

'ਕਾਜ ਰਚਾਈ ਏ ਸਤਗੁਰ ਸੁਆਮੀ, ਅਪਨੇ ਲਿਖੇ ਵਿਚਾਓ,
'ਧੁਰ ਸੈਂ ਤਾਂ ਲਿਖਦਾ ਤੂੰ ਸੈਂ, ਏਥੇ ਵਾਚ ਪੁਗਾਓ।
'ਜੋ ਵਾਚਯਾ ਸੋ ਤੇਰਾ ਅਪਨਾ, ਧੁਰ ਦਾ ਲੇਖ ਲਿਖਾਯਾ,
'ਓਸ ਲੇਖ ਨੂੰ ਆਪ ਬੈਠਕੇ, ਚਹੀਏ ਸਿਰੇ ਚੜ੍ਹਾਯਾ ।
'ਜਿਉ ਰਜ਼ਾਇ ਰਾਵਰ ਦੀ ਹੋਵੇ, ਤਿਵੇਂ ਮਨਾਓ ਪਯਾਰੇ,
"ਮੈਂ" ਸਾਡੀ ਤੇਰੀ ਹੀ ਹੋਵੇ, ਅਸੀਂ ਗਰਕ ਚਰਨਾਰੇ ।'
ਸੁਣ ਸਿੱਖੀ, ਸੁਣ ਪਯਾਰੀ ਬਾਣੀ, ਸੁਣ ਸਿਦਕਾਂ ਦੀ ਬੋਲੀ,
ਸਤਗੁਰ ਨੈਣ ਭਰੇ, ਢਲਿ ਮੋਤੀ, ਹੀਰਿਓ ਮਹਿੰਗੇ ਤੋਲੀ ।
ਗਲ ਲਾਯਾ ਤੇ ਮੁਖੋਂ ਅਲਾਯਾ, ਧੰਨਸਿੱਖੀ ਸਿਖ ਪਯਾਰੇ,
ਪ੍ਰਭੂ ਰੂਪ ਵਿਚ ਵਾਸਾ ਹੋਇਆ, ਪਰਮੇਸ਼ੁਰ ਦੇ ਸੁਆਰੇ ।
ਬੇਟੀ ਤੇਰੀ, ਬੇਟੀ ਸਾਡੀ, ਵਰ ਇਹ ਧੁਰੋ ਸੰਜੋਗੀ,
ਕਾਜ ਕਰਾਂਗੇ ਹੁਣੇ ਅਸੀਂ ਹੀ, ਦੇਖੇਗੀ ਸਭ ਲੋਗੀ।
ਓਹਨੀ ਕਦਮੀ ਮੁੜੇ ਗੁਰੂ ਜੀ, ਡੇਰੇ ਨੂੰ ਚਲ ਆਏ,
ਹੁਕਮ ਹੋ ਗਿਆ ਉਸ ਖਿਨ ਅੰਦਰ, ਲੱਗ ਦਿਵਾਨ ਸਭ ਜਾਏ ।
ਅਜਬ ਸਿੰਘ ਦੀ ਸੁਤਾ ਗੁਰੂ ਨੇ, ਅਪਨੀ ਗੋਦੀ ਪਾਈ,
ਜੀਤੋ ਜੀ ਬੇਟੀ ਉ ਸ ਕਹਿਕੇ, ਵਿੱਚ ਦਿਵਾਨ ਲਿਆਈ।
ਨੰਦ ਸਿੰਘ ਦਾ ਆਨੰਦ ਹੋਇਆ, ਘਰ ਘਰ ਵਜੇ ਵਧਾਈ,
ਕੀਰਤ ਗੁਰ ਦੀ ਚਹੁ ਦਿਸ ਫੈਲੀ, ਚੋਜੀ ਬੜੇ ਗੁਸਾਈ ।
ਅਜਬ ਸਿੰਘ ਪੂਰੇ ਪਦ ਪਹੁੰਚਾ, ਸਹਜ ਪਰੀਤ ਲਗਾਈ,
ਸਹਜ ਅਰੂਫ ਪ੍ਰਭੂ ਵਿਚ ਪਹੁੰਚਾ, ਨਦਰੀ ਨਦਰ ਮਿਲਾਈ ।
ਨੰਦ ਸਿੰਘ ਪਯਾਰਾ ਸਿੰਘ ਹੋਇਆ, ਸਿੱਖੀ ਏਸ ਕਮਾਈ,
ਵਾਰ ਦਈ ਜਿੰਦੜੀ ਵਿਚ ਸੇਵਾ, ਪ੍ਰਭ ਵਿਚ ਅੰਤ ਸਮਾਈ।
ਬੇਟੀ ਤੇਰੀ ਗੁਰ ਨੇ ਬਖਸ਼ੀ, ਉਸ ਉਹ ਕਾਰ ਕਰਾਈ,
ਵਿਰਲੀ ਕਿਸੇ ਸਿਘ ਦੀ ਕੀਤੀ, ਭਵ ਸਾਗਰ ਤਰ ਜਾਈ।