

ਇਸ ਸਚੇ ਪ੍ਰੇਮੀ, ਪ੍ਰੇਮ ਮੰਡਲ ਦੇ ਸੱਚੇ ਆਪਾ ਵਾਰਨ ਵਾਲੇ ਬੁਧੂ ਸ਼ਾਹ ਦੀਆਂ ਪਹਲੇ ਦਿਨੀਂ ਲਗੀਆਂ ਸਿੱਕਾਂ, ਸੱਧਰਾਂ ਤੇ ਬਿਰਿਹਾਂ ਦਾ ਇਕ ਵੰਨਗੀ ਮਾਤ੍ਰ ਦਰਸ਼ਨ ਹੇਠਲੀਆਂ ਸਤਰਾਂ ਵਿਚ ਵਰਣਤ ਹੈ :-
(ਰਾਗ ਭੈਰਵੀ ਤਾਰ ੩)
ਦਯਾ ਮਯ ਕਲਗੀਆਂ ਵਾਲੇ । ਕਦੋਂ ਦਰਸ਼ਨ ਦਿਖਾਵੋਗੇ ?
ਕ੍ਰਿਪਾ ਦੇ ਮੇਘ ਬਰਸਾ ਕੇ ਤਪਤ ਮਨ ਦੀ ਬੁਝਾਵੋਗੇ ?
ਮੈਂ ਅਪਨੇ ਆਪ ਤੋ ਭੁੱਲਾ ਅਧਮਤਾ ਮੌਤ ਮਰਦਾ ਹਾਂ,
ਕਦੋਂ ਦੇ ਆਤਮਾ ਜੀਵਨ, ਕਲੇਸ਼ਾਂ ਤੋਂ ਬਚਾਵੋਗੇ ?
ਵਿਛੁੜ ਕੇ ਮੂਲ ਤੋਂ ਸ੍ਵਾਮੀ ਅਨੇਕਾਂ ਚੁਭ ਚੁਕੇ ਕੰਟਕ,
ਹਿਰਦੇ ਦਾ ਸੂਲ ਕਰ ਨਿਰਪੂਲ ਕਦ ਚਰਨੀਂ ਲਗਾਵੋਗੇ ?
ਸਹਾਰਾ ਆਜਜ਼ਾਂ ਦਾ ਤਾਂ ਦਿਲਾਸਾ ਆਪ ਦਾ ਹੀ ਹੈ,
ਬਚਾਂਗਾ ਜੇ ਬਚਾਵੋਗੇ, ਜਿਆਂਗਾ ਜੇ ਜਿਵਾਵੋਗੇ ?
ਜੇ ਮੇਰੇ ਕਰਮ ਦੇਖੋਗੇ ਤਾਂ ਮੁਸ਼ਕਲ ਫਿਰ ਟਿਕਾਣਾ ਹੈ,
ਦਯਾ ਸਿੰਧੂ ਕਹੀਦੇ ਹੋ ਦਯਾ ਕਰ ਹੀ ਤਰਾਵੋਗੇ ।
ਕਪੁਤਰ ਪੁਤ੍ਰ ਭੀ ਹੋਵਨ; ਕੁਮਾਪੇ ਹੋਣ ਨਹਿੰ ਮਾਪੇ,
ਬਿਰਦ ਦੀ ਲਾਜ ਰੱਖਣ ਨੂੰ ਮੇਰੇ ਔਗੁਣ ਭੁਲਾਵੋਗੇ ।
ਅਨੇਕਾਂ ਜਿਸ ਤਰਾਂ ਪਿਆਰੇ, ਕਰਾਏ ਮੁਕਤ ਅਪਨਾ ਕੇ,
ਤਿਵੇਂ ਮੈਂ ਨੀਚ ਨੂੰ ਭੀ ਕਯਾ ਨ ਬਾਹੋਂ ਫੜ ਲੰਘਾਵੋਗੇ ?
ਖੁਲਾ ਹੈ ਦ੍ਵਾਰ ਮੁਕਤੀ ਦਾ ਸੁਕਰਮਾਂ ਵਾਲਿਆਂ ਹਿਤ ਤਾਂ,
ਮੇਰੇ ਜੈਸੇ ਹੀ ਪਾਪੀ ਜਨ ਬਚਾ ਕੇ ਨਾਮ ਪਾਵੋਗੇ ।
ਦਲੀਜੀ ਆਣ ਡਿੱਗਾ ਹਾਂ, ਕ੍ਰਿਪਾ ਦਾ ਖੈਰ ਪੈ ਜਾਵੇ,
ਜਿਹੜੇ ਰਸਤੇ ਮਿਲੇ ਢੋਈ ਤਿਵੇਂ ਹੀ ਤਰਸ ਖਾਵੋਗੇ ।
ਮੈਂ ਅਪਨਾ 'ਆਪ ਨੂੰ' ਲਖਕੇ ਨਿਮਾਣਾਂ ਆਸ ਕਿਉਂ ਢਾਵਾਂ,
ਭਰੋਸਾ ਹੈ ਇਹੋ ਪਯਾਰੇ ! ਕਦੇ ਨਾਂ ਮਾਣ ਢਾਵੋਗੇ ।