

ਲੋਅ ਵਿੱਚ ਫਰਸ਼, ਕੰਧਾਂ ਤੇ ਚਿਹਰਿਆਂ ਉੱਤੇ ਕਈ ਤਰ੍ਹਾਂ ਦੇ ਪਰਛਾਵੇਂ ਹਿੱਲ ਰਹੇ ਸਨ।
ਉਸ ਦਾ ਐਡਜੂਟੈਂਟ ਵੀ ਨਕਸ਼ੇ ਉੱਤੇ ਵਾਹੇ ਸਮੁੰਦਰ ਤੇ ਪਹਾੜਾਂ ਦੇ ਸਿਲਸਲਿਆਂ ਉੱਤੇ ਝੁੱਕਿਆ ਹੋਇਆ ਸੀ।
ਇਕ ਅਰਦਲੀ ਚਮੜੇ ਦਾ ਥੈਲਾ, ਪਿੱਠ ਪਿੱਛੇ ਰਫ਼ਲ ਤੇ ਲੱਕ ਨਾਲ ਤਲਵਾਰ ਲਟਕਾਈ, ਤਿਆਰ-ਬਰ-ਤਿਆਰ ਖੜ੍ਹਤਾ ਹੋਇਆ ਸੀ। ਉਸ ਉਤੇ ਵੀ ਮੋਮਬੱਤੀ ਦਾ ਪਰਛਾਵਾ ਪੈ ਰਿਹਾ ਸੀ।
ਝੱਟ ਕੁ ਲਈ ਲਾਟ ਸਿੱਧੀ ਹੋਈ ਤੇ ਸਾਰੇ ਪਰਛਾਵੇਂ ਜਿਉਂ ਖਲ੍ਹੇ ਗਏ।
"ਇਸ ਖੰਡ ਕੋਲ ਦੀ," ਸਹਾਇਕ ਨੇ ਉਂਗਲ ਨਕਸ਼ੇ ਉੱਤੇ ਧਰਦਿਆਂ ਆਖਿਆ, "ਉਹ ਸਾਡੇ ਉੱਤੇ ਹਾਲਾਂ ਵੀ ਹਮਲਾ ਕਰ ਸਕਦੇ ਨੇ ।"
“ਇੱਥੋਂ ਨਹੀਂ ਲੰਘ ਸਕਦੇ। ਏਡੇ ਉੱਚੇ ਅਲੰਘ ਪਹਾੜ ਨੇ, ਇੱਥੋਂ ਕਿਵੇਂ ਲੰਘ ਕੇ, ਸਾਨੂੰ ਹੱਥ ਪਾ ਸਕਦੇ ਨੇ ।"
ਸਹਾਇਕ ਦੇ ਹੱਥ ਉੱਤੇ ਥੋੜੀ ਜਿਹੀ ਪੰਘਰੀ ਹੋਈ ਮੋਮ ਡਿੱਗ ਪਈ।
"ਸਾਨੂੰ ਇਸ ਮੋੜ ਉੱਤੇ ਪਹੁੰਚ ਜਾਣਾ ਚਾਹੀਦਾ ਹੈ; ਫਿਰ ਅਸੀਂ ਉਹਨਾਂ ਦੇ ਹੱਥ ਨਹੀਂ ਆਉਂਦੇ। ਇੰਝ ਕਰਨ ਲਈ, ਸਾਨੂੰ ਝੱਟ ਟੁਰਨ ਦੀ ਕਰਨੀ ਚਾਹੀਦੀ ਹੈ।"
"ਕੋਈ ਖੁਰਾਕ ਨਹੀਂ ਕੋਲ।"
"ਕੀ ਕਰਨਾ ਏ। ਇੱਥੇ ਰੁਕਣ ਨਾਲ ਕਿਹੜਾ ਕਿਤੇ ਮਿਲ ਜਾਣੀ ਏ। ਆਪਣੇ ਆਪ ਨੂੰ ਬਚਾਣ ਦਾ ਇੱਕੋ ਤਰੀਕਾ ਹੈ, ਕਿ ਇੱਥੋਂ ਟੁਰ ਪਿਆ ਜਾਵੇ । ਕਮਾਂਡਰ ਸੱਦੇ ਗਏ ਹਨ ਜਾਂ ਨਹੀਂ ?"
"ਉਹ ਆ ਰਹੇ ਨੇ," ਅਰਦਲੀ ਨੇ ਆਖਿਆ ਤੇ ਕਈ ਪਰਛਾਵੇਂ ਉਸ ਦੇ ਮੂੰਹ ਤੇ ਧੌਣ ਉੱਤੇ ਨੱਚ ਉੱਠੇ।
ਬਸ ਉੱਚੀਆਂ ਉੱਚੀਆਂ ਬਾਰੀਆਂ ਵਿੱਚ ਵੀ ਘੁੱਪ ਅੰਨ੍ਹੇਰਾ ਪਸਰਿਆ ਰਿਹਾ।
ਰਟ-ਟਟ-ਟਟ-ਟਟ-ਟਾ-ਟਾ-
ਦੂਰੋਂ ਪੱਬੀਆਂ ਵਿੱਚ, ਫਿਰ ਤੜ ਤੜ ਦੀ ਆਵਾਜ਼ ਅੰਨ੍ਹੇਰੇ ਨੂੰ ਚੀਰਦੀ ਲੰਘ ਗਈ ਤੇ ਇੱਕ ਭੈ ਸਹਿਮ ਦੀ ਹਵਾ ਚਾਰੇ ਪਾਸੇ ਖਿਲਰ ਗਈ।
ਪੌੜੀਆਂ ਵਰਾਂਡਾ ਤੇ ਫਿਰ ਖਾਣ-ਵਾਲੇ ਕਮਰੇ ਵਿੱਚ, ਭਾਰੇ ਭਾਰੇ ਪੈਰਾਂ ਦੀ ਆਵਾਜ਼ ਉਸ ਭੈ ਨੂੰ ਜਾਂ ਭੈ ਦੀ ਸੂਚਨਾ ਨੂੰ, ਹੋਰ ਨੇੜੇ ਲੈ ਆਈ। ਉਸ ਪਤਲੀ ਜਿਹੀ ਮੋਮਬੱਤੀ ਦੀ ਲੋਅ ਵਿੱਚ ਵੀ ਕਮਾਂਡਰਾਂ ਦੇ ਚਿਹਰਿਆਂ ਉੱਤੇ ਪਈ ਧੂੜ ਸਾਫ਼ ਦਿਖਾਈ ਦੇਂਦੀ ਸੀ। ਲਗਾਤਾਰ ਧੁੱਪ ਵਿੱਚ ਟੁਰਨ ਨਾਲ ਤੇ ਥਕੇਵੇਂ ਦੇ ਮਾਰੇ ਹੋਏ ਹੋਣ ਕਰਕੇ, ਉਹਨਾਂ ਦੇ ਚਿਹਰੇ ਨਿਕਲੇ ਹੋਏ ਤੇ ਤਣੇ ਹੋਏ ਸਨ।
"ਕਿਵੇਂ ਰਹੀ?" ਕੋਜੂਖ ਨੇ ਪੁੱਛਿਆ।
"ਅਸਾਂ ਉਹਨਾਂ ਨੂੰ ਪਿੱਛੇ ਧੱਕ ਦਿੱਤਾ।"
ਖਾਣ ਵਾਲੇ ਕਮਰੇ ਵਿੱਚ ਜਿਉਂ ਅਫੜਾ-ਤਫੜੀ ਮਚੀ ਹੋਈ ਹੋਵੇ।