

ਤੇ ਉਹਨਾਂ ਦੇ ਸੁੱਖ ਦੁੱਖ ਨਾਲ ਇੱਕ ਮਿਕ ਹੋਈਆਂ ਪਹਾੜਾਂ ਦੀਆਂ ਚੋਟੀਆਂ ਸੁਬਕ ਸੁਨਹਿਰੀ ਹੋ ਗਈਆਂ, ਜਿਸ ਕਰਕੇ ਪਹਾੜਾਂ ਦੇ ਸਿਲਸਲਿਆਂ ਦੇ ਪਸਾਰ ਵਧੇਰੇ ਕਾਲ਼ੇ ਤੈਂ ਸੋਗੀ ਹੋ ਗਏ।
ਫਿਰ ਡੂੰਘਾਣਾਂ, ਵਿਰਲਾਂ, ਤੇ ਖੱਡਾਂ ਵਿੱਚ, ਹੌਲੀ ਹੌਲੀ ਚੰਨ ਦੀਆਂ ਰਿਸ਼ਮਾਂ ਤਿਲ੍ਹਕਦੀਆਂ ਤੇ ਚਾਨਣੀ ਦਾ ਬੂਰ ਤਰੋਂਕਦੀਆਂ ਰੁੱਖਾਂ, ਪੱਥਰਾਂ ਤੇ ਪਹਾੜਾਂ ਦੀਆਂ ਚੋਟੀਆਂ ਦੇ ਗੰਭੀਰ ਪਰਛਾਵਿਆਂ ਨੂੰ ਹੋਰ ਵਧੇਰੇ ਸੋਗੀ ਕਰਨ ਲੱਗ ਪਈਆਂ।
ਚਾਨਣੀ ਦੇ ਪਿੱਛੇ ਪਿੱਛੇ ਚੰਨ ਉੱਭਰਦਾ ਸਾਹਮਣੇ ਹੋ ਗਿਆ ਤੇ ਉਸ ਇੱਕ ਨਵੇਂ ਹੀ ਸੰਸਾਰ ਦੀ ਰਚਨਾ ਕਰ ਦਿੱਤੀ। ਆਦਮੀ ਗਾਉਣ ਹੱਟ ਗਏ। ਹੁਣ ਚੱਟਾਨਾਂ ਤੇ ਡਿੱਗੇ ਰੁੱਖਾਂ ਉੱਤੇ ਬੈਠੇ ਜਵਾਕ ਤੇ ਕੁੜੀਆਂ, ਸਾਫ ਦਿੱਸਣ ਲੱਗ ਪਈਆਂ। ਚੱਟਾਨਾਂ ਹੇਠਾਂ ਲਹਿਰਾਂ ਲੈਂਦੇ ਸਮੁੰਦਰ ਨੂੰ ਚੰਨ ਨੇ ਧੋ ਕੇ ਹੋਰ ਨਿਖਾਰ ਦਿੱਤਾ ਤੇ ਇੰਝ ਲੱਗਦਾ ਸੀ ਕਿ ਦੂਰ ਦੂਰ ਤੱਕ ਪਿਘਲਿਆ ਹੋਇਆ ਸੋਨਾ ਡਲ੍ਹਕ ਡਲ੍ਹਕ ਕਰ ਰਿਹਾ ਹੋਵੇ। ਇਹ ਸ਼ਾਨ ਨਿਰਾਲੀ ਸੀ।
"ਇਸ ਵਿੱਚ ਜਾਨ ਹੈ।" ਕਿਸੇ ਆਖਿਆ।
"ਕਈ ਲੋਕ ਆਖਦੇ ਨੇ, ਇਸ ਨੂੰ ਰੱਬ ਨੇ ਬਣਾਇਆ ਹੈ।"
"ਇਹ ਗੱਲ ਕੀ ਹੈ ਕਿ ਇਸ ਵਿੱਚ ਜਹਾਜ਼ ਚਲਾਂਦਾ ਬੰਦਾ ਰੁਮਾਨੀਆ, ਓਡੇਸਾ ਜਾਂ ਸਵੇਸਤਾਪੋਲ ਜਾ ਪਹੁੰਚਦਾ ਹੈ, ਬਸ ਕੰਪਾਸ ਵੱਲ ਵੇਖਦੇ ਰਹੋ, ਤੇ ਕਿੱਥੋਂ ਦੇ ਕਿੱਥੇ ਜਾ ਪਹੁੰਚੋ ?"
"ਤੁਰਕੀ ਦੇ ਮੋਰਚੇ ਉੱਤੇ, ਜਵਾਨੋ, ਜਿਸ ਵੇਲੇ ਵੀ ਕੋਈ ਲੜਾਈ ਜਿੱਤੀ ਜਾਂਦੀ, ਪਾਦਰੀ ਉਸਤਤੀ ਕਰਨ ਲੱਗ ਪੈਂਦੇ। ਪਰ ਭਾਵੇਂ ਜਿੰਨੀ ਮਰਜ਼ੀ ਬੰਦਗੀ ਕਰੀ ਜਾਂਦੇ, ਮੈਦਾਨ ਵਿੱਚ ਲਾਸ਼ਾਂ ਦੇ ਢੇਰ ਉੱਚੇ ਹੀ ਉੱਚੇ ਹੁੰਦੇ ਜਾਂਦੇ ਸਨ।
ਚਾਨਣੀ ਦੀਆਂ ਤਾਰਾਂ ਝੜ ਝੜ ਪੈਂਦੀਆਂ ਢਲਾਨਾਂ ਉੱਤੇ ਪਲਮਦੀਆਂ, ਚੱਟਾਨਾਂ ਨਾਲ ਖਹਿ ਕੇ ਟੁੱਟ ਜਾਂਦੀਆਂ। ਪਹਾੜ ਦੀ ਕਿਸੇ ਸਿੱਧੀ ਦੰਦੀ ਨੂੰ, ਬਾਂਹ ਵਾਂਗ ਅੱਗੇ ਵਧੇ ਕਿਸੇ ਰੁੱਖ ਦੀ ਟਹਿਣੀ ਨੂੰ, ਕਿਸੇ ਖਿੱਘਰ ਨੂੰ, ਇੱਕ ਸਮੇਂ ਆਪਣੀ ਸੁਨਹਿਰੀ ਜਾਲੀ ਵਿੱਚ ਵਲ੍ਹੇਟ ਕੇ ਇੱਕ ਅਜੂਬਾ ਪੇਸ਼ ਕਰ ਦੇਂਦੀਆਂ।
ਮੱਧ ਮਾਰਗ ਤੋਂ ਕਈ ਆਵਾਜ਼ਾਂ ਦਾ ਰੌਲਾ, ਕਈ ਪੈਰਾਂ ਦੀ ਧਮਕ ਤੇ ਮਾਰੋ ਮਾਰ ਹੁੰਦੀ ਜਾਪੀ।
ਸਭ ਮੂੰਹ ਘੁਮਾ ਕੇ ਉਸੇ ਪਾਸੇ ਵੇਖਣ ਲੱਗ ਪਏ।
"ਇਹ ਮਾਰੋ ਮਾਰ ਕਰਦੀ ਭੀੜ ਕਿਧਰੋਂ ਆ ਗਈ ?"
"ਮਲਾਹ ਸਹੁਰੇ । ਇਹਨਾਂ ਨੂੰ ਹੋਰ ਕੰਮ ਹੀ ਕੋਈ ਨਹੀਂ।"
ਮਲਾਹਾਂ ਦਾ ਬੇਮੁਹਾਰਾ ਇੱਜੜ, ਕਦੀ ਚੰਨ ਦੀ ਚਾਨਣੀ ਵਿੱਚ ਤੇ ਕਦੇ ਅੰਨ੍ਹੇਰੇ ਵਿੱਚ ਹੋ ਹਾ ਕਰਦਾ ਭੂਤਾਂ ਵਾਂਗ ਟੁਰੀ ਜਾ ਰਿਹਾ ਸੀ । ਕੁੜੀਆਂ ਤੇ ਮੁੰਡੇ ਬੈਠੇ ਬੈਠੇ, ਜਿਉਂ ਔਕ ਗਏ ਤੇ ਉਬਾਸੀਆਂ ਲੈਂਦੇ ਤੇ ਆਕੜਾਂ ਭੰਨਦੇ, ਇੱਕ ਇੱਕ ਕਰਕੇ ਉੱਥ ਕਿਰਨ ਲੱਗ ਪਏ।
"ਝਟ ਸੌਂ ਜਾਣਾ ਚਾਹੀਦਾ ਹੈ।"