

ਅਪਰਾਧੀ ਅੱਜ ਬਖਸ਼ੇ ਜਾਣ, ਵਿਛੁੜੇ ਅੱਜ ਮਿਲ ਪੈਣ, ਗੁਰਪੁਰਬ ਹੈ ਤਾਂ ਇਹ ਹੈ। ਜੇ ਅਸੀਂ ਸਤਗੁਰ ਤੋਂ ਵਿਛੁੜੇ ਰਹਿੰਦੇ ਹਾਂ, ਤਾਂ ਅੱਜ ਦਾ ਦਿਨ ਯਾਦ ਕਰਾਂਦਾ ਹੈ ਕਿ ਸਤਗੁਰ ਨੇ ਆਕੇ ਸਾਨੂੰ ਮੇਲ ਲਿਆ ਸੀ । ਅੱਜ ਅਸੀ ਸਤਗੁਰ ਨੂੰ ਮਿਲੀਏ, ਅੱਜ ਰਸਤੇ ਸਿਰ ਆਈਏ, ਅੱਜ ਸਾਡੇ ਜੀਵਨ ਪਲਟੇ ਦਾ ਮੁਢ ਦਿਨ ਹੋਵੇ । ਜੇ ਅਸੀ ਮਿਲੇ ਹਾਂ ਤਾਂ ਅੱਜ ਪਿਆਰੇ ਦੇ ਰੰਗ ਵਿੱਚ ਸਮਾਏ ਜਾਣ ਦਾ ਰਸ ਦਾਤਾ ਦਿਨ ਹੈ । ਪਯਾਰਿਓ । ਸਾਡਾ ਗੁਰਪੁਰਬ ਗੁਰੂ ਦੀ ਖੁਸ਼ੀ ਦਾ ਦਿਨ ਹੋਵੇ । ਗੁਰੂ ਹੀਨ ਤੇ ਸਾਹਬ ਹੀਨ ਦਿਲਾਂ ਵਾਂਙੂ ਸਾਡੀ ਖੁਸ਼ੀ ਬੇਮੁਹਾਰ ਮਨ ਦੀ ਖੁਸ਼ੀ ਨਾਂ ਹੋਵੇ ਜਿਸਦਾ ਅੰਤ ਚਿੰਤਾ ਅਰ ਸ਼ੋਕ ਹੁੰਦਾ ਹੈ।
ਆਓ ਗੁਰਪੁਰਬ ਮਨਾਈਏ, ਕੀਹ ਕਰੀਏ ? ਗੁਰੂ ਬਾਵਨ ਚੰਦਨ ਦੀ ਖੁਸ਼ਬੂ ਨਾਲ ਮਹਿਕ ਕੇ ਓਹ ਲਪਟਾ ਛੱਡੀਏ ਕਿ ਓਹ ਬੀ ਚੰਦਨ ਹੋ ਜਾਣ ਜੋ ਸਾਡੇ ਲਾਗੇ ਵਸਦੇ ਹਨ।
੨. ਕਲਗੀਆਂ ਵਾਲੇ ਦਾ ਹੁਕਮ
ਇਕ ਦਿਹਾੜੇ ਕਲਗੀਆਂ ਵਾਲੇ, ਪ੍ਰੀਤਮ ਪਾਸ ਲਿਆਯਾ,
ਇਕ ਪ੍ਰੇਮੀ ਸੁੰਦਰ ਜੋੜਾ, ਅਤਲਸ਼ ਨਾਲ ਬਨਾਯਾ ।
ਪਹਿਨਗੁਰੂ ਜੀ ਚਲੇ ਕੇਸਗੜ੍ਹ, ਰਸਤੇ ਵਿਚ ਸਿੰਘ ਪਯਾਰਾ
ਜਿਸਦਾ ਨਾਮ ਨੰਦ ਸਿੰਘ ਸੋਹਣਾ, ਲਿੰਬਦਾ ਕੰਧਾਂ ਗਾਰਾ ।
ਛਿੱਟ ਉਡੀ ਗਾਰੇ ਦੀ ਮੈਲੀ, ਪਰ ਸਤਗੁਰ ਨੂੰ ਸਿਕਦੀ,
ਪਈ ਕੱਪੜੇ ਅਤਲਸ ਉੱਤੇ, ਪਈ ਸੁ ਜਿੱਥੇ ਟਿਕਦੀ ।
ਦੇਖ ਗੁਰੂ ਨੇ ਸਾਥੀਆਂ ਵੰਨੇ, ਸਹਿਜੇ ਹੁਕਮ ਸੁਣਾਯਾ
'ਇਕ ਚਪੇੜ ਏਸਨੂੰ ਮਾਰੋ', ਸੁਣ ਸਭ ਹੁਕਮ ਕਮਾਯਾ ।
ਇਕ ਇਕ ਨੇ ਇਕ ਇਕ ਚੁਕ ਧੱਪਾ, ਸਿੰਘ ਪਯਾਰੇ ਲਾਯਾ ।
ਉਸਨੇ ਸ਼ੁਕਰ ਗੁਰੂ ਦਾ ਕੀਤਾ, 'ਮੈਂ ਚੇਤੇ ਹਾਂ ਆਯਾ,
ਮਿੱਠਾ ਲੱਗੇ ਜੇ ਗੁਰ ਝਿੜਕੇ, ਬਖਸ਼ੇ ਉਸ ਦੀ ਦਾਯਾ,