ ਲੱਗ ਪਈਆਂ । ਸੱਖਣੀਆਂ ਝੁੱਗੀਆਂ ਤੇ ਕੱਚੇ ਕੋਠੇ ਸਾਹਮਣੇ ਉਭਰਨ ਲੱਗ ਪਏ। ਕਿਤੇ ਕਿਤੇ, ਆਦਮੀ ਕਾਨਿਆਂ ਦੀਆਂ ਟੋਪੀਆਂ ਪਾਈ ਤੇ ਹੱਥ ਵਿੱਚ ਕਹੀਆਂ ਫਹੋੜਾ ਚੁੱਕੀ ਸੜਕ ਤੋਂ ਲੰਘਦੇ ਸਿਪਾਹੀਆਂ ਦੇ ਦਸਤੇ ਤੇ ਕਾਫ਼ਲੇ ਨੂੰ ਵੇਖਦੇ ਨਜ਼ਰ ਆਉਂਦੇ।
ਉਹ ਕੌਣ ਸਨ ? ਕਿੱਧਰੋਂ ਆਏ ਸਨ ? ਤੇ ਬਿਨਾਂ ਇੱਕ ਪਲ ਕਿਤੇ ਰੁੱਕੇ, ਬਾਹਾਂ ਮਾਰਦੇ ਕਿੱਧਰ ਜਾ ਰਹੇ ਸਨ ? ਉਹਨਾਂ ਦੇ ਚਿਹਰੇ ਰੰਗੇ ਹੋਏ ਚਮੜੇ ਵਾਂਗ ਪੀਲੇ ਪਏ ਹੋਏ ਸਨ। ਉਹਨਾਂ ਦੇ ਚਿਹਰੇ ਮਿੱਟੀ ਘੱਟੇ ਵਿੱਚ ਲਿਬੜੇ ਹੋਏ ਸਨ ਤੇ ਅੱਖਾਂ ਥੱਲੇ ਕਾਲੇ ਘੇਰੇ ਉਭਰ ਆਏ ਸਨ । ਥੱਕੇ ਥੱਕੇ ਸੁੰਮਾਂ ਦੀਆਂ ਆਵਾਜ਼ਾਂ ਕੰਨੀ ਪੈ ਰਹੀਆਂ ਸਨ। ਚੀਂ ਚੀਂ ਚੂਕਦੇ ਛਕੜੇ ਟੁਰੀ ਜਾ ਰਹੇ ਸਨ। ਵਿੱਚ, ਬੱਚੇ ਸਿਰ ਚੁੱਕ ਚੁੱਕ ਇੱਧਰ ਉੱਧਰ ਝਾਕਦੇ ਜਾਂਦੇ ਸਨ । ਥੱਕੇ ਟੁੱਟੇ ਘੋੜਿਆਂ ਦੀਆਂ ਧੌਣਾਂ ਹੇਠਾਂ ਝੁਕੀਆਂ ਹੋਈਆਂ ਸਨ।
ਪਹਾੜ ਦੇ ਢਲਾਨਾਂ ਉੱਤੇ ਆਦਮੀਆਂ ਨੇ ਜ਼ਮੀਨ ਪੁੱਟਣ ਦਾ ਕੰਮ ਆਰੰਭ ਦਿੱਤਾ। ਉਹਨਾਂ ਨੂੰ ਇਹਨਾਂ ਬੰਦਿਆਂ ਦੀ ਕੀ ਪਰਵਾਹ ਸੀ ? ਪਰ ਜਦ ਥੱਕ ਜਾਂਦੇ, ਤਾਂ ਆਪਣੇ ਲੱਕ ਸਿੱਧੇ ਕਰਨ ਲਈ ਉਹ ਝੱਟ ਸਾਹ ਲੈਣ ਲੱਗ ਪੈਂਦੇ। ਉਹ ਕਾਫਲੇ ਨੂੰ ਸਾਹਿਲ ਦੇ ਨਾਲ ਨਾਲ ਵੱਲ ਪੇਚ ਖਾਂਦੇ ਜਾਂਦੇ ਤੇ ਹੱਥਾਂ ਵਿੱਚ ਝੂਲਦੀਆਂ ਸੰਗੀਨਾਂ ਨੂੰ, ਵੇਖੀ ਜਾ ਰਹੇ ਸਨ।
ਪਹਾੜ ਉੱਤੇ ਚਮਕਦਾ ਸੂਰਜ, ਹੁਣ ਤਪਸ਼ ਨਾਲ ਧਰਤੀ ਨੂੰ ਤਪਾਣ ਲੱਗ ਪਿਆ, ਤੇ ਸੂਰਜ ਵਿੱਚੋਂ ਪੈਂਦੀਆਂ ਕਿਰਨਾਂ ਦੀ ਚਿਲਕੋਰ ਅੱਖਾਂ ਨੂੰ ਚੁੱਭਣ ਲੱਗ ਪਈ। ਘੰਟਿਆਂ ਬੱਧੀ ਕਾਫ਼ਲਾ ਟੁਰੀ ਗਿਆ। ਹੌਲੀ ਹੌਲੀ ਲੋਕਾਂ ਦੀਆਂ ਲੱਤਾਂ ਲੜਖੜਾਨ ਲੱਗ ਪਈਆਂ। ਘੋੜੇ ਖੜ੍ਹ ਗਏ ਤੇ ਇੱਕ ਕਦਮ ਅੱਗੇ ਪੁੱਟਣ ਤੋਂ ਆਰੀ ਹੋ ਖਲ੍ਹਤੇ।