

ਹਾਂ...।"
"ਸਮੋਲੋਦੂਰੋਵ। ਸਮੋਲੋਦੂਰੋਵ!"
"ਖੈਰ, ਜੇ ਤੁਹਾਡੀ ਇਹੀ ਮਰਜ਼ੀ ਹੈ, ਤਾਂ ਮੈਂ ਕੰਮ ਸਾਂਭ ਲਵਾਂਗਾ। ਪਰ ਤੁਹਾਨੂੰ ਮੇਰੀ ਮਦਦ ਕਰਨੀ ਪਵੇਗੀ, ਸਾਰਿਆਂ ਨੂੰ। ਮੈਂ ਇਕੱਲਾ ਕੁਝ ਨਹੀਂ ਕਰ ਸਕਦਾ। ਠੀਕ ਹੈ ਫਿਰ। ਕੱਲ੍ਹ ਅਸੀਂ ਕੂਚ ਕਰਾਂਗੇ। ਹੁਕਮਨਾਮਾ ਤਿਆਰ ਕਰੋ।"
ਸਭ ਜਾਣਦੇ ਸਨ ਕਿ ਭਾਵੇਂ ਹੁਕਮ ਹੋਵੇ ਤੇ ਭਾਵੇਂ ਨਾ, ਉਹਨਾਂ ਨੂੰ ਟੁਰਨਾ ਹੀ ਪੈਣਾ ਏ। ਹੋਰ ਕਰ ਵੀ ਕੀ ਸਕਦੇ ਸਨ ? ਨਾ ਉਹ ਰੁੱਕ ਸਕਦੇ ਸਨ ਤੇ ਨਾ ਕਸਾਕਾਂ ਹੱਥੋਂ ਵੱਢੇ ਜਾਣ ਲਈ, ਉਹ ਪਿਛਾਂਹ ਹੀ ਮੁੜ ਸਕਦੇ ਸਨ । ਸਭ ਮਹਿਸੂਸ ਕਰਦੇ ਸਨ ਕਿ ਹੋਰ ਕੋਈ ਰਾਹ ਨਹੀਂ ਸੀ, ਸਿਵਾਏ ਇਸ ਦੇ ਕਿ ਉਸ ਘੜੀ ਦੀ ਉਡੀਕ ਕਰਨ, ਜਦ ਤੀਕ ਸਮੋਲੋਦੂਰੋਵ ਉਲਟ ਪੁਲਟ ਕਰਕੇ ਆਪਣਾ ਮੱਥਾ ਭਨਾ ਨਹੀਂ ਲੈਂਦਾ। ਪਰ ਕਿਵੇਂ ? ਇੱਕੋ ਰਾਹ ਸੀ ਕਿ ਕੋਜੂਖ ਦੇ ਦਲ ਦਾ ਆਸਰਾ ਲੈ ਕੇ ਉਹ ਵੀ ਪਿੱਛੇ ਪਿੱਛੇ ਟੁਰੀ ਜਾਣ।
ਕਿਸੇ ਆਖਿਆ:
"ਕੋਜ਼ੂਖ ਨੂੰ ਦਸ ਦੇਣਾ ਚਾਹੀਦਾ ਹੈ ਕਿ ਨਵਾਂ ਕਮਾਂਡਰ ਚੁਣ ਲਿਆ ਗਿਆ ਹੈ।"
"ਉਹ ਕੱਖ ਜਿੰਨੀ ਵੀ ਪਰਵਾਹ ਨਹੀਂ ਕਰਨ ਲੱਗਾ, ਜੋ ਉਸ ਨੂੰ ਚੰਗਾ ਲੱਗੇਗਾ, ਉਹ ਕਰੀ ਜਾਵੇਗਾ।" ਕਈ ਹੋਰ ਬੋਲ ਪਏ।
ਸਮੋਲੇਦੂਰੋਵ ਨੇ ਵੱਟ ਕੇ ਮੇਜ਼ ਉੱਤੇ ਮੁੱਕਾ ਮਾਰਿਆ, ਤੇ ਮੇਜ਼ ਦਾ ਫੱਟਾ ਕੜਕ ਗਿਆ।
"ਮੈਂ ਉਸ ਨੂੰ ਹੇਠਾਂ ਲਾਵਾਂਗਾ - ਵੇਖ ਲੈਣਾ। ਉਹ ਆਪਣੇ ਦਲ ਨੂੰ ਕਸਬੇ ਵਿੱਚੋਂ ਲੈ ਕੇ ਭੱਜ ਪਿਆ। ਉਸ ਨੂੰ ਉੱਥੇ ਅੜਨਾ ਚਾਹੀਦਾ ਸੀ । ਡੱਟ ਕੇ ਮੁਕਾਬਲਾ ਕਰਦਿਆਂ ਆਬਰੂ, ਪਤ ਨਾਲ ਮੈਦਾਨ ਵਿੱਚ ਮਰ ਮਿਟਣਾ ਚਾਹੀਦਾ ਸੀ।"
ਸਭ ਦੀਆਂ ਅੱਖਾਂ ਸਮਲੋਦੂਰਵ ਉੱਤੇ ਟਿਕੀਆਂ ਹੋਈਆਂ ਸਨ ਜੋ ਇਸ ਵੇਲੇ ਪੂਰੇ ਜਲਾਲ ਵਿੱਚ ਸੀ। ਇਹ ਉਸ ਦੇ ਮੂੰਹੋਂ ਕੱਢੇ ਸ਼ਬਦਾਂ ਦਾ ਚਮਤਕਾਰ ਨਹੀਂ ਸੀ, ਸਗੋਂ ਉਸ ਦੇ ਡੀਲ ਡੋਲ ਦਾ ਰੋਹਬ ਸੀ, ਜਿਸ ਉਹਨਾਂ ਦੇ ਦਿਲਾਂ ਅੰਦਰ ਯਕੀਨ ਬਿਠਾ ਦਿੱਤਾ ਸੀ। ਸਭ ਨੂੰ ਮਹਿਸੂਸ ਹੋਇਆ ਕਿ ਉਹਨਾਂ ਨੂੰ ਇੱਕ ਰਾਹ ਲੱਭ ਪਿਆ ਹੈ: ਕੋਜ਼ੂਖ ਦੋਸ਼ੀ ਸੀ । ਆਪ ਹੀ ਸਿਰ ਭਾਰ ਭੱਜੀ ਫਿਰਦਾ ਸੀ। ਕਿਸੇ ਦੂਜੇ ਨੂੰ ਆਪਣਾ ਫੌਜੀ ਕਮਾਲ ਦੱਸਣ ਦਾ ਅਵਸਰ ਹੀ ਨਹੀਂ ਸੀ ਦੇਂਦਾ। ਹੁਣ ਪੂਰੀ ਵਾਹ ਉਸ ਦੇ ਵਿਰੁੱਧ ਲਾ ਦੇਣੀ ਚਾਹੀਦੀ ਹੈ। ਅਮਲਾ ਤਿਆਰ ਹੋ ਗਿਆ। ਇੱਕ ਆਦਮੀ ਘੋੜੇ ਉੱਤੇ ਕੋਜੂਖਵੱਲ ਭਜਾ ਦਿੱਤਾ ਗਿਆ। ਹੈੱਡਕੁਆਰਟਰ ਦਾ ਪ੍ਰਬੰਧ ਕਰ ਲਿਆ ਗਿਆ। ਟਾਈਪ ਦੀਆਂ ਮਸ਼ੀਨਾਂ ਤੇ ਕਲਰਕ ਲੱਭ ਕੇ ਦਫਤਰ ਖੋਲ੍ਹ ਦਿੱਤਾ ਗਿਆ। ਕੰਮ ਜ਼ੋਰਾਂ ਉੱਤੇ ਸ਼ੁਰੂ ਹੋ ਗਿਆ।
ਸਿਪਾਹੀਆਂ ਦੇ ਨਾਂ, ਉਹਨਾਂ ਨੂੰ ਸਿਆਸੀ ਹਾਲਤ ਦੀ ਸੂਝ ਦੇਣ ਲਈ ਤੇ ਇੱਕ ਜਥੇਬੰਦੀ ਦੀ ਭਾਵਨਾ ਜਗਾਣ ਲਈ, ਅਪੀਲਾਂ ਟਾਈਪ ਕਰ ਲਈਆਂ ਗਈਆਂ "ਸਿਪਾਹੀਓ, ਅਸੀਂ ਦੁਸ਼ਮਣ ਕੋਲੋਂ ਨਹੀਂ ਡਰਦੇ," "ਚੇਤੇ ਰੱਖੋ ਸਾਥੀਓ, ਕਿ ਸਾਡੀ ਫੌਜ ਖਤਰੇ ਦੀ ਪਰਵਾਹ