

ਨਿਕਲ ਜਾਣ ਪਿਛੋਂ ਬਾਰਸ਼ਾਂ ਖੁੱਲ੍ਹੀਆਂ ਤੋਂ, ਚਰਨ ਪਾਓ ਤਾਂ ਕਿੰਨਾ ਚੰਗਾ ਹੋਵੇ ਜੋ ? ਮਹਾਰਾਜ ਨੇ ਫੁਰਮਾਇਆ- ਹੁਣ ਤਾਂ ਹੋ ਗਏ ਹਨ ਬਚਨ। ਮਿਥੇ ਦਿਨ ਅਠਾਰਾ ਜੇਠ ਨੂੰ ਪੁੱਜਾਂਗੇ। ਸੱਤ ਦਿਨ ਰਹਾਂਗੇ। ਸਭ ਠੀਕ ਹੋਵੇਗਾ, ਫਿਕਰ ਨਹੀਂ ਕਰਨਾ ਕੋਈ।
ਤਲਵੰਡੀ ਸਾਬੋ ਭਾਈ ਡੱਲਾ ਸਿੰਘ ਦੀ ਹਵੇਲੀ ਤਾਂ ਸੁਹਣੀ ਸੀ, ਇਥੇ ਇਸ ਪਿੰਡ ਵਿਚ, ਪਿੰਡ ਵਾਸੀਆ ਦੀ ਅਜੇ ਸਾਦੀ ਜਿਹੀ ਰਿਹਾਇਸ਼ ਸੀ। ਦਸਮ ਪਾਤਸ਼ਾਹ ਆਮ ਤੌਰ ਤੇ ਕਿਸੇ ਦੀ ਹਵੇਲੀ ਵਿਚ ਠਹਿਰਨ ਦੀ ਥਾਂ ਬਾਹਰ ਖੁੱਲ੍ਹੇ ਥਾਂ ਤੰਬੂ ਵਿਚ ਯਾਮ ਕਰਿਆ ਕਰਦੇ ਸਨ। ਗੁਰੂ ਜੀ ਦੇ ਮਹਿਲ ਭਾਈ ਡੱਲਾ ਸਿੰਘ ਜੀ ਦੀ ਹਵੇਲੀ ਤਲਵੰਡੀ ਵਿਚ ਠਹਿਰੇ ਸਨ ਤੇ ਖੁਦ ਮਹਾਰਾਜ ਨੇ ਭਾਈ ਡੱਲਾ ਸਿੰਘ ਨਾਲ ਬਾਹਰ ਤੰਬੂਆਂ ਵਿਚ ਟਿਕਾਣਾ ਕੀਤਾ ਸੀ। ਖੈਰ, ਚੱਕ ਫਤਿਹ ਸਿੰਘ ਵਾਲਾ ਦੇ ਵਸਨੀਕਾਂ ਨੇ ਪਿੰਡ ਦੇ ਬਾਹਰ ਛੱਪੜ ਦੇ ਕਿਨਾਰੇ ਝੁੰਬ ਦਾ ਇਕ ਹਿਸਾ ਸਾਫ਼ ਕਰਕੇ ਤੰਬੂ ਤਾਣ ਦਿੱਤੇ । ਆਲੇ ਦੁਆਲੇ ਦੀ ਖੂਬ ਸੇਵਾ ਸਫਾਈ ਕੀਤੀ । ਘੜਿਆਂ ਨਾਲ ਦੂਰ ਦੂਰ ਤੱਕ ਪਾਣੀ ਦਾ ਛਿੜਕਾਅ ਕਰ ਦਿੱਤਾ। ਜਿਸ ਘਰ ਵਿਚ ਕੋਈ ਵੀ ਕੀਮਤੀ ਵਸਤਰ ਸੀ, ਲੈ ਆਏ। ਗੁਰੂ ਜੀ ਦੇ ਬਿਰਾਜਮਾਨ ਹੋਣ ਲਈ ਸੁੰਦਰ ਪੀਹੜਾ ਤਿਆਰ ਕੀਤਾ ਗਿਆ। ਸੰਗਤ ਵਾਸਤੇ ਦਰੀਆਂ, ਫੁਲਕਾਰੀਆਂ ਵਿਛਾ ਦਿੱਤੀਆਂ।
ਮਹਾਰਾਜ ਨਿਸ਼ਚਿਤ ਦਿਨ ਤਸ਼ਰੀਫ ਲਿਆਏ। ਉਨ੍ਹਾਂ ਦੇ ਕਦਮ ਰੱਖਣ ਵਕਤ ਛਿੜਕੇ ਮੈਦਾਨ ਵਿਚੋਂ ਠੰਢੀ ਹਵਾ ਦਾ ਬੁੱਲਾ ਆਇਆ ਤਾਂ ਭਾਈ ਫਤਿਹ ਸਿੰਘ ਨੂੰ ਹੱਸ ਕੇ ਕਿਹਾ - ਤੁਸੀਂ ਤਾਂ ਭਾਈ ਆਖਦੇ ਸੀ ਗਰਮੀ ਬਹੁਤ ਹੈ, ਮੁਸ਼ਕਲ ਆਏਗੀ। ਇਹ ਪਿੰਡ ਤਾਂ ਪਾਉਂਟਾ ਸਾਹਿਬ ਬਣਿਆ ਪਿਆ ਹੈ। ਉਸੇ ਦਿਨ ਤੋਂ ਇਸ ਇਤਿਹਾਸਕ ਸਥਾਨ ਦਾ ਨਾਮ ਪਾਉਂਟਾ ਸਾਹਿਬ ਪੈ ਗਿਆ। ਪੱਚੀ ਜੇਠ ਨੂੰ ਮਹਾਰਾਜ ਵਾਪਸ ਪਰਤ ਗਏ। ਮੇਜ਼ਬਾਨ ਪਰਿਵਾਰ ਪਾਸ ਮਾਤਾ ਸੁੰਦਰੀ ਜੀ ਦੇ ਵਸਤਰ, ਜੋੜੇ ਅਤੇ ਪੀਹੜਾ ਸੰਭਾਲ ਕੇ ਰੱਖੇ ਹੋਏ ਹਨ। ਗੁਰੂ ਜੀ ਬਰਾਸਤਾ ਸ਼ਮੀਰ ਇਸ ਚੱਕ ਵਿਚ ਆਏ ਤੇ ਵਾਪਸੀ ਵਕਤ ਭੁਚੋ, ਭਾਗੂ, ਕਿਲ੍ਹਾ ਬਠਿੰਡਾ ਤੋਂ ਸ਼ਮੀਰ ਹੁੰਦੇ ਹੋਏ ਤਲਵੰਡੀ ਪਰਤੇ।
ਇਹ ਪਰਿਵਾਰ ਤਲਵੰਡੀ ਸਾਬੋ ਅਕਸਰ ਗੁਰੂ ਜੀ ਦੇ ਦਰਸ਼ਨਾ ਲਈ ਆਉਂਦਾ ਜਾਂਦਾ ਰਹਿੰਦਾ। ਜਦੋਂ ਮਹਾਰਾਜ ਦੱਖਣ ਵੱਲ ਕੂਚ ਕਰਨ ਲਗੇ, ਉਨ੍ਹਾਂ ਨੇ ਭਾਈ ਰਾਮ ਸਿੰਘ ਨੂੰ ਨਾਲ ਚੱਲਣ ਲਈ ਕਿਹਾ। ਰਾਮ ਸਿੰਘ ਜੀ ਨੇ ਕੁਝ ਹਿਚਕਚਾਹਟ ਦਿਖਾਈ। ਕਾਰਨ ਪੁੱਛਣ ਤੇ ਦੱਸਿਆ- ਮੇਰੀਆ ਘੋੜੀਆਂ ਸੂਣ ਵਾਲੀਆਂ ਹਨ ਮਹਾਰਾਜ, ਮੈਨੂੰ ਖਿਮਾ ਕਰ ਦਿਉ। ਗੁਰੂ ਜੀ ਨੇ ਮੁਸਕਾਂਦਿਆਂ ਕਿਹਾ - ਏਨਾ ਪਿਆਰ ਤਾਂ ਘੋੜੀਆਂ ਅਪਣੇ ਵਛੇਰਿਆ ਵਛੇਰੀਆਂ ਨੂੰ ਨਹੀਂ ਕਰਦੀਆਂ ਜਿੰਨਾ ਤੁਸੀਂ ਘੋੜੀਆਂ ਨੂੰ ਕਰਦੇ ਹੋ। ਇੰਨਾਂ ਮੋਹ ਵੀ ਕਿਸ ਅਰਥ ? ਚਲੋ ਜੋ ਵਾਹਿਗੁਰੂ ਨੂੰ ਭਾਵੇ। ਉਹ ਕੂਚ ਕਰ ਗਏ। ਭਾਈ ਰਾਮ ਸਿੰਘ ਵਾਪਸ ਘਰ ਆ ਗਏ। ਘੋੜੀਆਂ ਸੁੰਦੀਆਂ ਤਾਂ ਸਹੀ ਪਰ ਉਨ੍ਹਾਂ ਨੇ ਅਪਣੇ ਵਛੇਰਿਆਂ ਵਛੇਰੀਆਂ ਨੂੰ ਲਿਆ ਨਾ। ਪਛਾਣਿਆਂ ਈ ਨਾ। ਉਦੋਂ ਤੋਂ ਇਹੀ ਹੁੰਦਾ ਚਲਿਆ ਆ ਰਿਹੇ। ਪਿੰਡ ਵਸਨੀਕਾ ਨੇ ਬਥੇਰੀ ਵਾਰ ਘੋੜੀਆਂ ਲਿਆ ਲਿਆ ਰੱਖੀਆਂ। ਇਸ ਪਿੰਡ ਵਿਚ ਜਾਈ ਅਪਣੀ ਸੰਤਾਨ ਨੂੰ ਘੋੜੀ ਲੈਂਦੀ ਨਹੀਂ।