

ਸੁਣੀਂ ਜੇ ਪਿਆਰੇ ਦੀ ਸੱਦ, ਕੀਹ ਆਖਦੇ ਹਨ ? ਅੱਕੇ ਨਹੀ, ਥੱਕੇ ਨਹੀਂ, ਦਗ਼ਾ ਦੇਣ ਵਾਲੇ ਆਪਣਿਆਂ ਦੀ ਕਰਤੂਤ ਤੋਂ ਨਹੀਂ ਡੋਲੇ, ਜਿਨ੍ਹਾਂ ਦੁਖੀਆਂ ਨੂੰ ਦੁਖ ਛੁਡਾਇਆ ਉਨ੍ਹਾਂ ਦੀ ਬੇਈਮਾਨੀ ਤੋਂ ਨਹੀਂ ਘਬਰਾਏ, ਵੈਰੀਆਂ ਦੇ ਜ਼ੁਲਮ ਤੋ ਨਹੀ ਅਕੁਲਾਏ, ਉਸੇ ਅਪਨੇ ਕੰਮ ਲਈ ਤੁਲੇ ਖੜੇ ਹਨ ਕਿ ਜਿਸ ਲਈ ਆਏ ਸਨ। ਅਪਰਾਧ ਨਹੀਂ ਵਿਚਾਰ ਰਹੇ, ਪਰ ਖਿਮਾਂ ਵਿਚ ਖੜੇ ਹਨ। ਚੜ੍ਹਦੀਆਂ ਕਲਾਂ ਦੀ ਅਟਾਰੀ ਤੇ ਸਦਾ ਰਹਣ ਵਾਲੇ ਕਦ ਡੋਲਦੇ ਹਨ, ਕਦ ਘਬਰਾਂਦੇ ਹਨ, ਕਦ ਵੈਰ ਨੂੰ ਵੈਰ ਨਾਲ ਧੋਂਦੇ ਹਨ, ਕਦ ਗੁਸੇ ਹੋਕੇ ਗਾਲਾਂ ਦੇਂਦੇ ਤੇ ਅਪਨੀ ਫੈਂਹਦੀ ਸੁਰਤ ਦਾ ਫੋਟੋ ਵੇਚਦੇ ਹਨ ? ਏਹ ਦਰਸ਼ਨ ਹੈ, ਦੇਖੋ ਕਿਸਤਰਾਂ ਵੈਰ ਕੀਤੇ ਗਏ, ਦਗੇ ਦਿਤੇ ਗਏ, ਸਤਾਏ ਤੇ ਦੁਖਾਏ ਗਏ, ਪਿਆਰੇ ਫੇਰ ਉਹੋ ਸਤ ਧਰਮ ਦੇ ਫੈਲਾਨ ਤੇ ਉਹੋ ਦੀਨ ਰਖਿਆ ਕਰਨ ਲਈ ਉਸੇ ਤਰ੍ਹਾਂ ਤਿਆਰ ਬਰ ਤਿਆਰ ਖੜੇ ਹਨ। ਅਗਲੇ ਹੀ ਦਿਨ ਮਾਫ ਕਰਦੇ ਤੇ ਫੇਰ ਜ਼ੁਲਮ ਦੀ ਆਈ ਹਨੇਰੀ ਨੂੰ ਖੰਡ ਖੰਡ ਕੇ ਟੁਟੀਆਂ ਮੇਲਦੇ ਤੇ ਬਖਸ਼ਦੇ ਹਨ। ਇਥੋਂ ਪਿਆਰੇ ਜੀ ਮਾਲਵੇ ਵਿਚ ਜਾਨ ਭਰਨ ਜਾਂਦੇ ਹਨ । ਡਲੇ ਵਰਗੇ ਨੂੰ ਉਸ ਜੀਵਨ ਦਾ ਨਜ਼ਾਰਾ ਦਿਖਾਲਦੇ ਹਨ ਜੋ ਸਤਕਾਰ, ਪਿਆਰ ਤੇ 'ਮੈਂ' ਨੂੰ ਕੱਟ ਕੇ ਪੈਦਾ ਕਰਦੇ ਹਨ, ਫੇਰ ਰਾਜਪੂਤਾਂ ਵਿਚ ਚੱਕਰ ਲਾਂਦੇ ਤੇ ਫੇਰ ਮਰਹਟਿਆਂ ਵਿਚ ਫੇਰਾ ਪਾਂਦੇ ਹਨ, ਦੋਹਾਂ ਵਿਚ ਧਰਮ ਜੀਵਨ ਦੀ ਰੌ ਜਾਰੀ ਕਰਨ ਤੋਂ ਪਹਿਲੇ ਇਕ ਜ਼ਾਲਮ ਹਥ ਉਨ੍ਹਾਂ ਦੇ ਵੱਸਣ ਵਾਲੇ ਮੰਦਰ ਨੂੰ ਚੋਭ ਦੇਂਦਾ ਹੈ, ਤੇ ਓਹ ਪਯਾਰੇ ਜ਼ਿੰਦਗੀ ਵਾਲਿਆਂ ਦਾ ਇਕ ਟੋਲਾ ਪੈਦਾ ਕਰਕੇ, ਜ਼ਿੰਦਗੀ ਦਾ ਬਾਗ ਲਗਾ ਕੇ ਆਪ ਪਿਆਰੇ ਦੇ ਸੱਟੇ ਪਰ ਟੁਰ ਜਾਂਦੇ ਹਨ। ਓਹ ਜੀਵਨ ਹਜ਼ਾਰਾਂ ਨੂੰ ਜਿੰਦ ਦੇਂਦਾ, ਕਾਯਾਂ ਪਲਟਦਾ ਤੇ ਜੁਗ ਜੁਗ ਜੀਵਨ ਸੋਤ ਬਨ ਕੇ ਸੰਸਾਰ ਵਿਚ ਲਹਰ ਪੈਂਦਾ ਹੈ, ਪਰ ਅਸੀ ਹਾਂ ਕਿ ਭੁਲ ਦੀ ਗੋਦ ਨਹੀਂ ਛਡਦੇ, ਅਸੀ ਹਾਂ ਕਿ ਅੱਜ ਉਸ ਪਵਿਤ੍ਰ ਦਿਹਾੜੇ ਦੀ ਯਾਦ ਲਈ ਕਠੇ ਹੋਏ ਇਕ ਵੇਰ ਬੀ ਪਿਆਰ ਦੇ ਵਲਵਲੇ ਨਾਲ ਨਹੀਂ ਭਰੇ ਜਾਂਦੇ ਅਰ ਬਿਰਹੋਂ ਸੁਲਤਾਨ ਦੇ ਪਰਤਾਪ ਨਾਲ ਇਕ ਅੰਝੂ ਭਰਕੇ ਨਹੀਂ ਆਖਦੇ ਕਿ ਹੇ ਪਿਆਰੇ ਬਖਸ਼ਿੰਦ ! ਸਾਨੂੰ ਭੁਲਿਆਂ ਤੇ ਹਉਮੈ ਭਰੇ ਤੇਰਿਆਂ ਨੂੰ ਮੱਤ ਦੇਹ, ਸੁਮੱਤ ਦੇਹ ਤੇ ਚਰਨੀ ਲਾ ਜੋ ਅੱਜ ਤੇਰੇ ਪਿਆਰੇ ਵਿਚ ਪਵਿਤ੍ਰ ਹੋਵੀਏ, ਏਕਾਗਰ ਚਿਤ ਹੋਵੀਏ, ਪ੍ਰੇਮ ਵਿਚ ਮੱਤੇ ਜਾਵੀਏ