ਗਾਂਢਾ-ਸਾਂਢਾ
ਮੰਜੇ ਦੀ ਪੈਂਦ ਕਸਦੀ ਨੇ ਉਹਨੇ ਚਾਹ ਪੀਂਦੇ ਕਰਮੇ ਨੂੰ ਸਹਿ ਸੁਭਾਏ ਪੁੱਛਿਆ, "ਫ਼ਸਲ ਸੋਹਣੀ ਹੋਈ ਏ ਹਨਾ ਇਸ ਵਾਰ..." ਕਰਮਾ ਕਹਿੰਦਾ, "ਹਾਂ..." ਫਿਰ ਇਸ ਵਾਰ ਮੈਨੂੰ ਨਾ ਉਹ...” ਫ਼ਰਮਾਇਸ਼ ਕਰਦੀ ਕਰਦੀ ਅਮਰੋ ਰੁਕ ਗਈ। ਕਰਮ ਨੂੰ ਕਿਸੇ ਦਾ ਫੋਨ ਆ ਗਿਆ ਸੀ।
ਫੋਨ ਕੱਟ ਕੇ ਕਰਮੇ ਦੇ ਚਿਹਰੇ ਦੀ ਉਦਾਸੀ ਪੜ੍ਹਦਿਆਂ ਉਹਨੇ ਪੁੱਛਿਆ, “ਕੀ ਹੋਇਆ ? "ਕਰਮਾ ਪਰਨਾ ਢਾਹ ਕੇ ਲੜ੍ਹ ਫੜ ਦੁਬਾਰਾ ਬੰਨ੍ਹਦਾ ਹੋਇਆ ਕਹਿੰਦਾ, “ਆਪਣੇ ਪੁੱਤ ਸ਼ਰਨੇ ਲਈ ਜੋ ਬਾਹਰਲੀ ਕੁੜੀ ਦੀ ਦੱਸ ਪਈ ਸੀ। ਘਰ ਵੇਖਣ ਆਏ ਸੀ ਜਿਹੜੇ .. ਉਹ ਕਹਿੰਦੇ ਕਿ ਵਿਆਹ ਤਾਂ ਅਸੀਂ ਕਰਦਾਂਗੇ ਪਰ ਕੁੜੀ ਦੀ ਫੀਸ ਜੋ ਅਸੀਂ ਭਰੀ ਆ, ਉਹ ਫ਼ੀਸ ਦੇ ਪੈਹੇ ਸਾਨੂੰ ਦੇਣੇ ਪੈਣਗੇ.. 15 ਲੱਖ ਕਹਿੰਦੇ ਆ ਕਿ ਬੀ ਐਨਾ ਖਰਚਾ ਹੋ ਗਿਆ ਵੀਜ਼ੇ ਤੀਕ।"
ਅਮਰੋ ਨੇ ਕਰਮੇ ਦੀ ਸਾਰੀ ਉਦਾਸੀ ਆਵਦੀਆਂ ਅੱਖਾਂ 'ਚ ਭਰ ਕੇ ਕਿਹਾ, "ਰਹਿਣ ਦੋ...ਹੋਰ ਜਿੱਥੇ ਸੰਯੋਗ ਹੋਇਆ ਹੋਜੂਗਾ...ਕੁੜੀ ਵੀ ਵਿਆਹੁਣੀ ਏ।" ਕਰਮੇ ਨੇ ਅਮਰੋ ਦੀ ਗੱਲ ਵਿੱਚੇ ਕੱਟ ਕਿਹਾ, 'ਤੂੰ ਕੀ ਆਖਦੀ ਸੀ ਲੈਣ ਨੂੰ..." ਅਮਰੋ ਕਹਿੰਦੀ, “ਕੁਛ ਨਹੀਂ...” ਪੈਂਦ ਕਸ ਕੇ ਅਮਰੋ ਪੇਟੀਆਂ ਤੋਂ ਲਾਹੇ ਦੋੜੇ ਧੋਣ ਬਾਹਰਲੇ ਘਰ ਚਲੀ ਗਈ ਤੇ ਕੱਪੜੇ ਧੋਣ ਵਾਲੀ ਮਸ਼ੀਨ ਲੈਣ ਵਾਲੀ ਰੀਝ ਮਨ 'ਚ ਦੱਬ ਲਈ ਤੇ ਅਗਲੇ ਸਿਆਲ ਦੀ ਫ਼ਸਲ ਨਾਲ ਗਾਂਢਾ-ਸਾਂਢਾ ਕਰ ਲਿਆ।