

ਚਾਂਘਰਦੇ, ਉੱਚਾ ਉੱਚਾ ਬੋਲਦੇ ਤੇ ਬਕਵਾਸ ਕਰਦੇ ਮਲਾਹ ਇੱਕ ਚੱਟਾਨ ਦੇ ਸਿਰੇ ਕੋਲ ਜਾ ਪਹੁੰਚੇ। ਚੰਨ ਤੋਂ ਉਹਲੇ ਪਰਛਾਵੇਂ ਵਿੱਚ ਉਹ ਛੱਕੜਾ ਖਲ੍ਹਤਾ ਹੋਇਆ ਸੀ, ਜਿਸ ਵਿੱਚ ਕੋਜ਼ੂਖ ਸੁੱਤਾ ਪਿਆ ਸੀ।
"ਕੀ ਗੱਲ ਹੈ ?"
ਦੋ ਸੰਤਰੀ ਰਫ਼ਲਾਂ ਤਾਣ ਕੇ ਅੱਗੇ ਖਲ੍ਹੇ ਗਏ।
"ਕਮਾਂਡਰ ਕਿੱਥੇ ਹੈ ?"
ਕੋਜੂਖ ਪਹਿਲਾਂ ਹੀ ਛਾਲ ਮਾਰ ਕੇ ਉੱਠ ਖਲ੍ਹਤਾ ਸੀ ਤੇ ਅੰਨ੍ਹੇਰੇ ਵਿੱਚ ਉਸ ਦੀਆਂ ਅੱਖਾਂ ਭੇੜੀਏ ਵਾਂਗ ਲਿਸ਼ਕ ਰਹੀਆਂ ਸਨ।
ਸੰਤਰੀ ਰਫਲਾਂ ਅੱਗੇ ਕਰਦੇ ਚੀਖ਼ੇ:
“ਪਿੱਛੇ ਹਟ ਜਾਓ, ਨਹੀਂ ਗੋਲੀ ਮਾਰ ਦਿਆਂਗੇ।"
"ਕੀ ਕਹਿੰਦੇ ਨੇ ?" ਕੋਜੂਖ ਨੇ ਪੁੱਛਿਆ।
"ਅਸੀਂ ਤੁਹਾਡੇ ਨਾਲ ਗੱਲ ਕਰਨ ਆਏ ਹਾਂ, ਕਮਾਂਡਰ । ਸਾਡੀ ਖੁਰਾਕ ਮੁੱਕ ਗਈ ਹੈ। ਕੀ ਤੁਹਾਡੀ ਇੱਛਾ ਹੈ, ਅਸੀਂ ਭੁੱਖੇ ਮਰ ਜਾਈਏ ? ਅਸੀਂ ਕੋਈ ਪੰਜ ਹਜ਼ਾਰ ਬੰਦੇ ਹਾਂ। ਇਨਕਲਾਬ ਲਈ ਅਸਾਂ ਆਪਣੀਆਂ ਜਾਨਾਂ ਵਾਰ ਦਿੱਤੀਆਂ ਨੇ ਤੇ ਕੀ ਹੁਣ ਅਸੀਂ ਕੁੱਤਿਆਂ ਦੀ ਮੌਤ ਮਰ ਜਾਈਏ ?''
ਪਰਛਾਵੇਂ ਵਿੱਚ ਭਾਵੇਂ ਕੋਜੂਖ ਦਾ ਚਿਹਰਾ ਉਹਨਾਂ ਨੂੰ ਏਨਾ ਸਾਫ ਨਹੀਂ ਸੀ ਦਿੱਸਦਾ, ਪਰ ਅੱਖਾਂ ਦੀ ਚਮਕ ਸਭ ਵੇਖ ਰਹੇ ਸਨ।
"ਫੌਜ ਵਿੱਚ ਭਰਤੀ ਹੋ ਜਾਓ। ਤੁਹਾਨੂੰ ਪੂਰਾ ਰਾਸ਼ਨ ਤੇ ਰਫਲਾਂ ਦਿੱਤੀਆਂ ਜਾਣਗੀਆਂ। ਸਾਡੇ ਕੋਲ ਖੁਰਾਕ ਬਹੁਤ ਥੋੜ੍ਹੀ ਹੈ। ਅਸੀਂ ਕੇਵਲ ਰਫ਼ਲਾਂ ਵਾਲਿਆਂ ਨੂੰ ਹੀ ਦੇਂਦੇ ਹਾਂ। ਮਸਾਂ ਗੁਜ਼ਾਰੇ ਵਾਲੀ ਗੱਲ ਹੈ। ਸਾਡੇ ਲੜਨ ਵਾਲੇ ਸਿਪਾਹੀਆਂ ਨੂੰ ਵੀ ਮਸਾਂ ਹੀ ਰਾਸ਼ਨ ਨਸੀਬ ਹੁੰਦਾ ਹੈ।"
"ਕੀ ਅਸੀਂ ਨਹੀਂ ਲੜਦੇ ? ਸਾਨੂੰ ਫ਼ੌਜੀਆਂ ਵਿੱਚ ਰਲਣ ਲਈ ਕਿਉਂ ਮਜਬੂਰ ਕਰਦੇ ਹੋ ? ਸਾਨੂੰ ਸਭ ਪਤਾ ਹੈ ਕਿ ਕੀ ਕਰਨਾ ਹੈ । ਜਦ ਲੜਨ ਦਾ ਵਕਤ ਆਇਆ, ਅਸੀਂ ਤੁਹਾਡੇ ਨਾਲੋਂ ਵੀ ਵਧੇਰੇ ਜੂਝ ਕੇ ਲੜਾਂਗੇ। ਲੜਾਂਗੇ ਵੀ ਚੰਗਾ । ਤੁਹਾਨੂੰ ਕੋਈ ਹੱਕ ਨਹੀਂ ਕਿ ਸਾਡੇ ਵਰਗੇ ਹੰਢੇ ਵਰਤੇ ਇਨਕਲਾਬੀਆਂ ਉੱਤੇ ਹੁਕਮ ਚਾੜ੍ਹ। ਕਿੱਥੇ ਸਾਉ ਤੁਸੀਂ, ਜਦ ਅਸਾਂ ਜ਼ਾਰ ਨੂੰ ਗੱਦੀ ਤੋਂ ਲਾਹ ਕੇ ਪਰੇ ਮਾਰਿਆ ਸੀ? ਤੂੰ ਜ਼ਾਰ ਦੀ ਫੌਜ ਵਿੱਚ ਅਫ਼ਸਰ ਹੁੰਦਾ ਮੈਂ। ਹੁਣ ਤੂੰ ਚਾਹੁੰਦਾ ਹੈ ਕਿ ਸਭ ਕੁਝ ਇਨਕਲਾਬ ਦੇ ਹਵਾਲੇ ਕਰ ਦੇਣ ਮਗਰੋਂ ਅਸੀਂ ਬਰਬਾਦ ਹੋ ਜਾਈਏ । ਤੂੰ ਸਮਝਦਾ ਹੈਂ, ਕਿ ਜੋ ਮਰਜ਼ੀ ਕਰ ਲਵੇਂ, ਕਿਉਂ ਜੋ ਤੂੰ ਆਪਣੇ ਆਪ ਨੂੰ ਕਮਾਂਡਰ ਬਣਾ ਲਿਆ ਹੈ ? ਸਾਢੇ ਸੋਲ਼ਾਂ ਸੌ ਮੁੰਡਿਆਂ ਨੇ ਕਸਬੇ ਵਿੱਚ ਆਪਣੀ ਜਾਨਾਂ ਦੇ ਦਿੱਤੀਆਂ। ਅਫ਼ਸਰਾਂ ਨੇ ਉਹਨਾਂ ਨੂੰ ਜਿਉਂਦਿਆਂ ਕਬਰਾਂ ਵਿੱਚ ਪਾ ਦਿੱਤਾ ਤੇ ਤੂੰ ਹੁਣ- ।"
"ਉਹਨਾਂ ਪੰਦਰਾਂ ਸੌਆਂ ਨੇ ਆਪਣੀਆਂ ਜਾਨਾਂ ਦੇ ਦਿੱਤੀਆਂ, ਤੇ ਤੁਸੀਂ ਇੱਥੇ ਕੰਜਰੀਆਂ ਲਈ ਫਿਰਦੇ ਹੋ।"