

ਤਕਲੀਫ ਦਾ ਵਾਸ ਹੋਣਾ ਚਾਹੀਦਾ ਸੀ, ਮਾਨ ਸਰੋਵਰ ਵਾਙ ਨਿਰਮਲ ਹੈ, ਅਤੇ ਸ਼ੁਕਰ ਤੇ ਅਨੰਦ ਵਿਚ ਪਿਆਰੇ ਪਿਤਾ ਜੀ ਦੇ ਚਰਨਾਂ ਕਮਲਾਂ ਵਿਚ ਲੀਨ ਹੈ:-
'ਚੁਭੀ ਰਹੀ ਸੁਰਤਿ ਪ੍ਰਭ ਚਰਨਨ ਮਹਿ
ਉਹ ਸੁਰਤ ਪਿਆਰੇ ਦੇ ਚਰਨਾਂ ਵਿਚ ਚੁਭੀ ਰਹਿੰਦੀ ਹੈ। ਉਨ੍ਹਾਂ ਦੀ ਸੁਰਤ ਉੱਚੀ ਹੈ, ਨਾ ਮਾਰਨ ਵਿਚ ਨਾ ਮਰਨ ਵਿਚ, ਨਾ ਦੁਖ ਦੇਣ ਵਿਚ ਨਾ ਪਾਣ ਵਿਚ, ਪੂਰਨ ਚੜ੍ਹਦੇ ਸੁਮੇਰ ਤੇ ਬਿਰਾਜੀ ਸੁਰਤ ਦੁਖਾਂ ਤੋਂ ਅਹਿਲ ਭਾਵੇਂ ਸਥਰ ਤੇ ਸਰੀਰ ਸੱਟੀ ਪਈ ਹੈ, ਪਰ ਆਪ ਉਚੇ ਭਵਨ ਵਿਚ ਬਿਰਾਜਮਾਨ ਹਨ।
ਦੇਖੋ ! ਪਿਆਰੀ ਸੂਰਤ ਜਾਗਦੀ ਹੈ, ਹੁਣ ਹਿੰਦੂਆਂ ਤੇ ਸਿੱਖਾਂ ਨੂੰ ਜਿਨ੍ਹਾਂ ਨੂੰ ਬਚਾ ਰਹੀ ਹੈ, ਟੋਲ ਨਹੀਂ ਰਹੀ । ਕੁਦਰਤ ਵੈਰੀਆਂ ਨੂੰ ਸੱਜਨ ਬਨਾਂਦੀ ਹੈ, ਆਪ ਖਿਦਰਾਣੇ ਦੇ ਛੰਭ ਤੱਕ ਇਨ੍ਹਾਂ ਹੀ ਲੋਕਾਂ ਦੇ ਪਿਆਰ ਨਾਲ ਅਪੜਦੇ ਹਨ। ਹੁਣ ਪੁਛੋ, ਆਓ ਅਰਜ਼ ਕਰੀਏ 'ਹੇ ਸਤਗੁਰ ਹਿੰਦੂਆਂ ਤੇਰੇ ਨਾਲ ਦਗਾ ਕੀਤਾ, ਮੁਗਲਾਂ ਤੇਰੇ ਨਾਲ ਮੱਥਾ ਲਾਕੇ ਜ਼ੁਲਮ ਕਮਾਏ, ਸਿੱਖਾਂ ਨੇ ਅੰਗ ਨਾ ਪਾਲੇ ਬੇ ਮੁਖਾਈ ਕੀਤੀ, ਏਹ ਬਖੇੜੇ ਛੱਡ ਕੇ ਹੁਣ ਤੂੰ ਕੋਈ ਮੌਜ ਕਰ' ਸੁਣੋ ਪਿਆਰਿਓ ਕਵਲਾਂ ਤੋਂ ਸੁੰਦਰ ਮੁਖੜਾ ਕੀਹ ਆਖਦਾ ਹੈ:-
"ਆਯਾ ਹਾਂ ਪਯਾਰ ਕਰਨੇ, ਕਰਸਾਂ ਪਿਆਰ ਕਰਸਾਂ ।
ਜੀਵਾਂ ਏ ਪ੍ਰੇਮ ਜੀਵਨ, ਵਿੱਚ ਪਿਆਰ ਟੁਰਸਾਂ,
ਕੋਈ ਜੇ ਵੈਰ ਕਰਦਾ, ਉਸਤੇ ਤਰਸ ਮੈਂ ਖਾਵਾਂ,
ਵੈਰੀ ਨੂੰ ਪਯਾਰ ਕਰਨਾ, ਕਰਦਾ ਨਾ ਪਯਾਰ ਰੁਕਸਾਂ ।
ਕੋਈ ਨਾ ਓਪਰਾ ਹੈ, ਵੈਰੀ ਨਾ ਕੋਈ ਮੈਨੂੰ,
ਕੀਤੀ ਬਦੀ ਕਿਸੇ ਦੀ, ਹਿਰਦੇ ਕਦੀ ਨਾ ਧਰਸਾਂ।
ਕਰਕੇ ਪਿਆਰ ਦੱਸਾਂ, ਕਰਨਾ ਮੈਂ ਹਿਤ ਸਿਖਾਵਾਂ,
ਮੁਰਦੇ ਜਿਵਾਇ ਦੇਸਾਂ, ਜੀਵਨ ਪਰੇਮ ਭਰਸਾਂ''।