

३ ਆ ਮਿਲ
ਆ ਮਿਲ ਕਲਗੀ ਵਾਲੇ ਪ੍ਰੀਤਮ! ਤੈਂ ਬਿਨਖ ਰੀ ਨਿਮਾਨੀ ਹਾਂ,
ਵੇਦਨ ਦਿਲ ਦੀ ਹੋਰ ਨ ਜਾਣੇ, ਅਪਨੇ ਦੇਸ ਬਿਗਾਨੀ ਹਾਂ।
ਮੈਂ ਤੇਰੀ, ਤੂੰ ਮੇਰਾ ਸਾਈਆਂ, ਤੂੰ ਮੇਰਾ ਮੈਂ ਤੇਰੀ ਹਾਂ,
ਤੇਰੀ ਆਸ ਭਰੋਸਾ ਤੇਰਾ, ਤੈਂ ਪਰ ਟੇਕ ਟਿਕਾਨੀ ਹਾਂ ।
ਮੰਦੀ, ਮਾੜੀ ਅੰਗੁੜ ਹਾਰੀ ਤੇਰੀ ਹਾਂ ਪਰ ਤੇਰੀ ਹਾਂ,
ਤੈਂ ਬਿਨ ਹੋਰ ਹਨੇਰਾ ਸਾਰੇ ਤੇਰੀ ਭਾਲ ਕਰਾਨੀ ਹਾਂ ।
ਖਲੀ ਤਕਾਵਾਂ ਵਾਟਾਂ ਪ੍ਰੀਤਮ ! ਦੇ ਝਲਕਾ ਜਿਸ ਰਾਹ ਗਏ,
ਹੁਣ ਆਵੇ ਹੁਣ ਕਲਗੀ ਵਾਲਾ, ਵਿੱਚ ਉਡੀਕ ਉਡਾਨੀ ਹਾਂ ।
ਰੋ ਰੋ ਯਾਦ ਕਰਾਂ ਹਰ ਵੇਲੇ, ਯਾਦ ਕਰੇ ਕਰ ਰੋਵਾਂ ਮੈਂ,
ਵੇਖਣ ਸਹੀਆਂ ਮਾਰਨ ਤਾਨ੍ਹੇ, ਬਿਹਬਲ ਹੋ ਹੋ ਜਾਨੀ ਹਾਂ ।
ਵਾਂਙ ਸੁਦਾਈਆਂ ਫਿਰਾਂ ਕੂਕਦੀ ਬਨ ਬੇਲੇ ਥਲ ਢੂੰਡਾਂ ਮੈਂ,
ਘਰ ਬੈਠੀ ਨਿਤ ਤੱਕਾਂ ਬੂਹੇ, ਕਾਵਾਂ ਪਈ ਉਡਾਨੀ ਹਾਂ ।
ਕੇਹੀ ਚਾਟ ਹਿਜਰ ਦੀ ਲੱਗੀ, ਸੁਕ ਸੁਕ ਪਿੰਜਰ ਹੋਈ ਹਾਂ,
ਚਾਏ ਦਰਸ ਦੀ ਵਧੀ ਪਯਾਰੇ, ਆਪਾ ਆਪ ਖੁਆਨੀ ਹਾਂ ।
ਰੂਪ ਨਾ ਚੱਜ ਨ ਗੁਣ ਹਨ ਪੱਲੇ, ਮਾਨ ਕਰਨ ਨਹੀਂ ਜੋਗੀ ਮੈਂ,
ਬਿਰਹੋ ਸਾਂਗ ਸਹਿਣ ਨਹੀ ਜੋਗੀ, ਅੱਲ੍ਹੜ ਅਤੇ ਅਯਾਨੀ ਹਾਂ ।
ਕਰ ਦੇ ਮੇਹਰ ਬਿਰਦ ਦੇ ਬਦਲੇ, ਮੈਂ ਪੱਲੇ ਕੁਈ ਰਾਸ ਨਹੀਂ,
ਦੁਆਰੇ ਆਸ ਮੱਲ ਕੇ ਬੈਠੀ, ਬਖਸ਼ਸ਼ ਪਈ ਤਕਾਨੀ ਹਾਂ ।
ਇੱਕੋ ਖੈਰ ਦਰਸ ਦੀ ਮੰਗਾਂ, ਜਨਮ ਜਨਮ ਤੋਂ ਮੰਗ ਰਹੀ,
ਦੁਆਰੇ ਦੁਆਰ ਡੋਲਦੀ ਆਈ ਫਿਰ ਫਿਰ ਬਹੁਤ ਬਕਾਨੀ ਹਾਂ ।
ਪਾ ਫੇਰਾ, ਇਕ ਦੇ ਜਾ ਝਾਕਾ, ਮੈਂ ਅੰਦਰ ਇਕ ਸਿੱਕ ਭਰੀ,
ਸਿੱਕ ਬਿਨਾਂ ਹੋ ਪ੍ਰੀਤਮ ਤੇਰੀ, ਦਿਲ ਡੇਰੇ ਸਭ ਢਾਨੀ ਹਾਂ ।