Back ArrowLogo
Info
Profile

"ਸਾਥੀ ਕੋਜ਼ੂਖ," ਉਹ ਕਹਿਣ ਲੱਗਾ, "ਦੂਜੇ ਤੇ ਤੀਜੇ ਦਸਤੇ ਰਾਤ ਦੇ ਪੜਾਅ ਲਈ ਇੱਥੋਂ ਅੱਠ ਮੀਲ ਦੂਰ ਰੁੱਕ ਗਏ ਨੇ । ਕਮਾਂਡਰ ਨੇ ਤੁਹਾਨੂੰ ਸੁਨੇਹਾ ਘੱਲਿਆ ਹੈ ਕਿ ਉਦੋਂ ਤਕ ਇੱਥੇ ਉਡੀਕ ਕਰੋ, ਜਦ ਤਕ ਉਸ ਦੇ ਦਸਤੇ ਤੁਹਾਡੇ ਨਾਲ ਨਹੀਂ ਆ ਰਲਦੇ, ਤਾਂ ਜੋ ਸਾਰੇ ਇਕੱਠੇ ਕੂਚ ਕਰ ਸਕਣ।"

ਕੋਜੂਖ ਨੇ ਬੜੀ ਕਰੜੀ ਨਜ਼ਰ ਉਸ ਉੱਤੇ ਸੁੱਟੀ।

"ਹੋਰ ਅੱਗੋਂ ਦਸ।"

"ਮਲਾਹ ਟੋਲੀਆਂ ਬਣਾ ਕੇ ਸਿਪਾਹੀਆਂ ਤੇ ਸਾਮਾਨ ਵਾਲੇ ਛਕੜਿਆਂ ਵੱਲ ਰੋਲਾ ਪਾਂਦੇ ਆਉਂਦੇ ਨੇ ਤੇ ਬਗਾਵਤ ਫੈਲਾ ਰਹੇ ਨੇ ਉਹ ਆਖਦੇ ਨੇ ਕਿ ਕਮਾਂਡਰਾਂ ਦੇ ਹੁਕਮ ਮੰਨਣ ਵਿੱਚ ਕੋਈ ਤੁਕ ਨਹੀਂ ਤੇ ਸਿਪਾਹੀਆਂ ਨੂੰ ਆਪ ਕੰਟਰੋਲ ਆਪਣੇ ਹੱਥ ਵਿੱਚ ਲੈ ਲੈਣਾ ਚਾਹੀਦਾ ਹੈ ਤੇ ਨਾਲ ਇਹ ਕਿ ਕੋਜ਼ੂਖ ਨੂੰ ਵੱਢ ਦਿਓ ।"

"ਹੋਰ?"

"ਕਸਾਕਾਂ ਨੂੰ ਦੁਰਗਾਂ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਸਾਡੇ ਆਦਮੀ ਖੱਡਾਂ ਦੇ ਉੱਪਰ ਚੜ੍ਹ ਗਏ ਤੇ ਉਹਨਾਂ ਨੂੰ ਸਾਹਮਣੀ ਢਲਾਣ ਉੱਤੇ ਧੱਕ ਦਿੱਤਾ। ਸਾਡੇ ਤਿੰਨ ਬੰਦੇ ਫੱਟੜ ਤੇ ਇੱਕ ਮਾਰਿਆ ਗਿਆ।"

ਕੋਜੂਖ ਖਾਮੋਸ਼ ਸੀ।

"ਠੀਕ ਹੈ, ਤੂੰ ਜਾ।"

ਖਾਣ ਵਾਲੇ ਕਮਰੇ ਵਿੱਚ ਚਿਹਰੇ ਹੌਲੇ ਫੁੱਲ ਹੋਏ ਹੋਏ ਸਨ । ਕੰਧਾਂ ਉਤੇ ਟੰਗੇ ਫਰੇਮਾਂ ਵਿੱਚ ਸਮੁੰਦਰ ਦਾ ਰੰਗ, ਜੋ ਕਿਸੇ ਦੀ ਬੁਰਸ਼ ਦਾ ਜਾਦੂ ਸਨ, ਫਿੱਕਾ ਨੀਲਾ ਸੀ, ਪਰ ਅਸਲੀ ਸਮੁੰਦਰ ਦੂਰ ਖਿੜਕੀਆਂ ਵਿੱਚੋਂ ਕਿਸੇ ਜਾਦੂ ਵਿੱਚ ਰੰਗਿਆ ਨੀਲਾ ਨੀਲਾ ਦਿੱਸ ਰਿਹਾ ਸੀ।

“ਸਾਥੀ ਕਮਾਂਡਰੋ, ਇੱਕ ਘੰਟੇ ਦੇ ਅੰਦਰ ਅੰਦਰ ਇੱਥੋਂ ਚਾਲੇ ਪਾ ਦਿਓ ਤੇ ਰਫ਼ਤਾਰ ਤੇਜ਼ ਕਰੀ ਜਾਓ। ਰਾਹ ਵਿੱਚ ਕੇਵਲ ਆਦਮੀਆਂ ਤੇ ਘੋੜਿਆਂ ਨੂੰ, ਪਾਣੀ ਪਿਆਉਣ ਲਈ ਰੋਕੋ । ਹਰ ਇੱਕ ਖੱਡ ਵਿੱਚ, ਇੱਕ ਆਦਮੀ ਮਸ਼ੀਨਗੰਨ ਲੈ ਕੇ ਖਲ੍ਹ ਜਾਵੇ । ਯੂਨਿਟਾਂ ਇੱਕ ਦੇ ਪਿੱਛੇ ਇੱਕ ਜੁੜੀਆਂ ਟੁਰੀ ਜਾਣ। ਕਿਸੇ ਥਾਂ ਵੀ ਵਸਨੀਕਾਂ ਨੂੰ ਤੰਗ ਨਾ ਕੀਤਾ ਜਾਵੇ। ਘੋੜਿਆਂ ਉੱਤੇ ਸਵਾਰ ਹਰਕਾਰਿਆਂ ਨੂੰ ਯੂਨਿਟਾਂ ਬਾਰੇ ਪੂਰੀ ਸੂਚਨਾ ਮੈਨੂੰ ਦੇਣ ਲਈ, ਝੱਟ- ਪੱਲ ਭੇਜਦੇ ਰਹੋ।"

"ਇਸੇ ਤਰ੍ਹਾਂ ਹੋਵੇਗਾ," ਕਮਾਂਡਰਾਂ ਉੱਤਰ ਦਿੱਤਾ।

ਸਾਥੀ ਵਸਤਰੋਤਿਨ, ਆਪਣੀ ਕੰਪਨੀ ਨੂੰ ਪਿਛਾੜੀ ਵੱਲ ਲੈ ਜਾਓ, ਮਲਾਹਾਂ ਨੂੰ ਉੱਥੋਂ ਹਟਾ ਦਿਓ ਤੇ ਉਹਨਾਂ ਨੂੰ ਯੂਨਿਟਾਂ ਦੇ ਨਾਲ ਨਾ ਟੁਰਨ ਦਿਓ। ਜੇ ਚਾਹੁਣ ਤਾਂ ਪਿਛਲੇ ਦਸਤਿਆਂ ਨਾਲ ਬੇਸ਼ੱਕ ਜਾ ਰਲਣ ।"

"ਠੀਕ ਹੈ।”

"ਮਸ਼ੀਨਗੰਨ ਨਾਲ ਲੈ ਜਾਓ, ਤੇ ਜੇ ਲੋੜ ਪਵੇ ਤਾਂ ਵਰਤ ਲਿਓ।"

"ਬਹੁਤ ਅੱਛਾ।"

89 / 199
Previous
Next