

ਸਾਰੇ ਕਮਾਂਡਰ ਬੂਹੇ ਵੱਲ ਵਧੇ।
ਕੋਜ਼ੂਖ ਆਪਣੇ ਸਹਾਇਕ ਨੂੰ ਲਿਖਾਣ ਲੱਗ ਪਿਆ ਕਿ ਉਹਨਾਂ ਵਿੱਚੋਂ ਕਿਸ ਦਾ ਅਹੁੱਦਾ ਘਟਾਇਆ ਜਾਵੇ, ਕਿਸ ਦੀ ਬਦਲੀ ਜਾਂ ਉੱਚੀ ਪਦਵੀ ਉੱਤੇ ਤਰੱਕੀ ਕੀਤੀ ਜਾਵੇ।
ਫਿਰ ਸਹਾਇਕ ਨੇ ਨਕਸ਼ਾ ਸਾਂਭਿਆ ਤੇ ਕੇਖ ਦੇ ਨਾਲ ਹੀ ਟੁਰ ਗਿਆ।
ਮੋਮਬੱਤੀ ਦਾ ਪਰਛਾਵਾਂ ਵਿਸ਼ਾਲ ਖਾਲੀ ਕਮਰੇ 'ਚ ਫਰਸ਼ ਉੱਤੇ ਪਏ ਬੁੱਕਾਂ ਤੇ ਸਿਗਰਟਾਂ ਦੇ ਟੋਟਿਆਂ ਉੱਤੇ ਕੰਬਦਾ ਰਿਹਾ। ਹਵਾ ਲੋਕਾਂ ਦੀ ਹਵਾੜ ਨਾਲ ਭਾਰੀ ਤੇ ਰੁੱਕੀ ਹੋਈ ਸੀ, ਮੇਜ਼ ਉਤੇ ਜਿਸ ਥਾਂ ਮੋਮਬੱਤੀ ਬਲ ਬਲ ਕੇ ਮੋਮ ਪੰਘਰੀ ਹੋਈ ਸੀ, ਉਹ ਥਾਂ ਸੜ ਗਈ ਸੀ ਤੇ ਧੂੰਆਂ ਨਿਕਲਣ ਲੱਗ ਪਿਆ ਸੀ। ਸਾਰੀਆਂ ਰਫ਼ਲਾਂ ਤੇ ਕਾਠੀਆਂ ਗਾਇਬ ਹੋ ਚੁੱਕੀਆਂ ਸਨ।
ਖੁੱਲ੍ਹੇ ਬੂਹੇ, ਸਮੁੰਦਰ ਵਿੱਚ ਚੜ੍ਹਦੇ ਸੂਰਜ ਦੀਆਂ ਕਿਰਨਾਂ ਦੇ ਧੁੰਧਲਕੇ ਨੂੰ ਵੇਖੀ ਜਾ ਰਹੇ ਸਨ।
ਪਹਾੜੀ ਸਾਹਿਲ ਦੇ ਨਾਲ ਨਾਲ ਬੰਦਿਆਂ ਨੂੰ ਜਗਾਣ ਲਈ ਢੋਲ ਵੱਜਣ ਲੱਗ ਪਏ। ਬਿਗਲਾਂ ਦੀ ਆਵਾਜ਼ ਦੂਰ ਦੂਰ ਤੱਕ ਗੂੰਜਣ ਲੱਗ ਪਈ । ਉਸ ਖੂਬਸੂਰਤ ਸੱਖਣੇ ਮਕਾਨ ਉੱਤੇ ਧੂੰਏ ਦੀ ਇੱਕ ਸੰਘਣੀ ਥੰਮੀ ਜਿਹੀ ਉੱਸਰਦੀ ਜਾ ਰਹੀ ਸੀ - ਸੜੀ ਮੋਮਬੱਤੀ ਨੇ ਆਪਣਾ ਕੰਮ ਪੂਰਾ ਕਰ ਦਿੱਤਾ ਸੀ।
18
ਦੂਜੇ ਤੇ ਤੀਜੇ ਸੈਨਿਕ ਦਸਤੇ, ਜੋ ਕੋਜੂਖ ਦੇ ਪਿੱਛੇ ਪਿੱਛੇ ਆ ਰਹੇ ਸਨ, ਬਹੁਤ ਪਿੱਛੇ ਰਹਿ ਗਏ। ਕਿਸੇ ਕੋਲ ਹੁਣ ਭੱਜਣ ਦੀ ਸ਼ਕਤੀ ਨਹੀਂ ਸੀ ਰਹੀ ਗਰਮੀ ਤੇ ਥਕਾਵਟ ਨੇ ਕੰਮ ਕਰ ਦਿੱਤਾ ਸੀ। ਲੋਕ ਛੇਤੀ ਹੀ ਤ੍ਰਿਕਾਲਾਂ ਢਲੇ ਪੜਾਅ ਕਰ ਲੈਂਦੇ, ਤੇ ਫਿਰ ਚਿਰਾਕੇ ਜਿਹੇ ਦੂਜੀ ਸਵੇਰ, ਟੁਰ ਪੈਂਦੇ। ਵੱਡੀ ਸੜਕ ਉੱਤੇ ਮੁਹਰਲੇ ਤੇ ਪਿਛਲੇ ਦਸਤਿਆਂ ਵਿੱਚ ਖੱਪਾ ਵੱਧਦਾ ਗਿਆ।
ਰਾਤ ਫਿਰ, ਵੱਡੀ ਸੜਕ ਦੇ ਨਾਲ ਨਾਲ ਸਾਹਿਲ ਤੇ ਪਹਾੜਾਂ ਦੇ ਵਿਚਕਾਰ, ਕਈ ਮੀਲਾਂ ਵਿੱਚ ਕੈਂਪ ਲੱਗ ਗਏ।
ਥੱਕੇ ਟੁੱਟੇ ਤੇ ਗਰਮੀ ਦੇ ਸਤਾਏ ਲੋਕ ਫਿਰ ਅੱਗਾਂ ਬਾਲਣ, ਰਲ ਕੇ ਗੱਪਾਂ ਮਾਰਨ, ਹੱਸਣ, ਸਾਜ਼ ਵਜਾਣ ਤੇ ਯੂਕਰੇਨ ਦੇ ਪਿਆਰੇ ਗੀਤ ਗਾਉਣ ਲੱਗ ਪਏ। ਮਨੁੱਖ ਦੇ ਇਤਿਹਾਸ ਨਾਲ ਮੇਲ ਖਾਂਦੇ, ਖੁਸ਼ੀ ਤੇ ਗਮੀ ਦੇ ਤਰਾਨੇ ਗੂੰਜਣ ਲੱਗ ਪਏ।
ਮਲਾਹ, ਪਹਿਲੇ ਦਸਤੇ ਵਿੱਚੋਂ ਕੱਢ ਦੇਣ ਮਗਰੋਂ, ਫਿਰ ਬੰਬ ਤੇ ਰਿਵਾਲਵਰ ਘੁਮਾਂਦੇ ਇੱਕ ਚੁੱਲ੍ਹੇ ਤੋਂ ਦੂਜੇ ਚੁੱਲ੍ਹੇ ਤੱਕ, ਗਾਲ੍ਹਾਂ ਕੱਢਦੇ ਟੁਰਨ ਫਿਰਨ ਲੱਗ ਪਏ।
"ਤੁਹਾਡੀ ਹਾਲਤ ਭੇਡਾਂ ਨਾਲ ਵੀ ਗਈ ਗੁਜ਼ਰੀ ਹੈ। ਕੌਣ ਹੈ ਤੁਹਾਡਾ ਲੀਡਰ ? ਜ਼ਾਰ ਦੀ ਫੌਜ ਦਾ ਸੁਨਹਿਰੇ ਤਕਮੇ ਵਾਲਾ ਅਫ਼ਸਰ ਕੌਣ ਹੈ ਤੁਹਾਡਾ ਕੋਜੂਖ ? ਉਸ ਜ਼ਾਰ ਦੀ