

"ਔਹ ਲੈ, ਤੂੰ ਮੇਰੀ ਵੰਗ ਭੰਨ ਛੱਡੀ ਏ... ਮੇਰੀ ਵੰਗ।"
ਕੁੜੀ ਦੀ ਆਵਾਜ਼ ਚੁੱਪ ਕਰਾ ਦਿੱਤੀ ਗਈ।
ਫਿਰ ਅਚਾਨਕ ਕੋਈ ਕਹਿ ਉੱਠਿਆ: “ਸਾਥੀਓ, ਕਿਹੜੀ ਗੱਲ ਅਸੀਂ ਉਸ ਦਾ ਹੁਕਮ ਮੰਨੀਏ ? ਕੀ ਫਿਰ ਅਫ਼ਸਰਾਂ ਦਾ ਰਾਜ ਹੋ ਗਿਆ ਏ ? ਕੋਜੂਖ ਕੌਣ ਹੁੰਦਾ ਏ ਸਾਡੇ ਉੱਤੇ ਹੁਕਮ ਚਾੜ੍ਹਨ ਵਾਲਾ ? ਉਸ ਨੂੰ ਕਿਸ ਸਾਡਾ ਜਰਨੈਲ ਲਾਇਆ ਏ? ਸਾਥੀਓ, ਇਹ ਮਿਹਨਤਕਸ਼ਾਂ ਦੀ ਮਿਹਨਤ ਦਾ ਨਾਜਾਇਜ਼ ਫ਼ਾਇਦਾ ਉਠਾਉਣਾ ਹੈ। ਉਹ ਸਾਡੇ ਦੁਸ਼ਮਣ ਤੇ ਸ਼ੋਸ਼ਣ ਕਰਤਾ ਨੇ...!"
"ਆਓ ਫਿਰ ਉਹਨਾਂ ਨਾਲ ਨਿਬੜ ਹੀ ਲਈਏ।"
ਤੇ ਬੜੀ ਸੁਰੀਲੀ ਲੈਅ ਵਿੱਚ ਉਹ ਗਾਉਣ ਲੱਗ ਪਏ।
"ਅੱਗੇ ਵਧੇ ਪੈਰ ਨਾਲ ਪੈਰ ਮੇਲ ਕੇ
ਲੋਹੇ ਦੇ ਪੁਤਲਿਉ... ।"
13
ਇੱਕ ਆਦਮੀ ਗੋਡਿਆਂ ਨੂੰ ਕੰਘੀ ਪਾ ਕੇ, ਅਹਿਲ ਅੱਗ ਦੇ ਸਾਹਮਣੇ ਬੈਠਾ ਹੋਇਆ ਸੀ। ਉਸ ਦੇ ਪਿੱਛੋਂ ਇੱਕ ਘੜੇ ਦੀ ਧੌਣ ਅੱਗ ਦੇ ਚਾਨਣ ਵਿੱਚੋਂ, ਬਾਹਰ ਨਿਕਲੀ ਹੋਈ ਸੀ । ਘੋੜਾ ਕੋਲ ਹੀ ਪਏ ਘਾਹ ਦੇ ਢੇਰ ਵਿੱਚ ਮੂੰਹ ਮਾਰੀ ਜਾ ਰਿਹਾ ਸੀ, ਉਸ ਦੀਆਂ ਵੱਡੀਆਂ ਵੱਡੀਆਂ ਕਾਲੀਆਂ ਅੱਖਾਂ ਵਿੱਚ ਵੈਂਗਣੀ ਡੋਰੇ ਲਿਸ਼ਕ ਰਹੇ ਸਨ । ਬੜਾ ਸਿਆਣਾ ਤੇ ਹਮਦਰਦ ਘੋੜਾ ਜਾਪਦਾ ਸੀ।
"ਹੋਇਆ ਇਉਂ ਹੈ ਕਿ... ।" ਮਚਲਦੀਆਂ ਲਾਟਾਂ ਵੱਲ ਟਿਕ ਟਿਕੀ ਬੰਨ੍ਹ ਕੇ ਵੇਖਦਾ ਤੇ ਸੋਚਾਂ ਵਿੱਚ ਡੁੱਬਾ, ਆਪਣੇ ਗੋਡੇ ਨੂੰ ਪਲੋਸਦਾ ਉਹ ਬੋਲਿਆ। "ਪੰਦਰਾਂ ਸੌ ਮਲਾਹਾਂ ਨੂੰ ਫੜ ਕੇ ਲੈ ਆਏ ਤੇ ਹੋਰ ਜੋ ਹੱਥ ਲੱਗਾ ਉਹ ਵੀ। ਬੁੱਧੂ ਮਲਾਹ। ਅਸੀਂ ਜਹਾਜ਼ੀ ਉਹਨਾਂ ਸੋਚਿਆ। 'ਸਮੁੰਦਰ - ਤਾਂ ਸਾਡੀ ਖੇਡ ਹੈ, ਸਾਨੂੰ ਕੋਈ ਨਹੀਂ ਹੱਥ ਲਾਉਂਦਾ। ਖੈਰ, ਸਭ ਨੂੰ ਹਿੱਕ ਕੇ ਉੱਥੇ ਲੈ ਆਂਦਾ ਗਿਆ ਤੇ ਖਾਈਆਂ ਪੁੱਟਣ ਉੱਤੇ ਲਾ ਦਿੱਤਾ ਗਿਆ ਤੇ ਆਲੇ ਦੁਆਲੇ ਮਸ਼ੀਨਗੰਨਾਂ ਤੇ ਦੋ ਤੋਪਾਂ 'ਤੇ ਹੱਥ ਵਿੱਚ ਰਫ਼ਲਾਂ ਚੁੱਕੀ ਕਸਾਕ ਖਲ੍ਹੇ ਗਏ। ਫਿਰ ਉਹ ਲੱਗ ਪਏ ਖਾਈਆਂ ਪੁੱਟਣ ਬਦਕਿਸਮਤ ਬੰਦੇ, ਸਭ ਜਵਾਨ ਤੇ ਤਗੜੇ। ਅੱਧੀ ਪਹਾੜੀ ਬੰਦਿਆਂ ਨਾਲ ਢੱਕੀ ਹੋਈ ਸੀ। ਤੀਵੀਆਂ ਰੋਣ ਲੱਗ ਪਈਆਂ। ਅਫ਼ਸਰ ਹੱਥ ਵਿੱਚ ਰਿਵਾਲਵਰ ਚੁੱਕੀ ਜਿਸ ਨੂੰ ਵੀ ਵੇਖਦੇ ਕਿ ਪੁੱਟਣ ਵਿੱਚ ਫੁਰਤੀ ਨਹੀਂ ਵਿਖਾ ਰਿਹਾ, ਗੋਲੀ ਮਾਰ ਦੇਂਦੇ ਤੇ ਮਾਰਦੇ ਵੀ ਪੇਟ ਵਿੱਚ ਤਾਂ ਜੋ ਸਿਸਕ ਸਿਸਕ ਕੇ ਮਰੇ । ਵਿਚਾਰੇ ਖਾਈ ਪੁੱਟਣ ਵਿੱਚ ਜੁਟੇ ਰਹੇ, ਜੁਟੇ ਰਹੇ ਤੇ ਜਿਨ੍ਹਾਂ ਦੇ ਪੇਟ ਵਿੱਚ ਗੋਲੀ ਮਾਰੀ ਗਈ ਉਹ ਢਿੱਡ ਭਾਰ ਕਰਾਹਣ ਲੱਗ ਪਏ - ਲਹੂ ਵਗੀ ਜਾਵੇ। ਲੋਕ ਚੀਖਣ ਤੇ ਅਫ਼ਸਰ ਕੁੱਦ ਕੇ ਪੈ ਜਾਣ, 'ਖ਼ਬਰਦਾਰ, ਜੇ ਆਵਾਜ਼ ਆਈ, ਕੁੱਤੀ ਦੇ ਪੁੱਤਰ'।"