

“ਉਹ ਕੁਝ ਵੀ ਨਹੀਂ ਕਰ ਸਕਦੇ।" ਇਕ ਹੋਰ ਆਦਮੀ ਨੇ ਭਾਰੀ ਜਿਹੀ ਆਵਾਜ਼ ਵਿੱਚ ਆਖਿਆ। "ਜੇ ਉਹਨਾਂ ਕੋਲ ਤੋਪਖਾਨਾ ਹੁੰਦਾ, ਤਾਂ ਇਕ ਵੱਖਰੀ ਗੱਲ ਹੀ ਹੋਣੀ ਸੀ। ਉਹਨਾਂ ਕੋਲ ਘੋੜੇ ਉੱਤੇ ਲੱਦੀ ਇੱਕੋ ਮਸ਼ੀਨਗੰਨ ਹੈ।"
ਇੰਝ ਲੱਗਦਾ ਸੀ, ਜਿਉਂ ਕੋਜੂਖ ਦਾ ਚਿਹਰਾ ਪੱਥਰ ਵਿੱਚੋਂ ਘੜ੍ਹਿਆ ਹੋਇਆ ਹੋਵੇ। ਉਸ ਨੱਕ-ਮੂੰਹ ਵਟਿਆ ਤੇ ਉਸ ਦੇ ਭਾਰੇ ਭਰਵੱਟਿਆਂ ਨੇ ਜਿਉਂ ਉਸ ਦੀਆਂ ਅੱਖਾਂ ਕੱਜ ਲਈਆਂ। ਸਭ ਜਾਣਦੇ ਸਨ ਕਿ ਉਹ ਕਸਾਕਾਂ ਦੇ ਹਮਲੇ ਕਰਕੇ ਪ੍ਰੇਸ਼ਾਨ ਨਹੀਂ ਸੀ।
ਸਭ ਮੇਜ਼ ਦੇ ਆਲੇ ਦੁਆਲੇ ਖਲ੍ਹਤੇ ਹੋਏ ਸਨ। ਕੋਈ ਸਿਗਰਟ ਪੀ ਰਿਹਾ ਸੀ, ਕੋਈ ਇੱਕ ਸੁੱਕੀ ਰੋਟੀ ਹੱਥ ਵਿੱਚ ਫੜੀ ਮੂੰਹ ਮਾਰ ਰਿਹਾ ਸੀ ਤੇ ਕਈ ਥਕੇ ਟੁੱਟੇ ਮੇਜ਼ ਉੱਤੇ ਪਏ ਨਕਸ਼ੇ ਦੇ ਰੰਗਾਂ ਵਿੱਚ ਗੁਆਚੇ ਹੋਏ ਸਨ।
ਕੋਜੂਖ ਮੂੰਹ ਘੁੱਟਦਾ ਬੋਲੀ ਗਿਆ:
"ਤੁਸੀਂ ਹੁਕਮ ਨਹੀਂ ਮੰਨਦੇ।"
ਥੱਕੇ ਹੋਏ ਚਿਹਰਿਆਂ ਤੇ ਸੁੱਕੀਆਂ ਧੌਣਾਂ ਉੱਤੇ ਪਰਛਾਵੇਂ ਪੈਣ ਲੱਗ ਪਏ; ਸਾਰੇ ਕਮਰੇ ਵਿੱਚ ਉੱਚੀਆਂ ਉੱਚੀਆਂ ਆਵਾਜ਼ਾਂ ਉੱਠਣ ਲੱਗ ਪਈਆਂ, ਜਿਉਂ ਹੁਕਮ ਦੇਣ ਲੱਗਿਆਂ ਖੁੱਲ੍ਹੀਆਂ ਥਾਵਾਂ ਵਿੱਚ ਅਕਸਰ ਹੁੰਦਾ ਏ।
"ਤੁਸਾਂ ਸਿਪਾਹੀਆਂ ਨੂੰ ਮਾਰ ਕੇ ਰੱਖ ਦਿੱਤਾ ਏ..
“ਮੇਰੀ ਯੂਨਿਟ ਬਿਲਕੁਲ ਮਰੀ ਮੁੱਕੀ ਪਈ ਹੈ, ਮੈਂ ਉਹਨਾਂ ਨੂੰ ਬਿਲਕੁਲ ਨਹੀਂ ਆਖਦਾ ਕਿ ਤਿਆਰ ਹੋ ਕੇ ਟੁਰ ਪੈਣ।"
"ਜਦ ਅਸੀਂ ਥੋੜ੍ਹਾ ਰੁਕੇ, ਮੇਰੇ ਬੰਦੇ ਸਿੱਧੇ ਜ਼ਮੀਨ ਉੱਤੇ ਡਿੱਗ ਪਏ। ਉਹਨਾਂ ਕੋਲੋਂ ਉੱਠ ਕੇ ਅੱਗ ਵੀ ਨਾ ਬਾਲੀ ਗਈ। ਮੋਇਆਂ ਬਰਾਬਰ ਸਨ।"
"ਇਸ ਤਰ੍ਹਾਂ ਟੁਰ ਪੈਣਾ ਬਿਲਕੁਲ ਅਸੰਭਵ ਗੱਲ ਹੈ। ਜੇ ਇੰਝ ਹੀ ਹੁੰਦਾ ਰਿਹਾ ਤਾਂ ਸਿਪਾਹੀਆਂ ਨੂੰ ਅਸੀਂ ਮਾਰ ਛੱਡਾਂਗੇ ।"
"ਬਿਲਕੁਲ ਸੱਚੀ ਗੱਲ ਹੈ।"
ਕੋਜ਼ੂਖ ਦਾ ਚਿਹਰਾ ਪਥਰਾਇਆ ਹੋਇਆ ਸੀ। ਭਰਵੱਟਿਆਂ ਹੇਠ ਉਸ ਦੀਆਂ ਨਿੱਕੀਆਂ ਨਿੱਕੀਆਂ ਅੱਖਾਂ, ਵੇਖਣ ਨਾਲੋਂ ਦੂਰੋਂ ਆਉਂਦੀ ਆਵਾਜ਼ ਨੂੰ ਸੁਣਨ ਦਾ ਕੰਮ ਵਧੇਰੇ ਕਰ ਰਹੀਆਂ ਸਨ । ਖੁੱਲ੍ਹੀਆਂ ਖਿੜਕੀਆਂ ਵਿੱਚ ਉਸੇ ਤਰ੍ਹਾਂ ਅੰਨ੍ਹੇਰਾ ਗੋਠ ਮਾਰੀ ਬੈਠਾ ਰਿਹਾ, ਇਸ ਤੋਂ ਬਾਹਰ ਥੱਕੀ ਹਾਰੀ ਰਾਤ ਊਂਘਾਂ ਲੈ ਰਹੀ ਸੀ, ਸ਼ਾਇਦ ਕੁਝ ਤਣਾਅ ਘਟਿਆ ਹੋਇਆ ਸੀ। ਭਾਵੇਂ ਖੇਡਾਂ ਵੱਲੋਂ ਗੋਲੀਆਂ ਚੱਲਣ ਦੀ ਆਵਾਜ਼ ਨਹੀਂ ਸੀ ਆਈ, ਪਰ ਅੰਨ੍ਹੇਰਾ ਹੋਰ ਸੰਘਣਾ ਹੋ ਗਿਆ ਜਾਪਦਾ ਸੀ।
"ਜੇ ਹੋਵੇ, ਮੈਂ ਤਾਂ ਆਪਣੀ ਯੂਨਿਟ ਨੂੰ ਬਰਬਾਦ ਕਰਨ ਲਈ ਤਿਆਰ ਨਹੀਂ।" ਇਕ ਰਜਮੈਂਟ ਦਾ ਕਮਾਂਡਰ ਇਉਂ ਬੋਲਿਆ ਜਿਉਂ ਜ਼ੋਰ ਦੀ ਹੁਕਮ ਚਾੜ੍ਹ ਰਿਹਾ ਹੋਵੇ।
“ਮੈਂ ਸਦਾਚਾਰਕ ਤੌਰ 'ਤੇ ਉਹਨਾਂ ਬੰਦਿਆਂ ਦੀ ਜ਼ਿੰਦਗੀ, ਸਿਹਤ ਤੇ ਕਿਸਮਤ ਦਾ ਜ਼ਿੰਮੇਵਾਰ ਹਾਂ ਜੋ ਮੈਨੂੰ ਸੌਂਪੇ ਗਏ ਨੇ।"