

ਸ਼ਾਮੀ ਗਵਰਨੈਸ ਰੂਬੇਵਾ ਤੇ ਮੁਨਾ ਆਈਆਂ ਤਾਂ ਬੜਾ ਸੁਹਣਾ ਬੁੱਤ ਦਿਖਾਇਆ ਜਿਹੜਾ ਮਹਾਰਾਣੀ ਨੇ ਰਾਸਪੁਤਿਨ ਨੂੰ ਤੁਹਵੇ ਵਜੋਂ ਭੇਜਿਆ ਸੀ। ਇਸ ਦੇ ਪਿਛੇ ਮਹਾਰਾਣੀ ਨੇ, ਯੁਵਰਾਜ ਨੇ ਅਤੇ ਯੁਵਰਾਣੀਆਂ ਨੇ ਦਸਖਤ ਕੀਤੇ ਹੋਏ ਹਨ।
ਉਸਨੇ ਰੁਬੇਵਾ ਤੇ ਮੁਨਾ ਨੂੰ ਦੱਸਿਆ ਕਿ ਦੇਰ ਰਾਤ ਨੂੰ ਯੁਸੋਪੇਵ ਨੇ ਬੁਲਾਇਆ ਹੈ। ਇਰੀਨਾ ਦੀ ਤਬੀਅਤ ਠੀਕ ਨਹੀਂ। ਕੁੜੀਆਂ ਗੁਸੇ ਨਾਲ ਬੋਲੀਆਂ- ਰਾਤ ਨੂੰ ਕਿਉਂ ਬੁਲਾਇਐ ਉਹਨੇ? ਦਿਨ ਵਿਚ ਬੁਲਾਉਂਦਿਆਂ ਬਦਨਾਮੀ ਹੁੰਦੀ ਹੈ? ਰਾਤੀਂ ਨਹੀਂ ਜਾਣਾ ਉਥੇ। ਰਾਸਪੂਤਿਨ ਨੇ ਕਿਹਾ- ਠੀਕ ਐ, ਠੀਕ ਐ। ਨਹੀਂ ਜਾਂਦਾ।
ਰਾਤ ਪੈਣ ਲੱਗੀ, ਇਸ਼ਨਾਨ ਕਰਕੇ ਮਖਮਲ ਦੇ ਨਵੇਂ ਵਸਤਰ ਪਹਿਨੇ। ਨਵੇਂ ਬੂਟ ਪਾਏ। ਕਢਾਈ ਕੀਤੀ ਰੇਸ਼ਮੀ ਕਮੀਜ਼ ਪਹਿਨੀ, ਲੱਕ ਦੁਆਲੇ ਨਾਭੀ ਕਮਰ-ਬੰਦ ਲਪੇਟਿਆ। ਨੌਕਰਾਣੀ ਇਵਾਨੇਵਾ ਨੂੰ ਕਿਹਾ- ਛੋਟੂ ਵੱਲ ਜਾਵਾਂਗਾ। ਚੰਗਾ ?
ਇਸ ਦਿਨ ਸਵੇਰਸਾਰ ਕੰਵਰ ਯੂਸੇਪੇਵ ਵੀ ਗਿਰਜੇ ਵਿਚ ਮੱਥਾ ਟੇਕਣ ਗਿਆ ਸੀ ਕਿਉਂਕਿ ਪਵਿਤਰ ਕਾਰਜ ਨਿਭਾਉਣਾ ਸੀ। ਫਿਰ ਉਹ ਉਸ ਕਮਰੇ ਦੀ ਇੰਸਪੇਕਸ਼ਨ ਕਰਨ ਗਿਆ ਜਿਥੇ ਰਾਸਪੂਤਿਨ ਨੂੰ ਮਾਰਨਾ ਸੀ। ਰਾਤ ਪਈ ਤਾਂ ਉਹ ਮਹਿਲ ਦੇ ਪਿਛਲੇ ਪਸਿਓਂ ਦੀ ਸਾਧ ਨੂੰ ਅੰਦਰ ਲੈ ਕੇ ਆਏਗਾ ਤਾਂ ਕਿ ਕੋਈ ਦੇਖੇ ਨਾ। ਮਹਿਲ ਦੇ ਇਕ ਕੋਨੇ ਵਿਚ ਉਚੀ ਆਵਾਜ਼ ਵਿਚ ਗ੍ਰਾਮਵਨ ਵਜੇਗਾ, ਦੱਸਾਂਗੇ ਕਿ ਪਾਰਟੀ ਹੋ ਰਹੀ ਹੈ, ਇਰੀਨਾ ਉਧਰ ਹੈ, ਕਿ ਪੀਣ ਖਾਣ ਤੋਂ ਪਿਛੋਂ ਉਸ ਨੂੰ ਮਿਲਾਵਾਂਗ। ਰਾਤ ਦੇ ਗਿਆਰਾਂ ਵਜੇ ਟੀਮ ਦੇ ਬਾਕੀ ਮੈਂਬਰ ਪੁੱਜ ਗਏ। ਡਾਕਟਰ ਨੇ ਦਸਤਾਨੇ ਪਹਿਨਕੋ ਕਰੀਮ ਬਿਸਕੁਟਾਂ ਅਤੇ ਕੇਕ ਉਪਰ ਸਾਇਨਾਈਡ ਧੂੜਿਆ। ਫਿਰ ਦੂਜੇ ਕਮਰੇ ਵਿਚ ਚਲੇ ਗਏ। ਵਿਸਕੀ ਵਾਲੇ ਗਲਾਸਾਂ ਵਿਚ ਸਾਇਨਾਈਡ ਪਾਇਆ। ਇਹ ਧਿਆਨ ਰੱਖਿਆ ਗਿਆ ਕਿ ਦੇਰ ਤਕ ਪਿਆ ਰਹੇ ਤਾਂ ਜ਼ਹਿਰ ਉਡ ਜਾਂਦਾ ਹੈ। ਉਦੋਂ ਧੂੜਿਆ ਜਦੋਂ ਰਾਸਪੁਤਿਨ ਨੂੰ ਦੇਣਾ ਸੀ। ਯੁਸੂਪੇਵ ਨੇ ਕਿਹਾ- ਇੰਨੇ ਕੁ ਜ਼ਹਿਰ ਨਾਲ ਮਰ ਵੀ ਜਾਊਗਾ ਉਹ? ਡਾਕਟਰ ਹੱਸ ਪਿਆ- ਇਕ ਵਾਰੀ ਨਹੀਂ, ਦੱਸ ਵਾਰ ਮਰੇਗਾ ਇਸ ਨਾਲ ਤਾਂ।
ਡਿਊਕ ਰਾਸਪੁਤਿਨ ਦੇ ਘਰ ਪੁੱਜਾ, ਘੰਟੀ ਮਾਰੀ, ਰਾਸਪੁਤਿਨ ਨੇ ਕਿਹਾ- ਇਕੱਲਾ ਈ ਆਂ ਛੋਟੂ, ਉਪਰ ਆ ਜਾਹ, ਬਚੇ ਸੋ ਗਏ ਹਨ। ਨੌਕਰਾਣੀ ਜਾਗਦੀ ਸੀ। ਉਸਨੇ ਇਹ ਗੱਲਾਂ ਸੁਣੀਆਂ ਤੇ ਦੋਵਾਂ ਨੂੰ ਬਾਹਰ ਨਿਕਲਦਿਆਂ ਦੇਖਿਆ। ਮਹਿਲ ਵਿਚ ਪੁੱਜ ਗਏ। ਨਿਘੇ ਕਮਰੇ ਵਿਚ ਬੈਠੇ। ਕੰਵਰ ਨਾਲ ਦੇ ਕਮਰੇ ਵਿਚੋਂ ਬਿਸਕੁਟਾਂ ਦੀ ਪਲੇਟ ਲਿਆਇਆ। ਰਾਸਪੂਤਿਨ ਨੇ ਖਾਣ ਤੋਂ ਇਨਕਾਰ ਕਰ ਦਿੱਤਾ। ਫਿਰ ਕੇਕ ਪੇਸ਼ ਕੀਤਾ ਤਾਂ ਸਾਧ ਨੇ ਇਹ ਕਹਿ ਕੇ ਮਨ੍ਹਾਂ ਕਰ ਦਿਤਾ- ਮੇਰੀ ਧੀ ਨੇ ਕਿਹਾ ਹੋਇਐ ਏਨਾ ਮਿੱਠਾ ਨਹੀਂ ਖਾਣਾ।