

ਮਲਾਹ ਸਾਨ੍ਹਾਂ ਦੇ ਵੱਗ ਵਾਂਗ ਭੂਤਰ ਖਲ੍ਹਤੇ:
"ਤੂੰ ਸਾਨੂੰ, ਇਨਕਲਾਬ ਦੇ ਲੜਾਕਿਆਂ ਨੂੰ, ਮਿਹਣੇ ਮਾਰ ਰਿਹਾ ਹੈਂ।"
ਉਹ ਗੱਜਦੇ ਤੇ ਛਿੱਬੀਆਂ ਦੇਂਦੇ, ਸਤਰੀਆਂ ਨੂੰ ਘੂਰਨ ਲੱਗ ਪਏ। ਪਰ ਕੋਜੂਖ ਦੀਆਂ ਭੱਖਦੀਆਂ ਅੱਖਾਂ ਨੂੰ ਕੋਈ ਧੋਖਾ ਨਹੀਂ ਸੀ ਲੱਗ ਰਿਹਾ; ਉਹਨਾਂ ਨੂੰ ਸਭ ਕੁਝ ਦਿੱਸਦਾ ਸੀ, ਛਿੱਬੀਆਂ ਦੇਣ ਵਾਲੇ ਦਿੱਸਦੇ ਸਨ ਤੇ ਉਹ ਵੀ ਦਿੱਸਦੇ ਸਨ ਜੋ ਇੱਕ ਇੱਕ ਕਰਕੇ ਇੱਧਰ ਉੱਧਰ ਘੁਸਰਨ ਲੱਗ ਪਏ ਸਨ, ਤੇ ਕੋਡੇ ਹੋਏ ਚੰਨ ਦੀਆਂ ਰਿਸ਼ਮਾਂ ਵਿੱਚ ਟੁਰਦੇ, ਬੰਬਾਂ ਨੂੰ ਲੋਕ ਨਾਲੋਂ ਖੋਲ੍ਹ ਰਹੇ ਸਨ ਤੇ ਫਿਰ ਸਾਰੇ ਦੇ ਸਾਰੇ ਫਸੇ ਹੋਏ ਛਕੜੇ ਵੱਲ ਚੜ੍ਹ ਵਗੇ।
ਉਸੇ ਪਲ ਰਾਟ -ਰਟ - ਟਟ- ਟਟ ਕਰਦੀ ਇੱਕ ਮਸ਼ੀਨਗੰਨ ਚੱਲਣ ਲੱਗ ਪਈ । ਛੱਕੜੇ ਉੱਤੇ ਇੱਕ ਲਿਸ਼ਕਾਰਾ ਪਿਆ, ਜਿਸ ਵਿੱਚ ਉਹ ਲਿਸ਼ਕਦੀ ਅੱਖ ਚਮਕ ਰਹੀ ਸੀ - ਗੋਲੀਆਂ ਏਨੀ ਸਫ਼ਾਈ ਨਾਲ ਅੰਨ੍ਹੇਰੇ ਨਾਲ ਜੁੜੀ ਚੰਨ ਦੀ ਚਾਨਣੀ ਵਿੱਚ ਉੱਡ ਰਹੀਆਂ ਸਨ ਕਿ ਕੋਈ ਇੱਕ ਵੀ ਕਿਸੇ ਦੀ ਹੱਡੀ ਜਾਂ ਸਰੀਰ ਨਾਲ ਨਹੀਂ ਛੋਹੀ, ਪਰ ਇੱਕ ਅਜਿਹੀ ਖੌਫ਼ਨਾਕ ਹਵਾ ਜਿਹੀ ਉੱਡਣ ਲੱਗੀ ਕਿ ਮਲਾਹਾਂ ਦੀਆਂ ਟੋਪੀਆਂ ਸਿਰਾਂ ਉੱਤੇ ਲੱਥ ਗਈਆਂ ਤੇ ਉਹ ਪਿੱਛੇ ਹੋਟ ਗਏ।
"ਸ਼ੈਤਾਨ। ਚਲਾਕ ਭੂਤਨੇ। ਮਸ਼ੀਨਗੰਨਰ ਹੋਣ ਤਾਂ ਇਹੋ ਜਿਹੇ।"
ਦੂਰ ਦੂਰ ਤੱਕ ਫੈਲੀ ਚੰਨ ਦੀ ਚਾਨਣੀ ਵਿੱਚ, ਸਾਰਾ ਕਾਫ਼ਲਾ ਘੂਕ ਸੁੱਤਾ ਹੋਇਆ ਸੀ। ਪਹਾੜ ਵੀ ਦੁੱਧ ਚਾਨਣੀ ਵਿੱਚ ਧੋਤੇ ਉੱਘਾ ਲੈ ਰਹੇ ਸਨ । ਸਮੁੰਦਰ ਦੇ ਨਾਲ ਨਾਲ, ਕੰਢੇ ਤੋਂ ਲੈ ਕੇ ਦੂਰ ਦਿਸਹੱਦੇ ਤੀਕ, ਚੰਨ ਦੀ ਚਾਨਣੀ ਵਿੱਚ, ਚਾਂਦੀ ਵੰਨੀ ਵੱਡੀ ਸੜਕ ਥਿਰਕ ਰਹੀ ਸੀ।
20
ਲੋਅ ਲੱਗਦਿਆਂ ਹੀ, ਦਲ ਵਿੱਚ, ਮੁੱਖ ਸੜਕ ਦੇ ਨਾਲ ਨਾਲ ਹਿੱਲਜੁੱਲ ਹੋਣ ਲੱਗ ਪਈ।
ਸੱਜੇ ਪਾਸੇ ਦੂਰ ਦੂਰ ਤੱਕ ਸਮੁੰਦਰ ਦਾ ਫੈਲਾਅ ਸੀ, ਤੇ ਖੱਬੇ ਰੁੱਖਾਂ ਨਾਲ ਭਰੇ ਪਹਾੜ, ਜਿਨ੍ਹਾਂ ਉੱਤੇ ਨੰਗੀਆਂ ਚੱਟਾਨਾਂ ਸਿਰ ਉੱਤੇ ਤਾਜ ਵਾਂਗ ਰੱਖੀਆਂ ਹੋਈਆਂ ਸਨ।
ਖਹੁਰੀਆਂ ਸਿਖਰਾਂ ਉੱਤੋਂ ਕਿਰਨਾਂ ਦੀ ਤਪਸ਼ ਤਿਲ੍ਹਕਦੀ ਹੇਠਾਂ ਵੱਲ ਆ ਰਹੀ ਸੀ । ਮੁੱਖ ਮਾਰਗ ਉੱਤੇ ਘੱਟਾ ਹੀ ਘੱਟਾ ਉੱਡਣ ਲੱਗ ਪਿਆ ਸੀ। ਭਿਣ ਭਿਣ ਕਰਦੀਆਂ ਕੀਊਬਨ, ਸਟੈਪੀ ਦੀਆਂ ਜਾਣੀਆਂ ਪਛਾਣੀਆਂ ਮੱਖੀਆਂ, ਬੰਦਿਆਂ ਤੇ ਜਾਨਵਰਾਂ ਨੂੰ ਇੱਕੋ ਜਿਹੀਆਂ ਦੁਖੀ ਕਰਨ ਲੱਗ ਪਈਆਂ । ਉਹ ਲੋਕਾਂ ਦੇ ਨਾਲ ਨਾਲ ਧੁਰ ਘਰੋਂ ਆਈਆਂ ਸਨ, ਉਹਨਾਂ ਨਾਲ ਹੀ ਰਾਤ, ਉਹ ਵੀ ਡੇਰੇ ਲਾ ਲੈਂਦੀਆਂ ਤੇ ਦਿਨ ਚੜ੍ਹੇ ਉਹਨਾਂ ਦੇ ਉੱਠਦਿਆਂ ਹੀ ਉਹ ਵੀ ਉੱਠ ਪੈਂਦੀਆਂ।
ਸੱਪ ਵਾਂਗ ਪੇਚ ਖਾਂਦੀ ਮੁੱਖ ਸੜਕ, ਮਿੱਟੀ ਘੱਟੇ ਨਾਲ ਭਰੀ ਹੋਈ, ਸੰਘਣੇ ਜੰਗਲ