

ਬੈਠੇ ਹਾਂ ਓਹ ਸਾਡਾ ਨਹੀਂ ਹੈ । ਅਸੀ ਉਸਦੇ ਨਿਕੰਮੇ ਹੋਣ ਨੂੰ ਸਮਝ ਚੁਕੇ ਹਾਂ, ਇਸ ਕਰਕੇ ਉਸ ਸਾਰੇ ਨੂੰ ਕੁਰਬਾਨ ਕਰਦਿਆਂ ਸਾਨੂੰ ਤੁਛ ਦੁਖ ਹੋਊ।
ਐਉ ਉਸ ਕਲਗੀਆਂ ਵਾਲੇ ਨੇ ਸੰਸਾਰ ਨੂੰ ਤਾਰ ਦਿਤਾ, ਭੁਲੇਵੇਂ ਤੋਂ ਕੱਢ ਕੇ ਅਸਲੇ ਤੇ ਪੱਕਿਆਂ ਕੀਤਾ ਤੇ ਅਗੋਂ ਸ਼੍ਰੇਣੀ ਤੋਰ ਦਿਤੀ ਕਿ ਇਹ ਕੰਮ ਸਦਾ ਹੁੰਦਾ ਹੀ ਰਹੇ । ਜੋ ਇਹ ਸਿਖਿਆ ਸਿਖ ਲਵੇ ਸੋ ਸਿੱਖ ਸਦਾਵੇ ਤੇ ਅੱਗੋਂ ਇਹ ਸਿਖਿਆ ਸਿਖਾਂਦਾ ਹੀ ਜਾਵੇ।
ਸੋ ਕਲਗੀਆਂ ਵਾਲੇ ਦੀ ਸਿਖੀ ਪ੍ਰੇਮ ਦੇ ਤਰੀਕੇ ਨਾਲ ਅਸਲੇ ਨੂੰ ਪਛਾਣਨਾ ਤੇ ਹੋਰਨਾਂ ਨੂੰ ਇਸ ਪਛਾਣ ਵਿਚ ਮਦਦ ਕਰਨੀ ਹੈ।
ਦੇਖੋ ਇਹ ਸਿੱਖੀ ਦਾ ਕੀ ਨਮੂਨਾ ਨਿਕਲਿਆ। ਖੁਸ਼, ਆਨੰਦ, ਨਿਰਭੈ, ਅਪਨੇ ਆਪ ਵਿਚ ਸਮਝਦਾਰ, ਭਰਮ ਤੋਂ ਪਾਰ ਆਦਮੀ ਦਿਸਣ ਲੱਗ ਪਏ। ਓਹ ਆਦਮੀ ਫੇਰ ਸੰਸਾਰ ਵਿਚ ਬੈਠੇ ਕੀਹ ਕਰ ਰਹੇ ਹਨ? ਕੋਈ ਕੀਰਤਨ ਸੁਣਾਕੇ ਚਿਤ ਪਿਆਰੇ ਵਲ ਲਾ ਰਿਹਾ ਹੈ, ਕੋਈ ਕਥਾ ਕਰਕੇ ਖਿਆਲ ਪਿਆਰੇ ਵਲ ਪੁਆ ਰਿਹਾ ਹੈ, ਕੋਈ ਯਤੀਮਾਂ ਦੀ ਬਾਹੁੜੀ ਕਰਕੇ ਪਿਆਰੇ ਦੇ ਪਿਆਰ ਦੀ ਵੰਨਗੀ ਦਿਖਾ ਰਿਹਾ ਹੈ, ਕੋਈ ਰੋਗੀ ਤੇ ਕਲੇਸ਼ਾਤਰ ਦੀ ਮਦਦ ਕਰਕੇ ਅਸਲੇ ਦਾ ਉਪਦੇਸ਼ ਕਰ ਰਿਹਾ ਹੈ। ਜਿੱਥੇ ਈਰਖਾ, ਡਾਹ, ਲੜਾਈ ਤੇ ਧੱਕਾ ਸੀ, ਓਥੇ ਪਿਆਰ ਦੇ ਫੁਹਾਰੇ ਛੁਡਾ ਰਿਹਾ ਹੈ, ਗੱਲ ਕੀ ਕਲਜੁਗ ਨੂੰ ਸਤਜੁਗ ਬਣਾ ਰਿਹਾ ਹੈ ।
ਅੱਜ ਉਸ ਪਿਆਰੇ ਦਾ ਗੁਰਪੁਰਬ ਹੈ ਜਿਸਨੂੰ ਪਿਆਰ ਨਾਲ 'ਕਲਗੀਆਂ ਵਾਲਾ' ਕਹਿਕੇ ਅਨੰਦ ਆਉਂਦਾ ਹੈ, ਓਹ ਸਾਨੂੰ ਮੁਰਦੇ ਤੋਂ ਜੀਊਂਦਾ ਕਰ ਗਿਆ ਹੈ। ਕੀ ਅਸੀ ਜਾਣਦੇ ਹਾਂ ? ਪਿਆਰੇ ਵਾਹਿਗੁਰੂ ਦੇ ਪਿਆਰ ਨਾਲ ਭਰੇ ਰਹਣਾ, ਦੁਪਰਿਆਰੇ ਸੰਸਾਰ ਦੇ ਬਿਨਸਨਹਾਰ ਨਕਸ਼ੇ ਵਿਚ ਫਨਾਹ ਦਾ ਰੰਗ ਵੇਖਦੇ ਰਹਿਣਾ ਪਰ ਵਿਚੇ ਬੈਠਕੇ ਅਸੰਗ ਰਹਿਣਾ ਤੇ ਸੁਖ ਦਾਤੇ ਬਣਨਾ, ਜੇ ਤਾਂ ਇਹ ਕੁਛ ਹੈ ਤਾਂ ਅਸੀਂ ਜੀਉਂਦੇ ਹਾਂ, ਨਹੀਂ ਤਾਂ ਉਸ 'ਜੀਅ ਕੇ ਦਾਤੇ' ਸਤਿਗੁਰੂ ਦੇ ਜੀਵਨ ਪਦ ਨੂੰ ਯਾਦ ਕਰਾਨ ਵਾਲੇ ਅੱਜ ਦੇ ਗੁਰਪੁਰਬ ਵਿਚ ਸਾਡਾ ਹਿਸਾ ਜੀਉਂਦਾ ਜਾਗਦਾ