

ਸੇਵਾ ਨਹੀਂ ਸੀ ਕੀਤੀ ? ਜ਼ਰੂਰ ਕੀਤੀ ਸੀ, ਤੇ ਹੁਣ ਬਾਲਸ਼ਵਿਕ ਬਣ ਬੈਠਾ ਹੈ । ਤੇ ਤੁਹਾਨੂੰ ਪਤਾ ਹੈ, ਬਾਲਸ਼ਵਿਕ ਕੌਣ ਹੁੰਦੇ ਨੇ ? ਉਹਨਾਂ ਨੂੰ ਮੁਹਰਬੰਦ ਗੱਡੀਆਂ ਵਿੱਚ, ਜਰਮਨੀ ਤੋਂ ਜਾਸੂਸੀ ਕਰਨ ਲਈ ਭੇਜਿਆ ਗਿਆ ਸੀ, ਤੇ ਰੂਸ ਵਿੱਚ ਝੱਲਿਆਂ ਦਾ ਡੇਰਾ ਉਹਨਾਂ ਦੁਆਲੇ ਇਉਂ ਭਿਣਕਣ ਲੱਗ ਪਿਆ ਏ, ਜਿਉਂ ਸ਼ਹਿਦ ਦੁਆਲੇ ਮਖਿਆਰੀਆਂ ਤੇ ਇਹਨਾਂ ਬਾਲਸ਼ਵਿਕਾਂ ਦਾ ਜਰਮਨ ਕੈਸਰ ਨਾਲ ਇੱਕ ਗੁਪਤ ਸਮਝੌਤਾ ਹੈ। ਇਹ ਗੱਲ ਹੈ, ਭੇਡ । ਤੁਸੀਂ ਰੂਸ ਨੂੰ ਤਬਾਹ ਕਰ ਰਹੇ ਹੋ, ਲੋਕਾਂ ਨੂੰ ਬਰਬਾਦ ਕਰ ਰਹੇ ਹੋ। ਅਸੀਂ ਸਮਾਜਵਾਦੀ ਇਨਕਲਾਬੀ ਕਿਸੇ ਚੀਜ਼ ਨਾਲ ਬੱਝ ਕੇ ਨਹੀਂ ਰਹਿੰਦੇ। ਬਾਲਸ਼ਵਿਕ ਸਰਕਾਰ ਨੇ ਮਾਸਕੋ ਤੋਂ ਸਾਨੂੰ ਹੁਕਮ ਦਿੱਤਾ ਕਿ ਜਾ ਕੇ ਬੇੜਾ ਜਰਮਨ ਨੂੰ ਦੇ ਦਿਓ। ਪਰ ਅਸਾਂ ਜੋ ਕਰਨਾ ਸੀ, ਸਾਨੂੰ ਪਤਾ ਸੀ, ਅਸਾਂ ਸਮੁੰਦਰ ਵਿੱਚ ਡੋਬ ਦਿੱਤਾ ਏ । ਜੇ ਉਹਨਾਂ ਨੂੰ ਅਸੀਂ ਪਸੰਦ ਨਹੀਂ ਤਾਂ ਨਾ ਸਹੀ... ਤੁਸੀਂ ਫੁੱਦੂ, ਨਿਰੀਆਂ ਭੇਡਾਂ ਹੋ, ਨਿਰੇ ਡੰਗਰ । ਜਿਹੜਾ ਮਰਜ਼ੀ ਤੁਹਾਨੂੰ ਹਿਕ ਲਵੇ, ਤੁਸੀਂ ਧੌਣਾਂ ਹੇਠਾਂ ਸੁੱਟੀ ਟੁਰੀ ਜਾਓਗੇ। ਅਸੀਂ ਤੁਹਾਨੂੰ ਠੀਕ ਆਖ ਰਹੇ ਹਾਂ, ਉਹਨਾਂ ਦਾ ਇੱਕ ਗੁਪਤ ਸਮਝੌਤਾ ਹੈ। ਬਾਲਸ਼ਵਿਕਾਂ ਨੇ ਰੂਸ ਨੂੰ ਕੈਸਰ ਅੱਗੇ ਵੇਚ ਦਿੱਤਾ ਹੈ। ਇਸ ਦੇ ਬਦਲੇ ਉਹਨਾਂ ਨੂੰ ਇੱਕ ਪੂਰੀ ਗੱਡੀ ਸੋਨੇ ਨਾਲ ਲੱਦੀ ਦਿੱਤੀ ਗਈ ! ਤੁਸੀਂ ਇੱਕ ਇੱਜੜ ਤੋਂ ਵੱਧ ਕੁਝ ਨਹੀਂ...।"
“ਮੂੰਹ ਬੰਦ ਕਰੋ, ਕੁੱਤਿਆਂ ਵਾਂਗ ਸਾਨੂੰ ਨਾ ਭੌਂਕੋ। ਦਫਾ ਹੋ ਜਾਓ ਇੱਥੋਂ... ਤੁਹਾੜੀ...!"
ਸਿਪਾਹੀ ਤਾਅ ਖਾ ਗਏ ਤੇ ਚੰਗਾ ਮੰਦਾ ਆਖ ਗਏ, ਪਰ ਜਦ ਮਲਾਹ ਉੱਥੋਂ ਟੁਰ ਗਏ, ਉਹਨਾਂ ਦੀਆਂ ਆਖੀਆਂ ਗੱਲਾਂ ਹੀ ਆਪ ਦੁਹਰਾਣ ਲੱਗ ਪਏ।
"ਇਹ ਠੀਕ ਹੈ ਕਿ ਮਲਾਹ ਗਲਾਧੜ ਹੁੰਦੇ ਨੇ, ਪਰ ਜੋ ਉਹ ਆਖਦੇ ਨੇ ਉਹ ਵੀ ਨਿਰੀ ਸੁੱਟ ਪਾਣ ਵਾਲੀ ਗੱਲ ਨਹੀਂ। ਬਾਲਸ਼ਵਿਕ ਸਾਡੀ ਮਦਦ ਕਿਉਂ ਨਹੀਂ ਕਰਦੇ ? ਉਹਨਾਂ ਕਸਾਕਾਂ ਨੂੰ ਸਾਡੇ ਉਤੇ ਹਮਲਾ ਕਰਨ ਦਿੱਤਾ ਤੇ ਮਾਸਕੋ ਤੋਂ ਸਾਨੂੰ ਕੋਈ ਮਦਦ ਨਾ ਘੱਲੀ - ਉਹ ਆਪ ਮੌਜ ਕਰਦੇ ਨੇ ਤੇ ਸਾਡੀ ਉਹਨਾਂ ਨੂੰ ਰਤਾ ਜਿੰਨੀ ਵੀ ਪਰਵਾਹ ਨਹੀਂ।"
ਜਿਸ ਤਰ੍ਹਾਂ ਪਿਛਲੀ ਰਾਤੇ ਹੋਇਆ ਸੀ, ਅੱਜ ਵੀ ਘੁੱਪ ਅੰਨ੍ਹੇਰ ਵਿੱਚ, ਖੱਡਾਂ ਵਿੱਚੋਂ ਠਾਹ... ਠੂਹ ਹੋਣ ਲੱਗ ਪਈ... ਚੰਗਿਆੜੀਆਂ ਉੱਡਦੀਆਂ ਦਿੱਸਣ ਲੱਗ ਪਈਆਂ, ਮਸ਼ੀਨਗੰਨਾਂ ਤੜ ਤੜ ਕਰਦੀਆਂ ਰਹੀਆਂ ਫਿਰ ਹੌਲੀ ਹੌਲੀ, ਸਾਰਾ ਡੇਰਾ ਖਾਮੋਸ਼ੀ ਤੇ ਨੀਂਦ ਵਿੱਚ ਸ਼ਾਂਤ ਹੋ ਗਿਆ।
ਪਿਛਲੀ ਰਾਤ ਵਾਂਗ, ਅੱਜ ਵੀ, ਉਸ ਸੱਖਣੇ ਬੰਗਲੇ ਵਿੱਚ, ਜਿਸ ਦੇ ਵਰਾਂਡੇ ਦਾ ਮੂੰਹ ਸਮੁੰਦਰ ਵੱਲ ਸੀ; ਫਿਰ ਇੱਕ ਕਾਨਫਰੰਸ ਹੋਈ। ਪਿਛਲੇ ਦੋ ਦਲਾਂ ਦੇ ਕਮਾਂਡਰ ਇਕੱਤਰ ਹੋਏ ਹੋਏ ਸਨ। ਕਾਨਫਰੰਸ ਉਦੋਂ ਤੱਕ ਰੁੱਕੀ ਰਹੀ, ਜਦ ਤੀਕ ਸਰਪਟ ਘੋੜਾ ਦੁੜਾਂਦਾ ਇੱਕ ਸਵਾਰ ਪਿੰਡ ਮੋਮਬੱਤੀਆਂ ਲੈ ਕੇ ਨਾ ਆ ਪਹੁੰਚਿਆ। ਪਹਿਲਾਂ ਵਾਂਗ ਹੀ ਫਿਰ ਇੱਕ ਨਕਸ਼ਾ ਮੇਜ਼ ਉੱਤੇ ਖਲਾਰ ਦਿੱਤਾ ਗਿਆ। ਪਹਿਲਾਂ ਵਾਂਗ ਹੀ ਸਿਗਰਟਾਂ ਦੇ ਟੋਟੇ, ਥੁੱਕ ਫਰਸ਼ ਉੱਤੇ ਖਿਲਰ ਗਏ ਤੇ ਪਾੜੇ ਵਿਗਾੜੇ ਚਿੱਤਰ ਕੰਧਾਂ ਉੱਤੇ ਲਟਕੇ ਰਹੇ।
ਕਾਲੀ ਦਾਹੜੀ ਦੇ ਭਾਰੀ ਦੇਹ ਵਾਲਾ ਖੁਸ਼ ਰਹਿਣਾ ਸਮੋਲੋਦੂਰੋਵ, ਮਲਾਹਾਂ ਵਾਲੀ