

ਲਹੂ ਦੇ ਦਰਿਆ ਵਗ ਪਏ।"
ਤਾਰਿਆਂ ਭਰੀਆਂ ਰਾਤਾਂ ਤੇ ਕਾਲੇ ਪਹਾੜ ਭੁੱਲ ਗਏ ਤੇ ਇੱਕ ਦਰਦੀਲੀ ਆਵਾਜ਼ ਗੂੰਜੀ: "ਸਾਥੀਓ, ਸਾਥੀਓ। ਮੈਨੂੰ ਤਾਪ ਨਹੀਂ ਚੜ੍ਹਿਆ ਹੋਇਆ, ਮੈਂ ਫੱਟੜ ਹੋਇਆ ਹਾਂ।" ਉਹ ਕਿਸਮਤ ਦੇ ਮਾਰੇ, ਲੱਗਦਾ ਸੀ, ਹੁਣ ਧੂਣੀ ਲਾਗੇ ਆ ਖਲ੍ਹਤੇ ਸਨ।
ਫਿਰ ਅੰਨ੍ਹੇਰਾ ਪਰਤ ਆਇਆ ਤੇ ਸਿਰ ਉੱਤੇ ਤਾਰੇ ਚਮਕਣ ਲੱਗ ਪਏ ਤੇ ਬੰਦਾ ਬੜੇ ਠਰੰਮੇ ਨਾਲ ਆਪਣੀ ਵਾਰਤਾ ਸੁਣਾਨ ਲੱਗ ਪਿਆ ਤੇ ਫਿਰ, ਲੋਕ ਉਹ ਗੱਲ, ਜਿਹੜੀ ਉਸ ਅਣਆਖੀ ਛੱਡ ਦਿੱਤੀ ਸੀ, ਸਮਝ ਗਏ ਉਸ ਦੇ ਬਾਰਾਂ ਸਾਲਾਂ ਦੇ ਮੁੰਡੇ ਦਾ ਸਿਰ, ਉਹਨਾਂ ਬੰਦੂਕ ਦੀ ਹੱਥੀ ਨਾਲ ਫੇਹ ਸੁੱਟਿਆ ਸੀ, ਉਸ ਦੀ ਬੁੱਢੀ ਮਾਂ ਨੂੰ ਉਹਨਾਂ ਮਾਰ ਮਾਰ ਕੇ ਮੁੱਕਾ ਕੱਢਿਆ ਸੀ, ਉਸ ਦੀ ਵਹੁਟੀ ਨਾਲ ਘੜੀ ਮੁੜੀ ਖੁਰਾਫਾਤ ਕਰਕੇ ਅਖੀਰ ਉਸ ਦੇ ਗਲੇ ਵਿੱਚ ਰੱਸੇ ਦਾ ਫੰਦਾ ਪਾ ਦਿੱਤਾ ਗਿਆ ਸੀ । ਉਸ ਦੇ ਦੋ ਬੱਚਿਆਂ ਦਾ ਕਿਤੇ ਪਤਾ ਸੂਹ ਨਹੀਂ ਸੀ। ਉਸ ਦੇ ਮੂੰਹੋਂ ਇਹਨਾਂ ਗੱਲਾਂ ਬਾਰੇ ਇੱਕ ਸ਼ਬਦ ਵੀ ਨਾ ਨਿਕਲਿਆ, ਪਰ ਉਸ ਦੇ ਸਰੋਤਿਆਂ ਨੂੰ ਸਭ ਪਤਾ ਸੀ।
ਕਾਲੇ ਪਹਾੜਾਂ ਦੀ ਭੇਤ ਭਰੀ ਮੋਨ ਸਿਆਹੀ ਤੇ ਸਮੁੰਦਰ ਦੇ ਅਦਿਸ ਫੈਲਾਅ ਵਿੱਚ ਇੱਕ ਅਜੀਬ ਜਿਹੀ ਸਾਂਝ ਸੀ- ਦੋਵੇਂ ਕਿਸੇ ਆਵਾਜ਼, ਜਾਂ ਚਾਨਣ ਤੋਂ ਬਗੈਰ!
ਅੱਗ ਦੀ ਬਲਦੀ ਲਾਟ ਦਾ ਪਰਛਾਵਾਂ ਕੰਬਿਆਂ ਤੇ ਵੱਧਦਾ ਅੰਨ੍ਹੇਰਾ ਜਿਉਂ ਨੱਚ ਪਿਆ। ਬੰਦਾ ਆਪਣੇ ਘੁੱਟੇ ਗੋਡਿਆਂ ਨੂੰ ਕੰਘੀ ਪਾਈ ਬੈਠਾ ਰਿਹਾ। ਉਸ ਦਾ ਘੋੜਾ ਉਸੇ ਤਰ੍ਹਾਂ ਘਾਹ ਮੂੰਹ ਵਿੱਚ ਲੈ ਕੇ ਚਰਰ-ਚਰਰ ਮੂੰਹ ਮਾਰਦਾ ਰਿਹਾ।
ਤਦੇ ਅਚਾਨਕ, ਰਫ਼ਲ ਉੱਤੇ ਝੁਕਿਆ ਇੱਕ ਜਵਾਨ ਆਦਮੀ, ਖਿੜ ਖਿੜ ਕਰਦਾ ਹੱਸ ਪਿਆ ਤੇ ਅੱਗ ਦੀ ਭਾਹ ਮਾਂਦੀ ਲਾਲੀ ਵਿੱਚ ਉਸ ਦਾ ਅਲੂਆਂ ਚਿਹਰਾ ਤੇ ਚਿੱਟੇ ਦੰਦ ਲਿਸ਼ਕ ਪਏ।
"ਸਾਡੇ ਪਿੰਡ ਜਦ ਕਸਾਕ ਮੋਰਚੇ ਤੋਂ ਪਰਤ ਕੇ ਆਏ, ਸਭ ਤੋਂ ਪਹਿਲਾਂ ਜਿਹੜਾ ਕੰਮ ਉਹਨਾਂ ਕੀਤਾ, ਉਹ ਸੀ ਆਪਣੇ ਅਫ਼ਸਰਾਂ ਨੂੰ ਜਾ ਫੜ੍ਹਨਾ ਤੇ ਧੂਹ ਕੇ ਕਸਬੇ ਵਿੱਚ ਲਿਆਉਣਾ, ਉਸ ਸਮੁੰਦਰ ਕੋਲ। ਉਹਨਾਂ, ਉਹਨਾਂ ਨੂੰ ਇਕ ਫੱਟੇ ਉੱਤੇ ਖੜ੍ਹਾ ਕੀਤਾ, ਗੱਲ੍ਹਾਂ ਦੁਆਲੇ ਪੱਥਰ ਬੰਨ੍ਹੇ ਤੇ ਫੱਟੇ ਉੱਤੋਂ ਸਿੱਧਾ ਸਮੁੰਦਰ ਵਿੱਚ ਧੱਕਾ ਮਾਰ ਦਿੱਤਾ। ਕਿਵੇਂ ਪਾਣੀ ਨੇ ਉਹਨਾਂ ਨੂੰ ਉਛਾਲਿਆ ਤੇ ਫਿਰ ਹੌਲੀ ਹੌਲੀ, ਉਹ ਹੇਠਾਂ ਲੋਪ ਹੋ ਗਏ। ਸਭ ਕੁਝ ਬੰਦਾ ਸਾਫ਼ ਵੇਖ ਸਕਦਾ ਸੀ, ਕਿਉਂ ਜੋ ਪਾਣੀ ਨੀਲਾ ਤੇ ਬਲੌਰ ਵਾਂਗ ਬਿਲਕੁਲ ਸਾਫ਼ ਸੀ । ਰੱਬ ਦੀ ਸਹੁੰ, ਮੈਂ ਉਸ ਵੇਲੇ ਉੱਥੇ ਹੀ ਸਾਂ। ਜਿਸ ਤਰ੍ਹਾਂ ਮੱਛੀ ਪੂਛ ਮਾਰਦੀ ਏ, ਉਹ ਹੱਥ ਪੈਰ ਮਾਰਦੇ ਥੱਲੇ ਲੱਥ ਗਏ ।"
ਉਹ ਫਿਰ ਖਿੜ ਖਿੜ ਕਰਕੇ ਹੱਸਿਆ ਤੇ ਅੱਗ ਦੀ ਭਾਹ ਉਸ ਦੇ ਚਿੱਟੇ ਦੰਦਾਂ ਉੱਤੇ ਪਈ । ਉਹ ਆਦਮੀ ਹੁਣ ਤੱਕ ਗੋਡਿਆਂ ਨੂੰ ਕੰਘੀ ਪਾਈ ਉੱਥੇ ਹੀ ਬੈਠਾ ਹੋਇਆ ਸੀ। ਅਨ੍ਹੇਰੇ ਵਿੱਚ ਅੱਗ ਦੀ ਲਾਲੀ ਘੁੱਲੀ ਹੋਈ ਸੀ ਤੇ ਸਰੋਤਿਆਂ ਦੀ ਭੀੜ ਹੋਰ ਵੱਧ ਗਈ ਸੀ।
"ਤੇ ਥੱਲੇ ਜਾ ਕੇ, ਉਹਨਾਂ ਇੱਕ ਦੂਜੇ ਨੂੰ ਫੜ੍ਹੀ ਰੱਖਿਆ ਤੇ ਇਸੇ ਤਰ੍ਹਾਂ ਜੁੜੇ ਰਹੇ।