

ਕਹਿਣ ਲੱਗਾ । ਜੇ ਅਸੀਂ ਪਹਾੜਾਂ ਦੇ ਸਿਲਸਿਲੇ ਨੂੰ ਇੱਥੋਂ ਪਾਰ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਸਾਡੀਆਂ ਸਾਮਾਨ ਨਾਲ ਲੱਦੀਆਂ ਗੱਡੀਆਂ, ਰੀਫ਼ੂਜੀ ਤੇ ਸਭ ਤੋਂ ਮਹੱਤਵਪੂਰਨ ਸਾਡਾ ਤੋਪਖਾਨਾ, ਸਭ ਜਾਂਦਾ ਰਹੇਗਾ, ਕਿਉਂ ਜੋ ਸੜਕ ਕੋਈ ਨਹੀਂ; ਸਿਰਫ ਮਾਮੂਲੀ ਜਿਹਾ ਲਾਂਘਾ ਹੈ। ਕੋਜ਼ੂਖ ਬੜੀ ਸਿਆਣਪ ਨਾਲ ਕੰਮ ਕਰ ਰਿਹਾ ਹੈ। ਤੋਪਖਾਨੇ ਬਗੈਰ ਅਸੀਂ ਨਿਹੱਥੇ ਹੋ ਜਾਵਾਂਗੇ। ਕਸਾਕ ਨਿਹੱਥਿਆਂ ਨੂੰ ਘੇਰ ਲੈਣਗੇ । ਨਾਲੇ, ਜੇ ਅਸੀਂ ਤੇ ਕੱਖ ਵੱਖ ਵੱਖ ਹੋਵਾਂਗੇ, ਉਹ ਸਾਨੂੰ ਦੁਹਾਂ ਨੂੰ ਹਰਾ ਦੇਣਗੇ।"
ਦਲੀਲ ਸਾਫ ਸੀ । ਪਰ ਸਮੋਲੋਦੂਰੋਵ ਨੂੰ ਮਨਾਣ ਲਈ, ਚੀਫ਼-ਆਫ਼-ਸਟਾਫ਼ ਦਾ, ਆਰਾਮ ਨਾਲ ਤੇ ਹੌਲੀ ਹੌਲੀ ਗੱਲ ਕਰਨ ਦਾ ਇੱਕ ਢੰਗ ਸੀ, ਨਾ ਕਿ ਉਸ ਦਾ ਰੁਹਬ ਕਿ ਉਹ ਮਿਲਟਰੀ ਅਕਾਦਮੀ ਵਿੱਚੋਂ ਆਇਆ ਸੀ।
"ਹੁਕਮ ਭੇਜ ਦਿਓ ਕਿ ਮੁੱਖ ਮਾਰਗ ਦੇ ਨਾਲ ਨਾਲ ਅੱਗੇ ਵਧੀ ਜਾਣ।" ਸਮਲੋਦੂਰੋਵ ਨੱਕ ਚਾੜ੍ਹਦਾ ਬੋਲਿਆ।
ਤੇ ਫਿਰ ਸਿਪਾਹੀ, ਰੀਫ਼ੂਜੀ, ਸਾਮਾਨ ਗੱਡੀਆਂ ਅਫੜਾ-ਤਫੜੀ ਵਿੱਚ ਰੌਲਾ ਮਚਾਂਦਿਆਂ ਰਾਹੇ ਪੈ ਗਈਆਂ।
19
ਹਮੇਸ਼ਾ ਵਾਂਗ, ਕੋਜ਼ੂਖ ਦਾ ਦਲ ਜਦ ਰਾਤ ਵਿਸ਼ਰਾਮ ਕਰਨ ਲਈ ਟਿਕਦਾ ਤਾਂ ਆਰਾਮ ਤੇ ਨੀਂਦ ਉਹਨਾਂ ਲਈ ਹਰਾਮ ਹੁੰਦੀ। ਅੰਨ੍ਹੇਰੇ ਵਿੱਚ ਹੱਸਣ, ਸਾਜ਼ ਵਜਾਣ ਤੇ ਗਾਉਣ ਦੀ ਮੱਧਮ ਮੱਧਮ ਆਵਾਜ਼ ਉੱਠਦੀ ਰਹਿੰਦੀ। ਰਾਤ ਵਿੱਚ ਜ਼ਿੰਦਗੀ ਦੀ ਧੜਕਣ ਹੁੰਦੀ, ਸੁਖ ਚੈਨ ਹੁੰਦਾ ਤੇ ਜਵਾਨ ਉਮੰਗਾਂ ਹੁੰਦੀਆਂ ਤੇ ਹੁੰਦੇ ਹਵਾ ਵਿੱਚ ਘੁਲੇ ਜਵਾਨ ਜਜ਼ਬੇ।
ਸਿਸਕਦੀਆਂ ਨੇ ਪਹਾੜਾਂ ਵਰਗੀਆਂ ਛੱਲਾਂ
ਨੀਲੇ ਡੂੰਘੇ ਸਮੁੰਦਰਾਂ ਵਿੱਚ,
ਤੇ ਰੋਂਦੇ ਤੇ ਸਿਸਕਦੇ ਨੇ ਬਹਾਦਰ ਜਵਾਨ ਕਸਾਕ
ਤੁਰਕਾਂ ਦੀ ਫਾਹੀ ਵਿੱਚ।
ਆਵਾਜ਼ਾਂ, ਮਧੁਰ ਸੁਰਾਂ ਦੀਆਂ ਲਹਿਰਾਂ ਵਿੱਚ, ਦੂਰ ਦੂਰ ਤੱਕ ਰਾਤ ਦੇ ਅੰਨ੍ਹੇਰੇ ਵਿੱਚ ਤੇ ਬਹਾਦਰ ਕਸਾਕਾਂ ਦੇ ਦੁੱਖਦੇ ਹਿਰਦਿਆਂ ਵਿੱਚ ਡੁੱਬ ਗਈਆਂ। ਕੀ ਇਹ ਉਹਨਾਂ ਦੇ ਆਪਣੇ ਲਈ ਵੀ ਸੀ, ਜੋ ਅਫਸਰਾਂ, ਜਰਨੈਲਾਂ ਤੇ ਬੁਰਜੂਆ ਦੀ ਕੈਦ ਵਿੱਚੋਂ ਨੱਸ ਆਏ ਸਨ ਤੇ ਆਜ਼ਾਦੀ ਲਈ ਸੰਘਰਸ਼ ਵਿੱਚ ਜੁਟੇ ਹੋਏ ਸਨ। ਉਹਨਾਂ ਦੇ ਦੁੱਖ, ਖੇੜੇ ਨਾਲ ਰਲ ਕੇ, ਅੰਨ੍ਹੇਰੇ ਵਿੱਚ ਲੀਨ ਹੋ ਗਏ ਸਨ।
ਨੀਲੇ ਡੂੰਘੇ ਸਮੁੰਦਰਾਂ ਵਿੱਚ - !
ਸੱਚੀ ਮੁਚੀ ਦਾ ਸਮੁੰਦਰ ਬਿਲਕੁਲ ਨੇੜੇ ਸੀ, ਉਹਨਾਂ ਦੇ ਪੈਰਾਂ ਕੋਲ, ਪਰ ਇਹ ਅਦਿਸ ਤੇ ਖਾਮੋਸ਼ ਸੀ।