ਇਹ ਪੁਸਤਕ
ਇੱਕ ਅਜੀਬ ਜਿਹੀ ਹੀ ਗੱਲ ਹੋ ਗਈ, ਨਾ ਪਲਾਟ ਕਰਕੇ, ਨਾ ਪਾਤਰਾਂ ਕਰਕੇ, ਨਾ ਘਟਨਾਵਾਂ ਕਰਕੇ ਅਤੇ ਨਾ ਕੋਈ ਸਪੱਸ਼ਟ ਮਨ ਵਿੱਚ ਕਲਪਨਾ ਜਾਂ ਵਿਚਾਰ ਲੈ ਕੇ ਹੀ The Iron Flood ਦਾ ਆਰੰਭ ਹੋ ਗਿਆ।
ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤੋਂ ਥੋੜ੍ਹਾ ਚਿਰ ਹੀ ਪਹਿਲਾਂ, ਮੇਰੇ ਪੁੱਤਰ ਅਨਾਤੋਲੀ ਨੇ ਕਾਕੇਸ਼ੀਅਨ ਪਹਾੜੀ ਸਿਲਸਿਲਿਆਂ ਵਿੱਚ ਪਾਣੀ ਦੀਆਂ ਕੰਧੀਆਂ ਨੂੰ ਵੇਖਣ ਦਾ ਫੈਸਲਾ ਕਰ ਲਿਆ, ਜੋ ਨੋਵਰੋਸੀਸਕ ਦੇ ਕਸਬੇ ਤੋਂ ਸ਼ੁਰੂ ਹੋ ਕੇ ਬੜੀ ਸ਼ਾਨ ਨਾਲ ਸਮੁੰਦਰ ਤੇ ਸਟੈਪੀ ਤੱਕ ਜਾਂਦੀਆਂ ਸਨ।
ਭੂਰੀਆਂ ਚੱਟਾਨਾਂ, ਖੁੱਲ੍ਹੇ ਮੂੰਹ ਦੀਆਂ ਖੱਡਾਂ ਤੇ ਉੱਪਰ ਆਕਾਸ਼ ਤੀਕ, ਜਾਂ ਤੇ ਹੁਨਾਲ ਦੇ ਚਿੱਟੇ ਦੁੱਧ ਬੱਦਲਾਂ ਦੀ ਲਿਸ਼ਕ ਸੀ ਤੇ ਜਾਂ ਚਮਕਦੀਆਂ ਬਰਫਾਂ ਦੀਆਂ ਚੋਟੀਆਂ
ਜਿਉਂ ਜਿਉਂ ਅਸੀਂ ਉੱਪਰ ਵੱਲ ਨੂੰ ਚੜ੍ਹਦੇ ਗਏ, ਆਲੇ ਦੁਆਲੇ ਸੁੱਖੜ ਖੜ੍ਹੀਆਂ ਚੱਟਾਨਾਂ ਵਿੱਚ ਦੀ ਸਮੁੰਦਰ ਦਿਸਣੋਂ ਹੱਟ ਗਿਆ । ਹਵਾ ਵੀ ਘੱਟ ਵਧ ਹੀ ਰਹਿ ਗਈ ਤੇ ਸਾਹ ਤੇਜ਼ ਤੇਜ਼ ਆਉਣ ਲੱਗ ਪਿਆ। ਲਿਸ਼ਕਦੇ ਚਿੱਟੇ ਬੱਦਲ ਸਾਡੇ ਸਿਰਾਂ ਨਾਲ ਖਹਿ ਖਹਿ ਕੇ ਲੰਘ ਜਾਂਦੇ । ਗਰਮੀ ਵੀ ਬਸ ਏਨੀ ਕੁ ਹੀ ਸੀ, ਜਿੰਨੀ ਕੁ ਉੱਚੇ ਪਹਾੜਾਂ ਉੱਤੇ ਹੋ ਸਕਦੀ ਹੈ।
ਅਚਾਨਕ ਚੱਟਾਨਾਂ ਪਿੱਛੇ ਨੂੰ ਪਰਤ ਪਈਆਂ। ਅਸੀਂ ਹੈਰਾਨ ਵੇਖਦੇ ਰਹਿ ਗਏ। ਕਾਕੇਸ਼ੀਅਨ ਸਿਲਸਿਲਾ, ਇਹ ਭਾਰੀ ਕੰਧੀ, ਏਨੀ ਪਤਲੀ ਹੋ ਗਈ ਸੀ, ਜਿਉਂ ਉਸਤਰੇ ਦੀ ਧਾਰ । ਸੱਜੇ ਖੱਬੇ ਦੁਹੀਂ ਪਾਸੀਂ ਦੂਰ ਹੇਠਾਂ ਤੀਕ ਜਾਂਦੀਆਂ ਸੁੱਖੜ-ਚੱਟਾਨਾਂ ਸਨ। ਸੱਜੇ ਹੱਥ ਸਮੁੰਦਰ ਇਉਂ ਖੜ੍ਹਤਾ ਜਾਪਦਾ ਸੀ, ਜਿਉਂ ਇੱਕ ਨੀਲੇ ਰੰਗ ਦੀ ਪਿਘਲੀ ਹੋਈ ਕੰਧ ਖੜ੍ਹਤੀ ਹੋਈ ਹੋਵੇ - ਇੱਡੀ ਦੂਰੋਂ ਸਾਨੂੰ ਲਹਿਰਾਂ ਦਾ ਜ਼ਰਾ ਵੀ ਪਤਾ ਨਹੀਂ ਸੀ ਲੱਗ ਰਿਹਾ। ਖੱਬੇ ਹੱਥ, ਦੂਰ ਹੇਠਾਂ, ਰੁੱਖਾਂ ਨਾਲ ਭਰੀਆਂ, ਨੀਲੇ ਰੰਗ ਦੀਆਂ ਪਹਾੜੀਆਂ ਸਨ ਤੇ ਇਸ ਤੋਂ ਪਰ੍ਹੇ ਕੀਊਥਨ ਸਟੈਪੀ ਦਾ ਵਿਸਥਾਰ ਸੀ।
ਅਸੀਂ ਕੀਲੇ ਹੋਏ, ਇਹਨਾਂ ਦੁਹਾਂ ਨੂੰ ਜੋੜਨ ਵਾਲੀ ਉਸ ਸੌੜੀ ਥਾਂ ਉੱਤੇ ਜਿਸ ਦੀ ਚੌੜਾਈ ਦੋ ਮੀਟਰ ਤੋਂ ਜ਼ਿਆਦਾ ਨਹੀਂ ਸੀ, ਅੱਖਾਂ ਸਾਹਮਣੇ ਵਿਛੇ ਸੰਸਾਰ ਦਾ ਨਜ਼ਾਰਾ ਵੇਖਦੇ ਰਹੇ।
ਅਕਤੂਬਰ ਇਨਕਲਾਬ ਸਫਲ ਹੋ ਗਿਆ ਸੀ।
ਮੇਰਾ ਆਪਣਾ ਪਿਆਰਾ ਇਨਕਲਾਬੀ ਮਾਸਕੋ, ਲਾਲੋ ਲਾਲ ਹੋਇਆ ਸੀ । ਮਾਸਕੋ ਦੀਆਂ ਖਿੜਕੀਆਂ ਖੁੰਡਿਆਂ ਵਾਂਗ ਕਾਲੀਆਂ ਹੋਈਆਂ ਮੂੰਹ ਅੱਡੀ ਵੇਖੀ ਜਾ ਰਹੀਆਂ ਸਨ। ਗਲੀਆਂ ਵਿੱਚ ਗੋਲਿਆਂ ਨੇ ਟੋਏ ਹੀ ਟੋਏ ਕੀਤੇ ਹੋਏ ਸਨ ਤੇ ਇਸ ਦੀਆਂ ਕੰਧਾਂ ਗੋਲੀਆਂ ਨਾਲ ਛਾਨਣੀ ਛਾਨਣੀ ਹੋਈਆਂ ਪਈਆਂ ਸਨ ਤੇ ਇਸ ਦੇ ਭੁੱਖ ਤੇ ਤਸੀਹਿਆਂ ਦੇ ਸਤਾਏ, ਖਸਤਾ ਹਾਲ ਲੋਕਾਂ ਦੀਆਂ ਖੁੱਭੀਆਂ ਅੱਖਾਂ ਵਿੱਚ, ਇੱਕ ਜਲੌ ਲਿਸ਼ਕਾਂ ਮਾਰ ਰਿਹਾ ਸੀ।
ਆਪਣੀ ਕੀ ਦੱਸਾਂ ? ਮੇਰੀ ਥਾਂ ਕਿੱਥੇ ਸੀ ?
ਮੈਂ ਆਪਣੇ ਤੌਰ 'ਤੇ ਇਸ ਸੰਘਰਸ਼ ਨੂੰ ਚਲਾਣ ਹਿੱਤ, ਅਪੀਲਾਂ, ਲੇਖ, ਭਾਸ਼ਣ ਲੜਾਈ ਦੇ ਮੋਰਚੇ ਤੋਂ ਲਿਖ ਲਿਖ ਕੇ ਭੇਜ ਰਿਹਾ ਸਾਂ, ਪਰ ਫਿਰ ਵੀ, ਮੇਰੇ ਅੰਦਰ ਇੱਕ ਖੋਹ ਜਿਹੀ ਪੈਂਦੀ ਰਹਿੰਦੀ ਸੀ ਕਿ ਮੈਂ ਜੋ ਕੁਝ ਕਰਨਾ ਚਾਹੀਦਾ ਹੈ, ਉਹ ਨਹੀਂ ਕਰ ਰਿਹਾ। ਮੈਨੂੰ ਕੁਝ ਮਹਾਨ ਕਰਕੇ ਵਿਖਾਣਾ ਚਾਹੀਦਾ ਸੀ, ਕੁਝ ਸੰਸਾਰ ਵਿੱਚ ਉੱਗੇ ਝਾੜ-ਝਖਾੜ ਨੂੰ ਵੱਢ ਕੇ, ਸਾਫ ਥਾਂ ਕਰਨੀ ਚਾਹੀਦੀ ਸੀ । ਸਾਹਿਤ ਵਿੱਚ ਵੀ ਕੁਝ ਅਜਿਹਾ ਕਰਨ ਦੀ ਲੋੜ ਸੀ, ਜਿਸ ਨਾਲ ਪੁਰਾਣੇ ਜੰਗਲ ਵੱਢ ਕੇ, ਕੁਝ ਨਵੇਂ ਤੇ ਸੁਹਣੇ ਬੂਟੇ ਲਾਏ ਜਾ ਸਕਣ। ਇੱਕ ਪਾਸੇ ਢਾਹੁਣ ਤੇ ਦੂਜੇ ਪਾਸੇ ਉਸਾਰਨ ਦਾ ਕੰਮ ਨਾਲੋਂ ਨਾਲ ਕਰਨ ਦੀ ਲੋੜ ਸੀ।
ਪਰ ਕਿਸ ਤਰ੍ਹਾਂ ?
ਮੈਨੂੰ ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਦੀ ਇੱਕ ਘਟਨਾ ਯਾਦ ਆਉਂਦੀ ਹੈ: ਮੇਰੀ ਮੋਟਰ ਸਾਈਕਲ ਜਿਸ ਨੂੰ ਮੈਂ "ਡੈਵਲ" ਆਖਦਾ ਸਾਂ, ਮੁੱਖ ਮਾਰਗ ਉੱਤੇ ਧੂੜਾਂ ਉਡਾਂਦੀ ਤੇ ਚੱਕਰ ਕੱਟਦੀ ਉੱਡੀ ਜਾ ਰਹੀ ਸੀ; ਸੱਜੇ ਹੱਥ ਪਹਾੜ ਤੇ ਖੱਬੇ ਨੀਲਾ ਸਮੁੰਦਰ ਠਾਠਾਂ ਮਾਰ ਰਿਹਾ ਸੀ। ਮੈਂ ਪਹਾੜਾਂ ਵਿੱਚ ਆਪਣੇ "ਡੈਵਲ" ਨੂੰ ਸਟੈਂਡ ਉੱਤੇ ਖੜ੍ਹਾ ਕੀਤਾ ਤੇ ਇੱਕ ਕਿਰਸਾਨ ਦੀ ਝੁੱਗੀ ਵਿੱਚ ਦੁੱਧ ਲੈਣ ਟੁਰ ਗਿਆ। ਉਸ ਮੈਨੂੰ ਦੱਸਿਆ ਕਿ ਗੁਰਬਤ ਦਾ ਮਾਰਿਆ ਉਹ, ਰਇਆਜ਼ਾਨ ਗੁਬਰੀਨਾ ਤੋਂ ਇੱਥੇ ਆਇਆ ਸੀ । ਬੱਚਿਆਂ ਦਾ ਇੱਜੜ ਉਸ ਦੇ ਕੋਲ ਸੀ, ਮਿਹਨਤ ਮੁਸ਼ੱਕਤਾਂ ਦੀ ਮਾਰੀ ਉਸ ਦੀ ਵਹੁਟੀ ਸੀ ਤੇ ਬੁੱਢੇ ਮਾਂ-ਬਾਪ ਸਨ, ਜਿਨ੍ਹਾਂ ਦੀ ਦੇਖ ਭਾਲ ਕਰਨੀ ਪੈਂਦੀ ਸੀ।
ਅੰਗੂਰ ਦੀਆਂ ਵੇਲਾਂ ਤੇ ਅੰਜ਼ੀਰਾਂ ਦੇ ਬੂਟਿਆਂ ਦੀ ਥਾਈਂ, ਜੋ ਉਸ ਖੇਤਰ ਵਿੱਚ ਬਹੁਤ ਕਰਕੇ ਉਗਦੇ ਸਨ, ਉਸ ਕਣਕ ਬੀਜਣੀ ਸ਼ੁਰੂ ਕੀਤੀ। ਬੜੀ ਸੁਹਣੀ ਉੱਚੀ ਲੰਮੀ ਤੇ ਭਾਰੇ ਸਿੱਟਿਆਂ ਵਾਲੀ ਕਣਕ ਉੱਗੀ। ਸਾਰਾ ਟੱਬਰ ਬੜੀਆਂ ਸਧਰਾਈਆਂ ਅੱਖਾਂ ਨਾਲ ਬੂਟਿਆਂ ਵੱਲ ਵੇਖਦਾ ਰਹਿੰਦਾ, ਕਿ ਹੋਰ ਚਹੁੰ ਦਿਨਾਂ ਨੂੰ ਵਾਢੀ ਪੈ ਜਾਣੀ ਏ।
ਤੇ ਫਿਰ ਅਚਾਨਕ ਕੀ ਹੋਇਆ ਕਿ ਪਹਾੜਾਂ ਉੱਤੇ ਕਾਲੇ ਬੱਦਲ ਘਿਰ ਆਏ। ਘਮਾ ਘਮ ਮੀਂਹ ਵਰ੍ਹਣ ਲੱਗ ਪਿਆ। ਸਭ ਨਦੀਆਂ ਨਾਲੇ ਭਰ ਭਰ ਕੇ ਵਗਣ ਲੱਗ ਪਏ ਤੇ ਰੁੱਖ ਬੂਟੇ ਸਭ ਰੋੜ੍ਹ ਕੇ ਲੈ ਗਏ। ਅੱਧੇ ਘੰਟੇ ਮਗਰੋਂ ਵੇਖਿਆ ਕਿ ਕਣਕ ਦਾ ਸਾਰਾ ਖੇਤ ਵੱਡੇ ਵੱਡੇ ਪੱਥਰਾਂ ਤੇ ਰੁੱਖਾਂ ਹੇਠ ਵਿਛਿਆ ਪਿਆ ਸੀ- ਜਿਉਂ ਕਿਸੇ ਭੂਤ ਨੇ ਆ ਕੇ ਸਭ ਲਿਤਾੜ ਕੇ ਰੱਖ ਦਿੱਤਾ ਹੋਵੇ। ਕੋਈ ਵੀ ਨਹੀਂ ਸੀ ਜਾਣ ਸਕਦਾ ਕਿ ਇੱਥੇ ਸੁਨਹਿਰੀਆਂ ਕਣਕਾਂ ਦੇ ਸਿੱਟੇ ਝੂਲ ਰਹੇ ਸਨ, ਕਿ ਬੜੇ ਹੱਡ ਗੋਡੇ ਰਗੜ ਕੇ ਇੱਥੇ ਕਣਕ ਬੀਜੀ ਗਈ ਸੀ । ਕਿਰਸਾਨ ਵਿਚਾਰੇ ਦਾ ਸਿਰ ਗੋਡਿਆਂ ਨਾਲ ਜਾ ਲੱਗਾ ਤੇ ਭੁੱਖੇ ਬੱਚੇ ਉਸ ਦੇ ਦੁਆਲੇ ਆ ਕੇ ਖਲ੍ਹ ਗਏ।
ਸ਼ਾਇਦ ਮੈਨੂੰ ਇਸ ਕਿਰਸਾਨ ਬਾਰੇ ਕੋਈ ਪੁਸਤਕ ਲਿਖਣੀ ਚਾਹੀਦੀ ਸੀ ਜੋ ਪਹਾੜਾਂ ਵਿੱਚ ਰੁਲ ਗਿਆ ਸੀ। ਵਿਚਾਰੇ ਲਈ ਕੋਈ ਰਾਹ ਨਹੀਂ ਸੀ ਰਿਹਾ, ਕੋਈ ਸਮਾਜਿਕ ਰਾਹ। ਰਇਆਜ਼ਾਨ ਗੁਬਰੀਨਾ ਵਿੱਚ ਜ਼ਿਮੀਂਦਾਰ, ਕੁਲਕ, ਪਾਦਰੀ ਤੇ ਪੁਲਿਸ ਅਫਸਰਾਂ ਨੇ, ਉਸ ਦੇ ਮਾਸ ਵਿੱਚ ਆਪਣੇ ਦੰਦ ਖੋਭੇ ਹੋਏ ਸਨ। ਪਰ ਇੱਥੇ ਪਹਾੜਾਂ ਵਿੱਚ ਚੱਟਾਨਾਂ, ਖੱਡਾਂ,
ਜੰਗਲਾਂ ਤੇ ਸਮੁੰਦਰ ਵਿੱਚ ਘਿਰਿਆ - ਕਿਸਮਤ ਨੂੰ ਰੋ ਰਿਹਾ ਸੀ। ਵਿਚਾਰੇ ਦਾ ਇਹੋ ਜਿਹੀਆਂ ਚੀਜ਼ਾਂ ਨਾਲ ਪਹਿਲਾਂ ਕਿੱਥੇ ਵਾਸਤਾ ਪਿਆ ਸੀ, ਕਿ ਕੋਈ ਤਜ਼ਰਬਾ ਹੁੰਦਾ। ਸਦੀਆਂ ਤੋਂ ਉਸ ਦੀ ਹਾਲਤ ਇਸੇ ਤਰ੍ਹਾਂ ਟੁਰੀ ਆਈ ਸੀ । ਕੁਦਰਤ ਨਾਲ ਉਹ ਕਿਵੇਂ ਟੱਕਰ ਲੈ ਸਕੇ। ਉਹ ਤਾਂ ਸਮਾਜਿਕ ਤੌਰ 'ਤੇ ਆਪਣੇ ਹਲ-ਪੰਜਾਲੀ ਨਾਲ ਬੱਧਾ ਹੋਇਆ ਸੀ। ਕੀ ਉਸ ਬਾਰੇ ਲਿਖਾਂ ?
ਨਹੀਂ... ਨਹੀਂ...। ਗਰੀਬ ਕਿਰਸਾਨਾਂ ਬਾਰੇ ਪਹਿਲਾਂ ਹੀ, ਉਹਨਾਂ ਦੀ ਕੰਗਾਲੀ, ਜਹਾਲਤ, ਸਦੀਵੀ ਦੁੱਖਾਂ ਬਾਰੇ ਲਿਖਿਆ ਜਾ ਚੁੱਕਾ ਹੈ। ਮੈਂ ਆਪ ਇਹਨਾਂ ਕਿਰਸਾਨਾਂ ਦੀ ਹੂ-ਬ-ਹੂ ਜ਼ਿੰਦਗੀ ਦਾ ਚਿੱਤਰਣ ਕੀਤਾ ਹੈ। ਪਰ ਹੁਣ ਤਾਂ ਇਨਕਲਾਬ ਆ ਚੁੱਕਾ ਸੀ ਤੇ ਇਹੀ ਕਿਰਸਾਨ ਭੁੱਖਾ, ਨੰਗਾ, ਵਾਹਣੇ ਪੈਰ, ਖਸਤਾ ਹਾਲ, ਕਈਆਂ ਮੋਰਚਿਆਂ ਉੱਤੇ ਰੋਹ ਭਰੇ ਰਿੱਛ ਵਾਂਗ ਲੜ ਰਿਹਾ ਸੀ ਤੇ ਉਸ, ਦੁਸ਼ਮਣਾਂ ਦਾ ਮੂੰਹ ਵੀ ਕਈ ਥਾਈਂ ਵਲੂੰਧਰ ਕੇ ਰੱਖ ਦਿੱਤਾ ਸੀ। ਉਹ ਹੁਣ ਪਹਿਲਾਂ ਵਾਲਾ ਕਿਰਸਾਨ ਕਿਸੇ ਵੀ ਹਾਲਤ ਵਿੱਚ ਨਹੀਂ ਸੀ ਰਿਹਾ।
ਹੁਣ ਮੈਂ ਇਹਨਾਂ ਕਿਰਸਾਨਾਂ ਬਾਰੇ, ਦਹਾੜਦੇ ਰਿੱਛ ਵਾਂਗ ਗਰਜਦੇ, ਅੱਗੇ ਵਧੀ ਜਾਂਦੇ ਅਤੇ ਜ਼ਿਮੀਂਦਾਰਾਂ ਤੇ ਚਿੱਟੀ ਚਮੜੀ ਵਾਲੇ ਜਰਨੈਲਾਂ ਨਾਲ ਟੱਕਰ ਲੈਂਦੇ ਰੂਪ ਵਿੱਚ ਲਿਖਾਂਗਾ ਤੇ ਫਿਰ ਮੇਰੀਆਂ ਅੱਖਾਂ ਸਾਹਮਣੇ ਉੱਚੇ ਪਹਾੜ, ਸੁੱਖੜ ਚੱਟਾਨਾਂ ਦੀਆਂ ਚੋਟੀਆਂ, ਬਰਫਾਂ ਨਾਲ ਢੱਕੀਆਂ ਹੋਈਆਂ ਮੂੰਹ ਅੱਡੀ ਦਰਾਰਾਂ, ਸਮੁੰਦਰ ਦੀ ਉਸਰੀ ਉੱਚੀ ਕੰਧ, ਸਭ ਆ ਖਲ੍ਹਤੇ।
ਮੈਂ ਆਪਣੇ ਸਾਥੀਆਂ ਤੋਂ, ਜੇ ਖਾਨਾਜੰਗੀ ਦੇ ਮੋਰਚਿਆਂ ਤੋਂ ਪਰਤ ਕੇ ਆਏ ਸਨ, ਉਹਨਾਂ ਦੇ ਤਜ਼ਰਬੇ 'ਤੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਬੜੀਆਂ ਹੈਰਾਨ ਕਰਨ ਵਾਲੀਆਂ ਗੱਲਾਂ, ਮੈਂ ਉਹਨਾਂ ਦੇ ਮੂੰਹੋਂ ਸੁਣੀਆਂ। ਬੇਮਿਸਾਲ ਬਹਾਦਰੀ ਦੇ ਸਾਕੇ ਮੈਨੂੰ ਦੱਸੇ ਗਏ। ਪਰ ਮੈਨੂੰ ਫੇਰ ਵੀ ਕਿਸੇ ਖਾਸ ਚੀਜ਼ ਦੀ ਉਡੀਕ ਲੱਗੀ ਹੀ ਰਹੀ ਤੇ ਮੇਰੀ ਇਹ ਉਡੀਕ, ਬੇਅਰਥ ਨਹੀਂ ਗਈ।
ਮਾਸਕੋ ਵਿੱਚ ਮੇਰਾ ਇੱਕ ਯੂਕਰੇਨੀਅਨ ਮਿੱਤਰ, ਸੈਕਿਰਕੋ ਰਹਿੰਦਾ ਸੀ। ਇੱਕ ਸ਼ਾਮ, ਜਦ ਮੈਂ ਉਸ ਦੇ ਘਰ ਸਾਂ, ਉਸ ਨੂੰ ਤਿੰਨ ਬੰਦੇ ਮਿਲਣ ਲਈ ਆਏ। ਇੱਕ ਬੜਾ ਮੌਜੀ ਜਿਹਾ ਸੀ ਤੇ ਮੈਂ ਸਮਝ ਸਕਦਾ ਸਾਂ ਕਿ ਉਹ ਬੜੀ ਪਿਆਰੀ ਸੁਰ ਵਿੱਚ ਯੂਕਰੇਨੀਅਨ ਗੀਤ ਗਾ ਸਕਦਾ ਸੀ। ਦੂਜਾ, ਚੁੱਪੂ ਜਿਹਾ ਬੰਦਾ ਸੀ, ਜੋ ਬੈਠਾ ਸਿਗਰਟਾਂ ਦੀ ਫੂਕੀ ਜਾ ਰਿਹਾ ਸੀ। ਤੀਜਾ, ਸੱਚੀ ਮੁੱਚੀ ਇੱਕ ਜ਼ੋਰਦਾਰ ਬੰਦਾ ਸੀ, ਚਿਹਰਾ ਜਿਉਂ ਕਾਂਸੇ ਵਿੱਚੋਂ ਘੜ੍ਹਿਆ ਹੋਇਆ ਹੋਵੇ, ਸਖਤ ਤੇ ਧੜੱਲੇਦਾਰ।
“ਲੈ, ਤੇਰੇ ਮਤਲਬ ਦੇ ਤਿੰਨ ਬੰਦੇ ਆ ਗਏ ਨੇ ਅੱਜ ਤਮਾਨ ਡਵੀਜ਼ਨ ਤੋਂ, ਜਿੰਨਾ ਜੀਅ ਕਰਦਾ ਈ ਇਹਨਾਂ ਕੋਲ ਬਹਿ ਕੇ, ਲਿਖੀ ਜਾ।" ਸੇਕਿਰਕ ਕਹਿਣ ਲੱਗਾ।
ਉਸ ਦੀ ਵਹੁਟੀ ਚਾਹ ਬਣਾ ਕੇ ਸਾਨੂੰ ਦਈ ਗਈ ਤੇ ਅਸੀਂ ਸਾਰੀ ਰਾਤ ਗੱਲਾਂ ਬਾਤਾਂ ਸੁਣਦੇ ਸੁਣਾਂਦੇ ਕੱਢ ਦਿੱਤੀ। ਅਖੀਰ ਦਿਨ ਚੜ੍ਹੇ ਘਰ ਦੀ ਮਾਲਕਣ ਕਹਿਣ ਲੱਗੀ, "ਹੱਦ ਏ, ਸੌਣਾ ਨਹੀਂ ਤੁਸਾਂ ਲੋਕਾਂ ।"
ਸੱਚੀ ਗੱਲ ਤਾਂ ਇਹ ਸੀ ਕਿ ਨੀਂਦ ਨਾਲ ਮੈਂ ਆਪ ਬਉਰਾ ਹੋਇਆ ਪਿਆ ਸਾਂ। “ਕਿਉਂ ਭਈ ਮੁੰਡਿਓਂ, ਅੱਜ ਸੌਣ ਦੀ ਸਲਾਹ ਨਹੀਂ ਤੁਹਾਡੀ ?"
ਮੈਂ ਘਰ ਆ ਗਿਆ। ਭੁੱਖ ਨਾਲ ਮੇਰਾ ਢਿੱਡ ਨਾਲ ਲੱਗਾ ਹੋਇਆ ਸੀ, ਪਰ ਦਿਲ ਖੁਸ਼ੀ ਨਾਲ ਉੱਛਲ ਰਿਹਾ ਸੀ: ਤਿੰਨਾਂ ਨੇ ਮੈਨੂੰ ਤਮਾਨ ਫ਼ੌਜ ਦੀ ਕਾਲੇ ਸਾਗਰ ਦੇ ਸਾਹਿਲ ਦੇ ਨਾਲ ਨਾਲ ਚੜ੍ਹਾਈ ਦੀ ਕਹਾਣੀ ਸੁਣਾਈ, ਜੋ ਇੱਕ ਅਜਿਹੀ ਥਾਂ ਸੀ, ਜਿਹੜੀ ਮੇਰੀ ਯਾਦ ਵਿੱਚ ਸਗਵੀਂ ਉੱਘੜ ਆਈ।
ਇਹ ਕਿਸੇ ਇਲਹਾਮ ਤੋਂ ਘੱਟ ਨਹੀਂ ਸੀ: "ਇਨਕਲਾਬ ਵਿੱਚ ਉੱਠ ਖਲ੍ਹਤੀ ਕਿਰਸਾਨੀ ਨੂੰ, ਉਹਨਾਂ ਪਹਾੜਾਂ ਦੇ ਸਿਲਸਿਲਿਆਂ ਉੱਤੋਂ ਦੀ ਲੈ ਚੱਲੋ। ਉਹਨਾਂ ਗਰੀਬਾਂ ਕਿਰਸਾਨਾਂ ਨੇ, ਵਾਸਤਵ ਵਿੱਚ, ਇੱਥੋਂ ਲੰਘਦਿਆਂ ਹੀ ਆਪਣੇ ਸਿਰ ਇਨਕਲਾਬ ਦੀ ਭੇਟ ਚੜ੍ਹਾ ਦਿੱਤੇ ਸਨ।" ਜੀਵਨ ਨੇ ਆਪ ਮੈਨੂੰ ਪ੍ਰੇਰਨਾ ਦਿੱਤੀ: "ਢਾਲ ਦੇ ਇਸ 'ਫੌਲਾਦੀ ਹੜ੍ਹ' ਨੂੰ - ਤੂੰ ਐਵੇਂ ਤਾਂ ਉਹਨਾਂ ਥਾਵਾਂ ਨੂੰ ਨਹੀਂ ਗਾਂਹਦਾ ਰਿਹਾ ਤੇ ਤੂੰ ਉਹਨਾਂ ਕਿਰਸਾਨਾਂ ਨੂੰ ਵੀ ਭਲੀ ਭਾਂਤ ਜਾਣਦਾ ਹੈ... "
ਸੱਚਮੁੱਚ ਹੀ, ਇਨਕਲਾਬ ਵਿੱਚ ਕਿਰਸਾਨਾਂ ਦੇ ਸ਼ਾਮਿਲ ਹੋਣ ਦਾ ਵਿਸ਼ਾ, ਕਈ ਮਹੀਨਿਆਂ ਤੋਂ ਮੇਰੇ ਦਿਮਾਗ ਵਿੱਚ ਰਿੱਝਦਾ ਆ ਰਿਹਾ ਸੀ।
ਅਸੀਂ ਇਤਿਹਾਸ ਤੋਂ ਜਾਣਦੇ ਹਾਂ ਕਿ ਕਿਰਸਾਨਾਂ ਨੇ ਕਈ ਇਨਕਲਾਬੀ ਲਹਿਰਾਂ ਵਿੱਚ ਹਿੱਸਾ ਲਿਆ। ਭਾਵੇਂ ਉਹਨਾਂ ਦੇ ਕੰਮ ਚੰਗੀ ਤਰ੍ਹਾਂ ਜਥੇਬੰਦ ਨਹੀਂ ਸਨ ਤੇ ਵੇਖਣ ਵਿੱਚ ਮਾਰ ਧਾੜ ਵਾਲੇ ਹੀ ਲੱਗਦੇ ਸਨ । ਰੈਜ਼ਿਨ, ਪੁਗਾਚੇਵ ਤੇ ਉਪਰੰਤ ਕਈ ਹੋਰ ਖੇਤਰਾਂ ਵਿੱਚ ਕਿਰਸਾਨਾਂ ਦੀ ਬਗਾਵਤ)। ਇਹਨਾਂ ਬਗਾਵਤਾਂ ਨਾਲ, ਇੱਕ ਇਨਕਲਾਬ ਨਹੀਂ ਸੀ ਆ ਸਕਦਾ। ਸਮਾਜਵਾਦੀ ਇਨਕਲਾਬ ਉਦੋਂ ਹੀ ਸਫਲ ਹੋ ਸਕਦਾ ਹੈ, ਜਦ ਇਸ ਦੀ ਅਗਵਾਈ ਪ੍ਰੋਲੇਤਾਰੀ ਦੇ ਹੱਥ ਹੋਵੇ। ਕਿਰਸਾਨ ਦੀ ਬਗਾਵਤ ਨੇ ਸਮਾਜਿਕ ਵਿਵਸਥਾ ਨੂੰ ਹਿਲਾ ਤਾਂ ਦਿੱਤਾ, ਪਰ ਇਸ ਦੀ ਥਾਂ ਕੋਈ ਨਵੀਂ ਸਥਾਪਨਾ ਨਾ ਕੀਤੀ। ਇਨਕਲਾਬ ਨੇ ਪੁਰਾਣੀ ਪ੍ਰੰਪਰਾ ਨੂੰ ਨੀਹਾਂ ਤੋਂ ਹਿਲਾ ਕੇ ਰੱਖ ਦਿੱਤਾ ਤੇ ਇਸ ਦੀ ਥਾਈਂ, ਇੱਕ ਨਵੀਂ ਦੀ ਸਥਾਪਨਾ ਕੀਤੀ।
ਸੁਭਾਵਕ ਹੀ ਪ੍ਰੋਲੇਤਾਰੀ ਇਨਕਲਾਬ ਦਾ ਮੋਹਰੀ ਦਸਤਾ ਤੇ ਜਥੇਬੰਦੀ ਦੀ ਸ਼ਕਤੀ ਬਣਿਆ ਰਿਹਾ - ਪਰ ਇਸ ਇਕੱਲਿਆਂ ਹੀ ਸਭ ਕੁਝ ਨਹੀਂ ਕਰ ਦਿੱਤਾ- ਜੋ ਇਸ ਕੀਤਾ, ਉਹ ਇਹ ਸੀ ਕਿ ਇਸ ਵਿਸ਼ਾਲ ਕਿਰਸਾਨੀ ਦੀ ਸੰਘਰਸ਼ ਪ੍ਰਤੀ, ਸੂਝ ਨੂੰ ਜਗਾ ਦਿੱਤਾ।
ਜੇ ਇਨਕਲਾਬੀ ਸੰਘਰਸ਼ ਵਿੱਚ ਕਿਰਤੀ ਜਮਾਤ ਇਕੱਲੀ ਹੀ ਲੜਦੀ ਰਹਿੰਦੀ ਤਾਂ ਇਸ ਦਾ ਅੰਤ ਹੋ ਜਾਂਦਾ, ਜਿਵੇਂ ਕਿ ਪਹਿਲੇ ਇਨਕਲਾਬਾਂ ਸਮੇਂ ਹੋਇਆ। ਪਰ ਅਕਤੂਬਰ ਇਨਕਲਾਬ ਦੇ ਸਮੇਂ ਕਿਰਸਾਨੀ ਨੇ ਪੂਰਾ ਪੂਰਾ ਸਾਥ ਦਿੱਤਾ ਤੇ ਇਸੇ ਕਾਰਨ ਇਨਕਲਾਬ ਨੂੰ ਜਿੱਤ ਪ੍ਰਾਪਤ ਹੋ ਗਈ।
ਪੂਰਵ-ਇਨਕਲਾਬੀ ਕਿਰਸਾਨੀ, ਆਪਣੇ ਆਪ ਵਿੱਚ ਹੀ, ਕਿਰਤੀਆਂ ਨਾਲੋਂ ਇੱਕ ਵੱਖਰੀ ਜਮਾਤ ਸੀ । ਕਿਰਤੀ, ਉਦਯੋਗਿਕ ਉਪਜ ਵਿੱਚੋਂ ਸਾਹਮਣੇ ਆਉਂਦਾ ਹੈ, ਉਹ ਸਮੁੱਚੇ ਜੀਵਨ ਵਿੱਚ ਹੀ ਇਨਕਲਾਬੀ ਸੰਘਰਸ਼ ਵਿੱਚ ਰਿਹਾ ਹੁੰਦਾ ਹੈ ਅਰਥਾਤ, ਉਸ ਦੀ
ਆਪਣੀ ਕੋਈ ਜਾਇਦਾਦ ਨਹੀਂ ਹੁੰਦੀ।
ਕਿਰਸਾਨ, ਦੂਜੇ ਪਾਸੇ, ਇੱਕ ਅਜਿਹਾ ਕਿਰਸਾਨ ਜਿਸ ਨੂੰ ਮੈਂ 'ਫ਼ੌਲਾਦੀ ਹੜ੍ਹ' ਵਿੱਚ ਉਲੀਕਣਾ ਚਾਹੁੰਦਾ ਸਾਂ, ਇੱਕ ਜਾਇਦਾਦ ਦਾ ਮਾਲਕ ਸੀ: ਉਸ ਕੋਲ ਗਾਂ ਸੀ, ਘੋੜਾ ਸੀ, ਜ਼ਮੀਨ ਦਾ ਟੋਟਾ ਸੀ ਤੇ ਇੱਕ ਮਕਾਨ ਸੀ। ਉਹ ਇੱਕ ਮਾਲਕ ਸੀ, ਭਾਵੇਂ ਕਿੰਨਾ ਹੀ ਛੋਟਾ ਤੇ ਅਸੁਰੱਖਿਅਤ ਸੀ ਤੇ ਇਹੀ ਮੁੱਢਲਾ ਫਰਕ ਸੀ ਉਸ ਦੀ ਮਨੋਬਿਰਤੀ ਤੇ ਇੱਕ ਕਿਰਤੀ ਦੀ ਮਨੋਬਿਰਤੀ ਵਿੱਚ, ਜਿਸ ਕਰਕੇ ਇਨਕਲਾਬ ਪ੍ਰਤੀ ਦੋਹਾਂ ਦੇ ਰੁਖ਼ ਵਿੱਚ ਅੰਤਰ ਸੀ। ਉਸ ਦਾ ਜੀਵਨ ਕਠੋਰ ਸੀ, ਪਰ ਉਸ ਦੇ ਤਰਕ ਦਾ ਰੰਗ ਵੱਖਰਾ ਸੀ। "ਜ਼ਿਮੀਂਦਾਰੀ ਸਮਾਪਤ ਕਰ ਕੇ, ਜ਼ਿਮੀਂਦਾਰ ਦੀ ਜ਼ਮੀਨ ਖੋਹ ਲਵੋ; ਮੈਂ ਵੀ ਕਿਉਂ ਨਾ ਉਸ ਦੇ ਔਜ਼ਾਰ, ਗਾਵਾਂ, ਘੋੜੇ ਤੇ ਹਲ ਖੋਹ ਲਵਾਂ, ਹੋਰ ਚਾਹੀਦਾ ਕੀ ਹੈ ਮੈਨੂੰ । ਮੈਂ ਵੀ ਆਪਣਾ ਫਾਰਮ ਵਧਾ ਕੇ ਸੌਖਾ ਹੋ ਜਾਵਾਂਗਾ।" ਇਹ ਸੀ ਦਲੀਲ ਛੋਟੀ ਜਾਇਦਾਦ ਦੇ ਮਾਲਕ ਦੀ ਤੇ ਜਿਸ ਵੇਲੇ ਇਨਕਲਾਬ ਸ਼ੁਰੂ ਹੋਇਆ, ਛੋਟੇ ਕਿਰਸਾਨ ਇਸ ਕਰ ਕੇ ਉੱਠ ਖਲੋਤੇ ਕਿ ਜ਼ਿਮੀਂਦਾਰ ਕੋਲ, ਉਸ ਦਾ ਸਭ ਕੁਝ ਖੋਹ ਲਿਆ ਜਾਵੇ । ਬਹੁਤਿਆਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਸ ਤੋਂ ਮਗਰੋਂ ਕੀ ਹੋਣਾ, ਜਾਂ ਉਹਨਾਂ ਕੀ ਕਰਨਾ ਸੀ।
ਪਰ, ਫਿਰ ਇਹ ਕਿਵੇਂ ਹੋ ਗਿਆ ਕਿ ਇਹ ਜਿਹੀ ਸੋਚਣੀ ਲੈ ਕੇ, ਏਨੀ ਭਾਰੀ ਗਿਣਤੀ ਵਿੱਚ ਕਿਰਸਾਨ ਇਨਕਲਾਬ ਵਿੱਚ ਕੁੱਦ ਪਏ ਤੇ ਅਖੀਰ, ਉਹ ਇਡੀ ਭਾਰੀ ਹੈਰਾਨ ਕਰ ਦੇਣ ਵਾਲੀ ਲਾਲ ਫੌਜ ਵਿੱਚ ਜਥੇਬੰਦ ਹੋ ਕੇ ਰਲ ਗਏ, ਜਿਸ ਨਾਲ ਪ੍ਰੋਲੇਤਾਰੀ ਇਨਕਲਾਬ ਦੀ ਜਿੱਤ ਹੋ ਗਈ।
ਇਹ ਇਤਿਹਾਸ ਦੀ ਯਥਾਰਥਕ ਤੋਰ ਸੀ, ਜਿਸ ਨੇ ਕਿਰਸਾਨਾਂ ਨੂੰ ਇਨਕਲਾਬ ਵਿੱਚ ਕਿਰਤੀਆਂ ਨਾਲ ਮਿਲਣ ਲਈ ਪ੍ਰੇਰਿਆ। ਇਹੀ ਇੱਕ ਵਸੀਲਾ ਸੀ, ਜਿਸ ਦੁਆਰਾ ਕਿਰਸਾਨ ਜ਼ਿਮੀਂਦਾਰਾਂ ਦੇ ਹੱਥੋਂ ਹਮੇਸ਼ਾ ਹਮੇਸ਼ਾ ਲਈ ਚੰਗਾ ਵਿਹਾਰ ਪ੍ਰਾਪਤ ਕਰ ਸਕਦੇ ਸਨ। ਆਪਣੇ 'ਫ਼ੌਲਾਦੀ ਹੜ੍ਹ' ਲਈ ਮੈਨੂੰ ਅਜਿਹੀ ਸਮੱਗਰੀ ਦੀ ਤਲਾਸ਼ ਸੀ, ਜਿਸ ਰਾਹੀਂ ਮੈਂ ਕਿਰਸਾਨ ਨੂੰ ਉਸ ਦੇ ਸਮੁੱਚੇ ਰੂਪਾਂ ਵਿੱਚ ਪੇਸ਼ ਕਰ ਸਕਦਾ।
ਜਦ ਤਮਾਨ ਦੇ ਸਿਪਾਹੀਆਂ ਨੇ ਆਪਣੀ ਚੜ੍ਹਾਈ ਦੀ ਕਹਾਣੀ ਮੈਨੂੰ ਸੁਣਾਈ, ਮੈਂ ਮਹਿਸੂਸ ਕੀਤਾ ਕਿ ਅਖੀਰ ਉਹ ਮਸਾਲਾ ਮੇਰੇ ਹੱਥ ਆ ਹੀ ਗਿਆ। ਜਿਸ ਦੀ ਮੈਨੂੰ ਚਰੋਕਣੀ ਤਲਾਸ਼ ਸੀ। ਬਿਨਾਂ ਕਿਸੇ ਹੀਲ ਹੁੱਜਤ ਮੈਂ ਇਸ ਵਿਸ਼ੇ ਨੂੰ ਗਲ ਲਾ ਲਿਆ। ਜਿਸ ਵਿੱਚ ਕੀਊਬਨ ਖੇਤਰ ਵਿੱਚੋਂ ਗਰੀਬ ਕਿਰਸਾਨਾਂ ਦੇ ਹਜੂਮ, ਮੈਨੂੰ, ਉੱਥੇ ਅਮੀਰ ਕੁਲਕਾਂ ਦੇ ਅਕਤੂਬਰ ਇਨਕਲਾਬ ਦੇ ਵਿਰੋਧ ਵਿੱਚ ਉੱਠ ਖਲ੍ਹਣ ਨਾਲ ਨੱਸਦੇ ਦਿੱਸੇ। ਗਰੀਬ ਕਿਰਸਾਨ ਤੇ ਕਸਾਕ ਲਾਲ ਫੌਜ ਦੀਆਂ ਹਾਰੀਆਂ ਹੋਈਆਂ ਯੂਨਿਟਾਂ ਵਿੱਚ ਜਾ ਰਲੇ ਤੇ ਉੱਥੋਂ ਦੱਖਣ ਵੱਲ, ਸੋਵੀਅਤ ਦਸਤਿਆਂ ਨਾਲ ਉੱਤਰੀ ਕਾਕੇਸ਼ਸ਼ ਵਿੱਚ ਰਲਣ ਲਈ ਟੁਰ ਪਏ। ਗਰੀਬ ਕਿਰਸਾਨਾਂ ਕੋਲ ਭੱਜ ਜਾਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ, ਕਿਉਂ ਜੋ ਅਮੀਰ ਕਸਾਕਾਂ ਨੇ ਉਹਨਾਂ ਗਰੀਬ ਕਿਰਸਾਨਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਦੀ ਹਮਦਰਦੀ ਸੋਵੀਅਤਾਂ ਨਾਲ ਸੀ। ਪਰ ਉਹਨਾਂ ਦੀ ਇਹ ਨੱਠ-ਭੱਜ ਬੜੀ ਬੇਮੁਹਾਰੀ ਤੇ ਭਗਦੜ ਭਰੀ ਸੀ। ਕਿਰਸਾਨਾਂ ਦਾ ਇੱਕ