

ਦੁਆਲੇ ਜੀਭਾਂ ਕੱਢਦੀ ਅੱਗ ਕਿਤੇ ਧਰਤੀ ਵਿੱਚ ਲੱਥ ਗਈ ਹੋਵੇ।
"ਜਵਾਨ, ਉੱਠ ਨਬੇੜਾ ਕਰ ਆਈਏ।"
ਮਲਾਹਾਂ ਨੇ ਆਪਣੇ ਰੀਵਾਲਵਰ ਸੂਤ ਲਏ ਤੇ ਆਪਣੇ ਬੰਬ ਕੱਢਣ ਲੱਗ ਪਏ। ਇਕ ਬੁੱਢਾ ਯੂਕਰੇਨੀਅਨ, ਜੋ ਪੱਛਮੀ ਮੋਰਚੇ ਉੱਤੇ ਅਖੀਰ ਤੱਕ ਸਾਮਰਾਜੀ ਜੰਗ ਦੇ ਵਿਰੁੱਧ ਲੜਦਾ ਰਿਹਾ ਸੀ ਤੇ ਨਿਰਭੈਤਾ ਕਾਰਨ ਜਿਸ ਨੂੰ ਸਾਰਜੈਂਟ ਬਣਾ ਦਿੱਤਾ ਗਿਆ ਸੀ, ਤੇ ਜਿਸ ਵੇਲੇ ਇਨਕਲਾਬ ਸ਼ੁਰੂ ਹੋਇਆ ਤਾਂ ਆਪਣੀ ਕੰਪਨੀ ਦੇ ਕਈ ਅਫ਼ਸਰਾਂ ਨੂੰ ਮਾਰ ਦਿੱਤਾ ਸੀ, ਮੂੰਹ ਵਿੱਚ ਦਲੀਆ ਭਰ ਕੇ, ਚਮਚ ਨਾਲ ਦੇਗੀ ਵਜਾਣ ਲੱਗ ਪਿਆ ਤੇ ਆਪਣੀਆਂ ਮੁੱਛਾਂ ਪੂੰਝਣ ਲੱਗ ਪਿਆ।
"ਮੁਰਗੇ ਨਾ ਹੋਣ ਤਾਂ !" ਉਹ ਮਲਾਹਾਂ ਨਾਲ ਉਲਝਣ ਲੱਗਾ। "ਓਏ, ਕੁਕੜੂ- ਕੜ੍ਹੀ ਕਰੋ ਨਾ ?"
ਉਸ ਦੀ ਚੋਭ ਸੁਣ ਕੇ, ਸਾਰੇ ਖਿੜ ਖਿੜ ਕਰਨ ਲੱਗੇ।
"ਉਹ ਸਾਨੂੰ 'ਕੂੜੇ ਦਾ ਢੋਲ' ਕਿਉਂ ਸਮਝਦੇ ਨੇ ?" ਸਿਪਾਹੀ ਗੁੱਸੇ ਵਿੱਚ ਬੁੱਢੇ ਨੂੰ ਪੁੱਛਣ ਲੱਗੇ।
ਅੱਗ ਫਿਰ ਮੱਚ ਪਈ। ਮਲਾਹਾਂ ਨੇ ਫਿਰ ਰੀਵਾਲਵਰ ਸਾਂਭ ਲਏ ਤੇ ਬੰਬ ਰੱਖ ਦਿੱਤੇ।
"ਤੁਹਾਡੀ, ਕਮੀਨਿਉ, ਕਿਸ ਨੂੰ ਪਰਵਾਹ ਹੈ!"
ਉਹ ਸਾਰੇ ਦੇ ਸਾਰੇ, ਝਗੜਾਲੂਆਂ ਦਾ ਇੱਜੜ, ਉੱਥੋਂ ਉੱਠ ਖਲ੍ਹੋਤਾ ਤੇ ਘੁਸਮੁਸੇ ਵਿੱਚ ਅੱਖੋਂ ਓਹਲੇ ਹੋ ਗਿਆ। ਉਹਨਾਂ ਦੀਆਂ ਪਿੱਠਾਂ ਉੱਤੇ ਹਾਲਾਂ ਵੀ ਲਪਟਾਂ ਦਾ ਚਾਨਣ ਪੈ ਰਿਹਾ ਸੀ। ਉਹਨਾਂ ਦੇ ਉੱਥੋਂ ਜਾਂਦਿਆਂ ਹੀ ਉਹਨਾਂ ਦੀਆਂ ਗੱਲਾਂ ਹੋਣ ਲੱਗ ਪਈਆਂ।
"ਕੁੱਪੇ ਚਾੜ੍ਹੇ ਹੋਏ ਨੇ ਉਹਨਾਂ ।"
"ਕਸਾਕਾਂ ਨੂੰ ਲੁੱਟਿਆ ਹੋਵੇਗਾ।"
"ਸੱਚ ? ਉਹਨਾਂ ਪੈਸੇ ਦਿੱਤੇ ਹੋਣਗੇ।"
"ਉਹਨਾਂ ਨੂੰ ਪੈਸੇ ਦੀ ਕੀ ਪਰਵਾਹ।"
"ਉਹਨਾਂ ਸਾਰੇ ਜਹਾਜ਼ ਲੁੱਟੇ ਸਨ।"
"ਜਹਾਜ਼ਾਂ ਦੇ ਨਾਲ, ਪੈਸਾ ਵੀ ਕਾਹਨੂੰ ਡੁੱਬੇ ? ਇਸ ਨਾਲ, ਕਿਸੇ ਦਾ ਕੀ ਲਾਭ ਹੋਵੇਗਾ ?"
"ਜਿਸ ਵੇਲੇ ਉਹ ਪਿੰਡ ਪਹੁਂਚੇ, ਉਹਨਾਂ ਕੁਲਕਾਂ ਵਾਲੀ ਕਹਾਣੀ ਮੁਕਾ ਦਿੱਤੀ। ਲੁੱਟ ਕੇ ਸਭ ਕੁਝ ਗਰੀਬ ਕਿਰਸਾਨਾਂ ਦੇ ਹਵਾਲੇ ਕਰ ਦਿੱਤਾ ਤੇ ਬੁਰਜੂਆ ਨੂੰ ਭਜਾ ਕੱਢਿਆ, ਕਈਆਂ ਨੂੰ ਗੋਲੀ ਮਾਰ ਦਿੱਤੀ ਤੇ ਕਈਆਂ ਨੂੰ ਫਾਂਸੀ ਦੇ ਦਿੱਤੀ।"
"ਸਾਡਾ ਪਾਦਰੀ”, ਇੱਕ ਜਵਾਨ ਮੁੰਡੇ ਦੀ ਬੜੀ ਕਾਹਲੀ ਜਿਹੀ ਆਵਾਜ਼ ਆਈ, ਅਤੇ ਉਸ ਦੀ ਗੱਲ ਨੂੰ ਵਿੱਚੋਂ ਕੋਈ ਟੋਕ ਨਾ ਦੇਵੇ, "ਮਸਾਂ ਉਪਦੇਸ਼ ਦੇ ਕੇ ਮੰਚ ਤੋਂ ਹੇਠਾਂ ਢਲਿਆ ਹੀ ਸੀ ਕਿ ਉਹਨਾਂ ਉਸ ਨੂੰ ਫੜ੍ਹ ਲਿਆ ਤੇ ਚੁੱਕ ਕੇ ਵਗਾਹ ਮਾਰਿਆ। ਬਸ, ਉਸ