ਤੇਰੇ ਚਰਨਾਂ ਸੰਦੀ ਆਸ ਹੈ,
ਇਕ ਪ੍ਰੇਮ ਤੇਰਾ ਮੈਂ ਪਾਲਿਆ,
ਹੁਣ ਆ ਮਿਲ ਕਲਗੀ ਵਾਲਿਆ !
ਕੋਈ ਰਖਦੇ ਹਿੰਮਤ ਤਾਣ ਹਨ,
ਕੋਈ ਬੰਨ੍ਹਦੇ ਦਾਵੇ ਮਾਣ ਹਨ,
ਮੇਰਾ ਸਭ ਕੁਝ ਬਿਰਹੋ ਜਾਲਿਆ,
ਹੁਣ ਆ ਮਿਲ ਕਲਗੀ ਵਾਲਿਆ !
ਕਈ ਜਨਮ ਗਏ ਤਰਸੋਂ ਦਿਆ,
ਗਿਆ ਏਹ ਬੀ ਸਿੱਕ ਸਿਕਦਿਆਂ,
ਏ ਹਰਾ ਜਨਮ ਗੁਆ ਲਿਆ,
ਹੁਣ ਆ ਮਿਲ ਕਲਗੀ ਵਾਲਿਆ ।
ਮੁਕ ਚਲਿਆ ਏਹ ਬੀ ਸਾਲ ਹੈ,
ਅੱਜ ਪੂਰਬੀ ਵਾਲਾ ਕਾਲ ਹੈ,
ਪਾ ਖੈਰ ਖੁਲ੍ਹੇ ਦਿਲ ਵਾਲਿਆ ।
ਹੁਣ ਆ ਮਿਲ ਕਲਗੀ ਵਾਲਿਆ ।
ਮੈਂ ਦੋਲਤ ਮਾਲ ਨਾਂ ਮੰਗਦੀ,
ਮੈਂ ਮੰਗਣੋਂ ਮੂਲੋਂ ਸੰਗਦੀ।
ਦੇਹ ਦਰਸ ਦਇਆ ਦੇ ਆਲਿਆ,
ਹੁਣ ਆ ਮਿਲ ਕਲਗੀ ਵਾਲਿਆ।
ਰੰਗ ਰੰਗ ਖੁਸ਼ੀ ਹੈ ਸੋਹ ਰਹੀ,
ਗੁਰ ਪੁਰਬ ਮੌਜ ਹੈ ਹੋ ਰਹੀ ।
ਕਰ ਬਖਤ ਮੇਰੇ ਬੀ ਸਾਲਿਆ *
ਹੁਣ ਆ ਮਿਲ ਕਲਗੀ ਵਾਲਿਆ।
* ਮੇਰੇ ਕਰਮਾਂ ਨੂੰ ਨੇਕ ਕਰ ਦੇਹ।