

੬. ਅੱਖ ਪਹਿਲੇ ਕਿ ਦਿਦਾਰ ?
ਆ ਪੁਛਦੇ ਲੋਕ ਦਿਵਾਨੀ ਨੂੰ,
ਮੈਂ ਦੁਨੀਆਂ ਰਾਹ ਭੁਲਾਨੀ ਨੂੰ,
ਨਿਤ ਆਨੇ ਵਿਚ ਮਸਤਾਨੀ ਨੂੰ,
ਉਹ ਕਲਗੀਆਂ ਵਾਲਾ ਦੱਸ ਕੁੜੇ ।
ਕੋਈ ਸਾਨੂੰ ਪਵੇ ਰਹੱਸ ਕੁੜੇ ॥੧॥
ਅਸੀ ਸੁਣਿਆਂ ਪ੍ਰੀਤਮ ਸੋਹਣਾ ਹੈ.
ਸੁਖ ਦੇਣਾ ਤੇ ਦੁਖ ਮੋਹਣਾ ਹੈ,
ਅਤ ਮਿੱਠਾ ਤੇ ਮਨ ਮੋਹਣਾ ਹੈ,
ਪਾ ਖੈਰ ਦਰਸ ਦੀ ਅਸਾਂ ਕੁੜੇ ।
ਤੈਂ ਦੁਆਰੇ ਬੈਠੇ ਆਨ ਥੁੜੇ ॥੨॥
ਇਕ ਤਲਬ ਦੀਦਾਰ ਦੁਲਾਰੇ ਦੀ,
ਉਸ ਕਲਗੀਆਂ ਵਾਲੇ ਪਯਾਰੇ ਦੀ,
ਹੈ ਖਿੱਚ ਪਈ ਰੁਖ ਨਿਆਰੇ ਦੀ,
ਹੋ ਜਾਵੇ ਅਸਾਂ ਦਿਦਾਰ ਕੁੜੇ ।
ਕਰ ਸਾਡੇ ਤੇ ਉਪਕਾਰ ਕੁੜੇ ॥੩॥
ਕੁਈ ਹੋਰ ਸੁਆਲ ਨਹੀਂ ਪਾਣਾ ਹੈ,
ਮੁੜ ਮੁੜ ਕੇ ਨਹੀਂ ਅਕਾਣਾ ਹੈ,
ਇਕ ਝਾਕਾ ਲੈ ਠਰ ਜਾਣਾ ਹੈ,
ਤੁਧ ਡਿੱਠਾ ਅਸਾਂ ਦਿਖਾਲ ਕੁੜੇ ।