

ਫਿਰ ਝੱਟ ਮਗਰੋਂ, ਘੋੜਿਆਂ ਦੇ ਘਾਹ ਖਾਣ ਦੀ ਚਰਰ ਚਰਰ ਵਿੱਚ ਇੱਕ ਸੁੱਤੇ ਆਦਮੀ ਦੇ ਸਾਹ ਰਲਣ ਲੱਗ ਪਏ।
16
ਦੁਹਾਂ ਦੌੜਦੇ ਬੰਦਿਆਂ ਵਿੱਚੋਂ ਅਗਲੇ ਨੇ ਲੰਮਾ ਸਾਹ ਲਿਆ 'ਤੇ ਕਹਿਣ ਲੱਗਾ:-
"ਪਰ ਉਹ ਗਏ ਕਿੱਧਰ ?"
ਉਸ ਦੇ ਸਾਥੀ ਨੇ ਦੋੜਦੇ ਦੌੜਦੇ ਹੀ ਕਿਹਾ:
"ਬਹੁਤੇ ਦੂਰ ਨਹੀਂ। ਉਸ ਰੁੱਖ ਹੇਠਾਂ, ਸੜਕ ਉੱਤੇ।"
ਉਹ ਚੀਖ਼ਿਆ:
"ਬੇਬੇ ਗੋਰਪੀਨਾ।"
ਅਨ੍ਹੇਰੇ ਵਿੱਚੋਂ ਕਿਸੇ ਪੁੱਛ ਕੀਤੀ
"ਕੀ ਗੱਲ ਏ?"
"ਤੂੰ ਉੱਥੇ ਏਂ ?"
"ਅਸੀਂ ਇੱਥੇ ਸਹੀ ਸਲਾਮਤ ਹਾਂ।"
"ਛੱਕੜਾ ਕਿੱਥੇ ਏ ?"
"ਅਹੁ ਵੇਖਾਂ, ਜਿੱਥੇ ਤੂੰ ਖਲ੍ਹਤਾ ਹੋਇਆ ਏਂ। ਖੱਡ ਦੇ ਸੱਜੇ ਹੱਥ।"
ਫਿਰ ਅੰਨ੍ਹੇਰੇ ਵਿੱਚੋਂ ਰੁੰਨੀ ਹੋਈ, ਇਕ ਮਾਸੂਮ ਜਿਹੀ ਆਵਾਜ਼ ਆਈ।
"ਆਹ, ਸਟੈਪਨ, ਸਟੈਪਨ! ਬੱਚੇ ਦੀ ਮੌਤ ਹੋ ਗਈ!"
ਮੁਟਿਆਰ ਮਾਂ ਨੇ ਆਪਣੀਆਂ ਬਾਹਾਂ ਅਗੇਰੇ ਵਧਾਈਆਂ ਤੇ ਬੱਚਾ ਉਸਦੇ ਹਵਾਲੇ ਕਰ ਦਿੱਤਾ। ਸਟੈਪਨ ਨੇ ਠੰਡੀ ਠਾਰ ਪੋਟਲੀ ਜਿਹੀ ਹੱਥ ਵਿੱਚ ਫੜ੍ਹ ਲਈ, ਜਿਸ ਵਿੱਚੋਂ ਸਖਤ ਬਦਬੂ ਆ ਰਹੀ ਸੀ। ਉਸ ਆਪਣਾ ਸਿਰ ਸਟੈਪਨ ਦੀ ਛਾਤੀ ਨਾਲ ਲਾ ਦਿੱਤਾ ਤੇ ਅੰਨ੍ਹੇਰੇ ਨੂੰ ਝੂਣਦੇ, ਉਸ ਦੇ ਡਸਕੋਰੇ ਨਿਕਲਣ ਲੱਗ ਪਏ।
"ਉਹ ਜਾਂਦਾ ਰਿਹਾ, ਸਟੈਪਨ।"
ਤੀਵੀਂਆਂ ਨੀਂਦ ਜਾਂ ਥਕੇਵੇਂ ਦੀ ਪਰਵਾਹ ਨਾ ਕਰਦੀਆਂ ਹੋਈਆਂ ਉਸ ਦੇ ਦੁਆਲੇ ਆ ਖਲ੍ਹਤੀਆਂ। ਉਹਨਾਂ ਦੇ ਪਰਛਾਵੇਂ ਛੱਕੜੇ ਉੱਤੇ ਪੈ ਰਹੇ ਸਨ । ਉਹਨਾਂ ਛਾਤੀ ਉੱਤੇ ਕ੍ਰਾਸ ਦਾ ਚਿੰਨ੍ਹ ਬਣਾ ਲਿਆ ਤੇ ਸਮਝਾਉਣ ਲੱਗ ਪਈਆਂ।
"ਪਹਿਲੀ ਵੇਰਾਂ ਰੋਈ ਏ ਨਾ।"
"ਹੌਲੀ ਹੌਲੀ ਸੰਭਲ ਜਾਵੇਗੀ।"
"ਉਸ ਦੇ ਦੁੱਧ ਦਾ ਕੁਝ ਕਰਨਾ ਚਾਹੀਦਾ ਹੈ, ਨਹੀਂ ਤਾਂ ਬਾਉਰੀ ਹੋ ਜਾਵੇਗੀ।"
ਇੱਕ ਮਗਰੋਂ ਇੱਕ ਤੀਵੀਆਂ ਉਸ ਦੀਆਂ ਆਕੜੀਆਂ ਹੋਈਆਂ ਛਾਤੀਆਂ ਟੋਹ ਕੇ ਵੇਖਣ ਲੱਗ ਪਈਆਂ।