

ਵਿੱਚੋਂ ਜਾ ਨਿਕਲੀ । ਛਾਂ ਕਰਕੇ, ਇੱਥੇ ਠੰਡ ਤੇ ਚੁਪ-ਚਾਂ ਸੀ । ਰੁੱਖਾਂ ਦੇ ਝੁਰਮਟ ਵਿੱਚੋਂ ਨਿਕਲੀਆਂ ਚੱਟਾਨਾਂ ਦਿੱਸਦੀਆਂ ਸਨ । ਮੁੱਖ ਸੜਕ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ, ਜੰਗਲ ਵਿੱਚੋਂ ਲੰਘਣਾ ਔਖਾ ਹੋ ਜਾਂਦਾ ਸੀ। ਝਾੜ ਤੇ ਵੇਲਾਂ ਇੱਕ ਇੱਕ ਟਹਿਣੀ ਨਾਲ ਚਮੁੱਟੀਆਂ ਹੋਈਆਂ ਸਨ। ਪਹਾੜੀ ਝਾੜੀਆਂ ਦੀਆਂ ਨੋਕਾਂ ਨਿਕਲੀਆਂ ਹੋਈਆਂ ਤੇ ਕਈ ਅਜਿਹੇ ਕੰਡਿਆਲੇ ਝਾੜ ਸਨ ਕਿ ਕੋਲੋਂ ਲੰਘਦਿਆਂ ਦੇ ਕੱਪੜੇ ਫੜ ਲੈਂਦੇ। ਇਹ ਰਿੱਛਾਂ, ਜੰਗਲੀ ਬਿੱਲੀਆਂ, ਜੰਗਲੀ ਬੱਕਰੀਆਂ, ਹਿਰਨਾਂ, ਤੇ ਬਿੱਲਿਆਂ ਦੇ ਮਿਆਉਂ ਮਿਆਉਂ ਕਰਨ ਦੀ ਠਾਹਰ ਸੀ। ਸੈਂਕੜੇ ਮੀਲਾਂ ਵਿੱਚ ਬੰਦੇ ਦੇ ਦਰਸ਼ਨ ਨਹੀਂ ਸਨ ਹੁੰਦੇ। ਕਸਾਕਾਂ ਦਾ ਕਿਤੇ ਨਿਸ਼ਾਨ ਤੱਕ ਨਹੀਂ ਸੀ।
ਕਿਸੇ ਵੇਲੇ ਇੱਥੇ ਸਰਕੇਸ਼ੀਅਨ ਪਹਾੜਾਂ ਦੀਆਂ ਵੱਖੀਆਂ ਉੱਤੇ, ਦੂਰ ਦੂਰ ਝੁੱਗੀਆਂ ਪਾ ਕੇ ਰਹਿੰਦੇ ਹੁੰਦੇ ਸਨ । ਕਿਤੇ ਕਿਤੇ ਪਗਡੰਡੀਆਂ ਚੱਟਾਨਾਂ ਤੇ ਜੰਗਲ ਵਿੱਚੋਂ ਵੱਲ ਖਾਂਦੀਆਂ, ਅੱਗੇ ਟੁਰੀਆਂ ਜਾਂਦੀਆਂ ਸਨ । ਹੇਠੋਂ ਦੰਦੀਆਂ ਥੱਲੇ, ਨਿੱਕੀਆਂ ਨਿੱਕੀਆਂ ਭੂਸਲੀਆਂ ਝੁੱਗੀਆਂ, ਆਲ੍ਹਣਿਆਂ ਵਾਂਗ ਲੱਗਦੀਆਂ ਸਨ । ਪਾਣੀ ਦੇ ਲਾਗੇ, ਜਿੱਥੇ ਥੋੜ੍ਹੀ ਬਹੁਤ ਜ਼ਮੀਨ ਸੀ, ਉੱਥੇ ਮੱਕੀ ਦੇ ਖੇਤ ਤੇ ਸੰਭਾਲ ਕੇ ਰੱਖੇ ਹੋਏ ਬਾਗ ਦਿੱਸਦੇ ਸਨ।
ਸੱਤਰ ਕੁ ਸਾਲ ਪਹਿਲਾਂ, ਜ਼ਾਰ ਦੀ ਸਰਕਾਰ ਨੇ ਸਰਕੇਸ਼ੀਅਨਾਂ ਨੂੰ ਤੁਰਕੀ ਵੱਲ ਧੱਕ ਦਿੱਤਾ ਸੀ। ਉਦੋਂ ਤੋਂ ਹੀ ਲਾਂਘਿਆਂ ਉੱਤੇ ਝਾੜ-ਝਖਾੜ ਉੱਗ ਆਏ, ਭਾਰੇ ਜੰਗਲ ਉੱਗ ਗਏ, ਮੀਲਾਂ ਵਿੱਚ, ਵੀਰਾਨ ਪਹਾੜ ਜੰਗਲੀ ਜਾਨਵਰਾਂ ਦੀ ਠਾਹਰ ਬਣ ਗਈ।
ਆਦਮੀਆਂ ਨੇ ਲੋਕਾਂ ਦੁਆਲੇ ਰੱਸੀਆਂ ਵਲ੍ਹੇਟ ਲਈਆਂ ਸਨ, ਰਾਸ਼ਨ ਮੁੱਕਦਾ ਜਾ ਰਿਹਾ ਸੀ।
ਛੱਕੜੇ ਚੀਂ ਚੀਂ ਚੂਕਦੇ ਟੁਰੀ ਜਾ ਰਹੇ ਸਨ ਤੇ ਫੱਟੜ ਉਹਨਾਂ ਨਾਲ ਚੰਬੜੇ, ਆਪਣੇ ਆਪ ਨੂੰ ਨਾਲ ਨਾਲ ਧੂਹਦੇ ਟੁਰੀ ਜਾ ਰਹੇ ਸਨ । ਛੱਕੜਿਆਂ ਵਿੱਚੋਂ ਬੱਚੇ ਸਿਰ ਚੁੱਕ ਚੁੱਕ ਬਾਕੀ ਜਾਂਦੇ ਸਨ ਤੇ ਇੱਕੋ ਤੋਪ ਨੂੰ ਖਿੱਚਦੇ, ਜੇਤਰਾਂ ਵਿੱਚ ਘੋੜਿਆਂ ਦਾ ਬੁਰਾ ਹਾਲ ਹੋ ਰਿਹਾ ਸੀ।
ਵੱਲ ਖਾਂਦੀ ਮੁੱਖ ਸੜਕ ਸਮੁੰਦਰ ਵੱਲ ਮੁੜਨ ਲੱਗ ਪਈ । ਦੂਰ ਦੂਰ ਤੱਕ ਸੁਰਮਈ ਫੈਲਾਅ ਵਿੱਚ, ਸੂਰਜ ਦਾ ਰਾਹ ਝਿਲ ਮਿਲ ਝਿਲ ਮਿਲ ਕਰੀ ਜਾ ਰਿਹਾ ਸੀ।
ਲਿਸ਼ ਲਿਸ਼ ਕਰਦੀਆਂ ਲਹਿਰਾਂ, ਦੂਰੋਂ ਵੱਟੇ ਵੱਟ ਹੋਈਆਂ, ਕੰਢੇ ਦੇ ਗੀਟਿਆਂ ਨਾਲ ਖਹਿ ਰਹੀਆਂ ਸਨ।
ਇੱਕ ਪਲ ਚੁੱਕੇ ਬਿਨਾਂ, ਕਾਫ਼ਲਾ ਮੁੱਖ ਸੜਕ ਉੱਤੇ ਪੈਂਡੇ ਪਿਆ ਹੋਇਆ ਸੀ। ਜਵਾਨ ਗੱਭਰੂ, ਕੁੜੀਆਂ, ਬੱਚੇ ਤੇ ਫੱਟੜ, ਜੋ ਟੁਰ ਸਕਦੇ ਸਨ, ਆਪਣੇ ਪਾਟੇ ਪੁਰਾਣੇ ਕੱਪੜੇ ਲਾਹ ਕੇ ਢਲਾਨ ਤੋਂ ਰਿੜ੍ਹਦੇ - ਪਜਾਮੇ, ਸਕਰਟਾਂ ਕਮੀਜ਼ਾਂ ਸਾਂਭਦੇ ਤੇ ਰਫ਼ਲਾਂ ਨੂੰ ਸਾਂਭਦੇ ਸਿਕਰਦੇ, ਸਾਫ਼ ਸੁਥਰੇ ਪਾਣੀ ਵਿੱਚ ਵੜ ਗਏ। ਉਹਨਾਂ ਦੇ ਪਾਣੀ ਵਿੱਚ ਵੜਨ ਦੀਆਂ ਛੋਹ ਨਾਲ, ਸੂਰਜ ਦੀਆਂ ਕਿਰਨਾਂ ਵਿੱਚ ਬਣੀ ਸਤਰੰਗੀ ਪੀਂਘ, ਜਿਉਂ ਟੋਟੇ ਹੋ ਗਈ। ਨਹਾਉਣ ਵਾਲੇ ਛਾਲਾਂ ਮਾਰ ਮਾਰ ਕੇ ਉੱਚੀ ਉੱਚੀ ਰੋਲਾ ਪਾਂਦੇ, ਇੱਕ ਦੂਜੇ ਉੱਪਰ ਹੱਥਾਂ ਨਾਲ ਉਛਾਲ ਉਛਾਲ ਪਾਣੀ ਸੁੱਟਣ ਲੱਗ ਪਏ। ਇੱਕ ਵੇਰ ਫੇਰ ਚਿਹਰਿਆਂ ਉੱਤੇ ਖੁਸ਼ੀ ਥਿਰਕਣ ਲੱਗ ਪਈ । ਸਾਹਿਲ ਦੇ ਕੰਢੇ, ਜ਼ਿੰਦਗੀ ਨੱਚ ਉੱਠੀ।