ਹੀਰ
ਧੀ : ਮਾਂ ਇਹ ਹੀਰ ਕੌਣ ਸੀ ?
ਮਾਂ : ਜਵਾਨੀ ਵੇਲੇ ਮੈਨੂੰ ਹੀਰ ਮੇਰੀ ਭੈਣ ਵਰਗੀ ਲੱਗਦੀ ਸੀ...।
ਧੀ : ਹੁਣ ਨਹੀਂ ਲੱਗਦੀ ?
ਮਾਂ : ਨਾ ਹੁਣ ਉਹ ਕਿਸੇ ਚੰਦਰੀ ਸਹੇਲੀ ਵਰਗੀ ਲੱਗਦੀ ਏ, ਜਿਸਦਾ ਮੈਂ ਧੀਆਂ ਤੇ ਪਰਛਾਵਾਂ ਪੈਣ ਤੋਂ ਵੀ ਡਰਦੀ ਹਾਂ....।
ਧੀ : ਮਾਂ ਮੈਨੂੰ ਬਹੁਤ ਪਸੰਦ ਆ ਹੀਰ ਰਾਂਝੇ ਦੀ ਕਹਾਣੀ...।
ਮਾਂ: ਤੂੰ ਕਿੱਥੇ ਪੜ੍ਹੀ?
ਧੀ : ਮੇਰੀ ਪੰਜਾਬੀ ਦੀ ਕਿਤਾਬ 'ਚ ਹੈ ਤਾਂ ਹੈ।
ਮਾਂ : ਬੋਰਡਾਂ ਵਾਲੇ ਮੱਚੜੇ ਜੁਆਕਾਂ ਨੂੰ ਵਿਗਾੜਨ ਦੀ ਵੀ ਕੋਈ ਕਸਰ ਨਹੀਂ ਛੱਡਦੇ।
ਧੀ : ਤੂੰ ਪੜਿਆ ਉਹਨਾਂ ਦਾ ਸਾਰਾ ਕਿੱਸਾ ਮਾਂ ?
ਮਾਂ : ਹਾਂ, ਬਾਪੂ ਜੀ ਤੋਂ ਚੋਰੀ ਕਿਸੇ ਸਹੇਲੀ ਤੋਂ ਲਿਆ ਕੇ ਕਿਤਾਬ ਪੜ੍ਹੀ ਸੀ
ਧੀ : ਮਾਂ ਤੂੰ ਵੀ ਕਿਸੇ ਨੂੰ ਚੂਰੀ ਖਵਾਈ ਸੀ ਚੋਰੀ-ਚੋਰੀ ???
ਮਾਂ : ਫਾਲਤੂ ਬਕਵਾਸ ਨਾ ਕਰਿਆ ਕਰ, ਗੁੱਤ ਗੁੰਦਤੀ ਜਾ ਅੰਦਰ ਜਾ ਕੇ ਰਿਬਨ ਪਾ ਲੈ ਤੇ ਟੈਮ ਨਾਲ ਸਕੂਲ ਜਾ ਤੇ ਸੁਣ ਏਹ ਹੀਰ ਵਾਲੇ ਕਿੱਸੇ ਦਿਮਾਗ 'ਚੋਂ ਕੱਢ ਦੇ... ਮਾਂ ਨੇ ਰਸੋਈ 'ਚ ਜਾ ਧੀ ਲਈ ਕੁੱਟੀ ਚੂਰੀ ਵੰਡ ਵਾਲੇ ਤੌੜੇ 'ਚ ਪਾ ਦਿੱਤੀ ਸ਼ਾਇਦ ਕੁਛ ਪਿਛਲਾ ਯਾਦ ਆ ਗਿਆ ਸੀ...।