ਫਿਰ ਮੈਂ ਤੈਨੂੰ ਚੁੱਕ ਕੇ ਲੈ ਕੇ ਜਾਵਾਂਗੀ ?"
ਬਜ਼ੁਰਗ ਖ਼ਾਮੋਸ਼, ਚੋਗੇ ਵਿੱਚ ਮੂੰਹ ਦਿੱਤੀ ਪਿਆ ਰਿਹਾ।
ਥੋੜ੍ਹਾ ਜਿਹਾ ਦੂਰ ਸੜਕ ਉੱਤੇ, ਇੱਕ ਪਤਲੀ ਪਤੰਗ ਗੋਰੀ ਜਿਹੀ ਕੁੜੀ ਛੱਕੜੇ ਦੁਆਲੇ ਲਮਕਦੀ ਦਿੱਸੀ । ਉਸ ਦੀ ਮਧੁਰ ਆਵਾਜ਼ ਕਿਸੇ ਦੇ ਤਰਲੇ ਲੈ ਰਹੀ ਸੀ:
"ਜੀਉਣ ਜੋਗੀਏ, ਛੱਡ ਪਰ੍ਹੇ ਉਸ ਨੂੰ ਰੱਬ ਦਾ ਵਾਸਤਾ ਈ, ਛੱਡ ਦੇ। ਇੰਝ ਕੰਮ ਨਹੀਂ ਟੁਰਨਾ...।"
ਕਈ ਹੋਰ ਗੋਰੇ ਚਿਹਰੇ ਛੱਕੜੇ ਦੇ ਆਸ ਪਾਸ ਹਿੱਲਦੇ ਦਿੱਸਣ ਲੱਗ ਪਏ ਤੇ ਕਈ ਆਵਾਜ਼ਾਂ, ਇੱਕੋ ਵੇਰ ਸੁਣਾਈ ਦੇਣ ਲੱਗ ਪਈਆਂ:
"ਛੱਡ ਦੇ ਉਸ ਨੂੰ ਬਈ। ਨਿੱਕੀ ਜਿਹੀ ਮੂਰਤ ਨੂੰ ਹੁਣ ਮਿੱਟੀ ਹਵਾਲੇ ਕਰ ਦੇਣਾ ਚਾਹੀਦਾ ਹੈ। ਰੱਬ ਉਸ ਦਾ ਰਾਖਾ ਹੈ।"
ਆਦਮੀ ਕੋਲ ਖਲ੍ਹਤੇ ਹੋਏ ਸਨ, ਪਰ ਬੋਲ ਕੁਝ ਨਹੀਂ ਸਨ ਰਹੇ।
ਤੀਵੀਂਆਂ ਆਖੀ ਗਈਆਂ:
"ਉਸ ਦੀਆਂ ਛਾਤੀਆਂ ਏਨੀਆਂ ਪੱਥਰ ਹੋ ਗਈਆਂ ਨੇ ਕਿ ਹੱਥ ਨਾਲ ਦੱਬੀਆਂ ਵੀ ਨਹੀਂ ਜਾ ਸਕਦੀਆਂ।"
ਉਹ ਆਪਣੇ ਹੱਥਾਂ ਨਾਲ ਸੁੱਜੀਆਂ ਹੋਈਆਂ ਛਾਤੀਆਂ ਨੂੰ ਟੋਹ ਕੇ ਵੇਖਣ ਲੱਗ ਪਈਆਂ - ਪਰ ਉਂਗਲਾਂ ਰਤਾ ਵੀ ਖੁੱਭਦੀਆਂ ਨਹੀਂ ਸਨ। ਜਵਾਨ ਮਾਂ, ਜਿਸ ਦੇ ਲੰਮੇ ਲੰਮੇ ਵਾਲ ਖਿਲਰੇ ਹੋਏ ਸਨ ਤੇ ਜਿਸ ਦੀਆਂ ਅੱਖਾਂ ਅੰਨ੍ਹੇਰੇ ਵਿੱਚ ਬਿੱਲੀ ਵਾਂਗ ਚਮਕ ਰਹੀਆਂ ਸਨ, ਆਪਣੇ ਪਾਟੇ ਬਲਾਊਜ਼ ਵਿੱਚੋਂ ਬਾਹਰ ਨਿਕਲੀਆਂ ਛਾਤੀਆਂ ਨੂੰ ਧੌਣ ਝੁਕਾ ਕੇ, ਡੋਡੀ ਹੱਥ ਵਿੱਚ ਲੈ ਕੇ, ਬੱਚੇ ਦੇ ਠੰਡੇ ਠਾਰ ਮੂੰਹ ਨੂੰ ਲਾ ਰਹੀ ਸੀ।
“ਪੱਥਰ ਹੋ ਗਈ ਜਾਪਦੀ ਏ।"
"ਲਾਸ਼ ਤਾਂ ਪਹਿਲਾਂ ਹੀ ਬੋ ਛੱਡ ਰਹੀ ਏ। ਇੱਥੇ ਖਲ੍ਹਤਾ ਵੀ ਨਹੀਂ ਜਾਂਦਾ ।"
ਕਦੀ ਮਰਦ ਆਖਣ ਲੱਗੇ।
"ਉਸ ਨਾਲ ਗੱਲ ਕਰਨ ਦਾ ਕੀ ਫ਼ਾਇਦਾ ਚੁੱਕ ਲਓ ਲੋਥ ਨੂੰ।”
"ਬਿਮਾਰੀ ਫੈਲ ਜਾਏਗੀ! ਇੰਝ ਤਾਂ ਗੱਲ ਨਹੀਂ ਬਣਨੀ। ਉਸ ਨੂੰ ਦੱਬ ਦੇਣਾ ਚਾਹੀਦਾ ਹੈ।"
ਦੋ ਬੰਦਿਆਂ ਨੇ ਅੱਗੇ ਵੱਧ ਕੇ ਜ਼ੋਰੀਂ ਮਾਂ ਦੀ ਝੋਲੀ ਵਿੱਚੋਂ ਬੱਚੇ ਦੀ ਲੋਥ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਕਿਸੇ ਜਾਨਵਰ ਦੀ ਚੀਖ ਨੇ ਜਿਉਂ ਅੰਨ੍ਹੇਰੇ ਦੇ ਲੰਗਾਰ ਲਾਹ ਸਿੱਟੇ। ਅੱਗਾਂ, ਧੂਣੀਆਂ ਤੋਂ ਹੁੰਦੀ ਚੀਖ ਅਦਿਸ ਸਮੁੰਦਰ ਤੇ ਪਹਾੜਾਂ ਦੇ ਫੈਲਾਅ ਉੱਤੋਂ ਦੀ ਗੂੰਜਦੀ ਲੰਘ ਗਈ। ਛੱਕੜਾ, ਜ਼ੋਰੀਂ ਬੱਚੇ ਨੂੰ ਝੋਲੀ ਵਿੱਚੋਂ ਖਿੱਚਣ ਕਰਕੇ ਹਿੱਲ ਗਿਆ।
"ਉਸ ਮੇਰੇ ਦੰਦੀ ਵੱਢ ਦਿੱਤੀ ਹੈ... !"
"ਔਰਤ ਦੀ ਸ਼ੈਤਾਨ ਜ਼ਾਤ- ਮੈਨੂੰ ਵੱਢ ਖਾਧਾ ਸੂ।"
ਮਰਦ ਪਿੱਛੇ ਹੱਟ ਗਏ। ਤੀਵੀਆਂ ਸੋਗ ਵਿੱਚ ਡੁੱਬੀਆਂ ਝੱਟ ਉੱਥੇ ਖਲ੍ਹੋਤੀਆਂ