ਬੂਟੀਆਂ ਵਾਲਾ ਸੂਟ
ਓਹਨੇ ਦਰਵਾਜ਼ੇ 'ਚ ਵੜਦਿਆਂ ਸਾਫ਼ੇ ਨਾਲ ਮੁੜਕਾ ਸਾਫ਼ ਕਰਦੇ ਹੋਏ ਪੁੱਛਿਆ, "ਦੱਸ ਚਰਨੋ ਕੀ ਲੈਣਾ ਐਂਤਕੀਂ.. ਫ਼ਸਲ ਬਲ੍ਹਾ ਸੋਹਣੀ ਹੋਈ ਆ। ਕੋਈ ਟੂਮ ਛੱਲਾ ਕਰਾਉਣਾ ਤਾਂ ਦੱਸ।" ਚਰਨੋ ਨੇ ਆਟਾ ਗੁੰਨਦੀ ਨੇ ਵਿੱਚੇ ਕੰਮ ਛੱਡ ਪਾਣੀ ਦਾ ਗਲਾਸ ਭਰ ਉਸਨੂੰ ਫੜਾਦਿਆਂ ਕਿਹਾ, "ਮੈਂ ਨਿੱਕੀਆਂ ਬੂਟੀਆਂ ਵਾਲਾ ਸੂਟ ਲੈਣਾ, ਬਹੁਤ ਰੀਝ ਆ ਮੇਰੀ.. ਅਗਲੇ ਸ਼ੁੱਕਰਵਾਰ ਪਿੰਡ ਵੀ ਜਾਣਾ ਤੇ ਸਵਾ ਕੇ ਨਵਾਂ ਸੂਟ ਪਾ ਕੇ ਜਾਊ .." ਉਸਨੇ ਚਰਨੋ ਦੇ ਚਿਹਰੇ ਤੇ ਅਜੀਬ ਖੁਸ਼ੀ ਦੇਖੀ ਤੇ ਪਾਣੀ ਦਾ ਗਲਾਸ ਇੱਕੋ ਸਾਹੇ ਖਿੱਚ ਕੇ ਕਿਹਾ, "ਚੱਲ ਰੋਟੀ ਟੁੱਕ ਕਰਲਾ ਤੇ ਚੱਲਦੇ ਆ ਫਿਰ ਸ਼ਹਿਰ.. ਮੈਂ ਓਨਾ ਚਿਰ ਮੱਝਾਂ ਨੁਵਾ ਦੇਵਾਂ।" ਦੋਵੇਂ ਜਾਣੇ ਆਹਰ ਲੱਗ ਗਏ ਤੇ ਫਿਰ ਤਿਆਰ ਹੋ ਗਏ ਸ਼ਹਿਰ ਜਾਣ ਨੂੰ।
ਓਹਨੇ ਸਕੂਟਰ ਕੱਢਿਆ ਤੇ ਸ਼ਹਿਰ ਵੱਲ ਚੱਲ ਪਏ। ਸਾਰੇ ਰਾਹ ਚਰਨੋ ਸੂਟਾਂ ਬਾਰੇ ਸੋਚਦੀ ਗਈ ਕਿ ਕਿਹੜਾ ਸੂਟ ਬਣਾਵਾਂਗੀ। ਫਿਰ ਚਰਨੋ ਨੇ ਮੋਢਾ ਹਲੂਣ ਉਹਨੂੰ ਪੁੱਛਿਆ," ਕਿਹੜਾ ਰੰਗ ਲਵਾਂ ਸੂਟ ਦਾ... " ਉਹ ਕਹਿੰਦਾ, "ਲਾਲ ਰੰਗ ਜੱਚਦਾ ਤੈਨੂੰ..।" ਚਰਨੋ ਨੇ ਠਾਣ ਲਈ ਕਿ ਲਾਲ ਰੰਗ ਦਾ ਸੂਟ ਬਣਾਊਂਗੀ। ਦੁਕਾਨ 'ਤੇ ਚਰਨੋ ਨੇ ਪਹਿਲੀ ਨਜ਼ਰੇ ਹੀ ਚਿੱਟਾ ਤੇ ਲਾਲ ਬੂਟੀਆਂ ਵਾਲਾ ਸੂਟ ਲੈ ਲਿਆ । ਜਿਸ ਨਾਲ ਲਾਲ ਸੂਹਾ ਦੁਪੱਟਾ ਸੀ।
ਸੂਟ ਲੈ ਕੇ ਘਰ ਨੂੰ ਆਉਂਦਿਆਂ ਉਹਨਾਂ ਦਾ ਐਕਸੀਡੈਂਟ ਹੋ ਗਿਆ। ਚਰਨੋ ਸਿਰ 'ਚ ਸੱਟ ਲੱਗਣ ਤੇ ਥਾਏਂ ਦਮ ਤੋੜ ਗਈ ਤੇ ਉਹਦੇ ਸੱਟਾਂ ਲੱਗੀਆਂ ਪਰ ਉਹ ਬਚ ਗਿਆ। ਚਰਨੋ ਦਾ ਸੰਸਕਾਰ ਕਰਨ ਤੋਂ ਪਹਿਲਾਂ ਉਹਨੇ ਬੂਟੀਆਂ ਵਾਲਾ ਸੂਟ ਕਫ਼ਨ ਸਵਾ ਆਵਦੀ ਸੱਸ ਦੇ ਹੱਥ ਫੜਾ ਦਿੱਤਾ। ਨਵਾ ਕੇ ਜਦ ਚਰਨੋ ਦੇ ਲੀੜੇ ਪਾਏ ਤਾਂ ਇਕੱਲੀ-ਇਕੱਲੀ ਬੁੜੀ ਨੇ ਵਿਚਾਰ ਕੀਤੀ, "ਕੁੜੇ ਸੁਹਾਗਣ ਮਰੀ ਆ,ਚਿੱਟਾ ਲੀੜਾ ਕਾਹਤੋਂ ਪਾਇਆ ਵਿਚਾਰੀ ਦੇ। ਜਾਂਦੀ ਵਾਰੀ ਤਾਂ ਕੋਈ ਸੂਹਾ ਰੰਗ ਪਾ ਦਿੰਦੇ। ਐਂਵੇਂ ਲੱਗਦਾ ਜਿਵੇਂ ਘਰੋਂ ਕੱਢ ਕੇ ਸਵਾਤਾ। ਮੁਟਿਆਰ ਜਹਾਨ ਸੀ, ਚਿੱਟਾ ਰੰਗ ਕੀ ਸੋਂਹਦਾ।"